ਬੰਦੀ ਸਿੰਘਾਂ ਦੀ ਰਿਹਾਈ ਲਈ ਮੋਮਬੱਤੀ ਮਾਰਚ

ਬੰਦੀ ਸਿੰਘਾਂ ਦੀ ਰਿਹਾਈ ਲਈ ਮੋਮਬੱਤੀ ਮਾਰਚ

ਅੰਮ੍ਰਿਤਸਰ- ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਮਨੁੱਖੀ ਅਧਿਕਾਰ ਸੰਗਠਨ ਤੇ ਹੋਰ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਅੱਜ ਇੱਥੇ ਮੋਮਬੱਤੀ ਮਾਰਚ ਕੀਤਾ ਗਿਆ ਅਤੇ ਅਕਾਲ ਤਖ਼ਤ ਵਿਚ ਇਸ ਸਬੰਧ ਵਿਚ ਅਰਦਾਸ ਕੀਤੀ ਗਈ ਹੈ।

ਇਹ ਮਾਰਚ ਇੱਥੇ ਵਿਰਾਸਤੀ ਮਾਰਗ ਤੋਂ ਆਰੰਭ ਹੋਇਆ ਅਤੇ ਦਰਬਾਰ ਸਾਹਿਬ ਕੰਪਲੈਕਸ ਵਿਖੇ ਪੁੱਜ ਕੇ ਸਮਾਪਤ ਹੋਇਆ, ਜਿੱਥੇ ਇਸ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ।

ਮਨੁੱਖੀ ਅਧਿਕਾਰ ਸੰਗਠਨ ਜਥੇਬੰਦੀ ਦੀ ਆਗੂ ਜਸਵਿੰਦਰ ਕੌਰ ਸੋਹਲ ਨੇ ਦੱਸਿਆ ਕਿ ਇਹ ਮੋਮਬੱਤੀ ਮਾਰਚ ਰਾਹੀਂ ਘੂਕ ਹਨੇਰੇ ’ਚ ਸੁੱਤੀਆਂ ਸਰਕਾਰਾਂ ਨੂੰ ਚਾਨਣ ਕਰਵਾਉਣ ਲਈ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਨੂੰ ਸਮਰਪਤ ਇਹ ਮਾਰਚ ਹੋਰ ਸ਼ਹਿਰਾਂ ਵਿੱਚ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਜੇਲ੍ਹਾਂ ਵਿੱਚ ਲਗਾਤਾਰ ਬੰਦ ਰੱਖਣਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਵੀ ਮਾਮਲਾ ਹੈ। ਮੋਮਬੱਤੀ ਮਾਰਚ ਵਿਚ ਸ਼ਾਮਲ ਕਾਰਕੁਨਾਂ ਵੱਲੋਂ ਬੈਨਰ, ਤਖ਼ਤੀਆਂ ਤੇ ਜਗਦੀਆਂ ਮੋਮਬੱਤੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਬੁਲਾਰਿਆਂ ਨੇ ਆਖਿਆ ਕਿ ਇਹ ਮਾਮਲਾ ਸਿਰਫ਼ ਸਿੱਖਾਂ ਦਾ ਨਹੀਂ ਸਗੋਂ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦਾ ਵੀ ਹੈ। ਵੱਖ ਵੱਖ ਸੰਗਠਨਾਂ ਦੇ ਕਾਰਕੁਨ ਸੁੱਤੀਆਂ ਸਰਕਾਰਾਂ ਨੂੰ ਜਗਾਉਣ ਦਾ ਯਤਨ ਕਰ ਰਹੇ ਹਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਬਿਜੈ ਸਿੰਘ, ਅੰਮ੍ਰਿਤਸਰ ਧਾਰਮਿਕ ਮੰਚ ਦੇ ਰਜਿੰਦਰ ਸਿੰਘ ਮਰਵਾਹ ਆਦਿ ਵੀ ਸ਼ਾਮਲ ਸਨ।