ਅਕਾਲ ਤਖ਼ਤ ਨੂੰ ਵੋਟਾਂ ਵਾਲੇ ਪ੍ਰਬੰਧ ਤੋਂ ਮੁਕਤ ਕਰਵਾਉਣ ਬਾਰੇ ਗੋਸ਼ਟੀ

ਅਕਾਲ ਤਖ਼ਤ ਨੂੰ ਵੋਟਾਂ ਵਾਲੇ ਪ੍ਰਬੰਧ ਤੋਂ ਮੁਕਤ ਕਰਵਾਉਣ ਬਾਰੇ ਗੋਸ਼ਟੀ

ਅੰਮ੍ਰਿਤਸਰ-ਗਰਮਖਿਆਲੀ ਜਥੇਬੰਦੀਆਂ ਦੇ ਕਾਰਕੁਨਾਂ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਨੂੰ ਵੋਟਾਂ ਵਾਲੀਆਂ ਸੰਸਥਾਵਾ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਦੇ ਮੁੱਦੇ ’ਤੇ ਸਥਾਨਕ ਰੇਲਵੇ ਕਲੋਨੀ ਦੇ ਗੁਰਦੁਆਰੇ ਵਿੱਚ ਇਕ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਸਬੰਧੀ ਸਿੱਖ ਆਗੂ ਭਾਈ ਦਲਜੀਤ ਸਿੰਘ ਬਿੱਟੂ ਨੇ ਆਖਿਆ ਕਿ ਅੱਜ ਦੀ ਵਿਚਾਰ ਗੋਸ਼ਟੀ ਵਿੱਚ ਸਿੱਖ ਬੁਲਾਰਿਆਂ ਵੱਲੋਂ ‘ਅਕਾਲੀ ਅਤੇ ਅਕਾਲ ਤਖ਼ਤ ਦੀ ਵਰਤਮਾਨ ਸਥਿਤੀ ਤੇ ਭਵਿੱਖ ਦਾ ਅਮਲ’ ਮੁੱਦੇ ’ਤੇ ਚਰਚਾ ਕੀਤੀ ਗਈ। ਬੁਲਾਰਿਆਂ ਵੱਲੋਂ ਸ੍ਰੀ ਅਕਾਲ ਤਖ਼ਤ ਨੂੰ ਵੋਟਾਂ ਵਾਲੇ ਪ੍ਰਬੰਧ ਤੋਂ ਮੁਕਤ ਕਰਵਾਉਣ, ਅਕਾਲ ਤਖ਼ਤ ਦੀ ਪ੍ਰਭੂਸੱਤਾ ਦੀ ਬਹਾਲੀ, ਗੁਰਦੁਆਰਾ ਪ੍ਰਬੰਧ ਵਿੱਚ ਲੋੜੀਂਦੇ ਸੁਧਾਰ ਅਤੇ ਖੇਤਰੀ ਰਾਜਨੀਤੀ ਦੇ ਹਾਲਾਤਾਂ ਅਨੁਸਾਰ ਰਾਜਸੀ ਪਹਿਲਕਦਮੀ ਬਾਰੇ ਵਿਚਾਰ ਪੇਸ਼ ਕੀਤੇ ਗਏ।

ਉਨ੍ਹਾਂ ਕਿਹਾ ਕਿ ਇਸ ਵੇਲੇ ਸੰਸਾਰ ਸਮੇਤ ਭਾਰਤੀ ਉਪ ਮਹਾਂਦੀਪ ਅਤੇ ਪੰਜਾਬ ਵਿੱਚ ਹਾਲਾਤ ਅਸਥਿਰਤਾ ਵੱਲ ਵਧ ਰਹੇ ਹਨ। ਸਿੱਖਾਂ ਵਿੱਚ ਆਪਸੀ ਸੰਵਾਦ ਵਾਸਤੇ ਕੋਈ ਭਰੋਸੇਯੋਗ ਕੇਂਦਰੀ ਧੁਰਾ ਨਹੀਂ ਰਿਹਾ ਹੈ, ਜਿਸ ਕਾਰਨ ਸਿੱਖ ਖਿੰਡ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿਚਾਰ ਗੋਸ਼ਟੀ ਇਸ ਲੜੀ ਦੀ ਪਹਿਲੀ ਵਿਚਾਰ ਚਰਚਾ ਹੈ, ਜਿਸ ਵਿੱਚ ਪੰਥਕ ਸੰਪਰਦਾਵਾਂ, ਸੰਸਥਾਵਾਂ ਅਤੇ ਸ਼ਖ਼ਸੀਅਤਾਂ ਨੂੰ ਨੇ ਸ਼ਮੂਲੀਅਤ ਕੀਤੀ ਹੈ। ਇਸ ਤੋਂ ਬਾਅਦ 14 ਨਵੰਬਰ ਨੂੰ ਸਿੱਖ ਪ੍ਰਚਾਰਕਾਂ ਨੂੰ ਵਿਚਾਰ ਗੋਸ਼ਟੀ ਦਾ ਸੱਦਾ ਦਿੱਤਾ ਗਿਆ ਹੈ, ਜਿਸ ਦਾ ਵਿਸ਼ਾ ਗੁਰਮਤਿ ਸੰਸਥਾ ਦੀ ਮੁੜ ਬਹਾਲੀ ਹੋਵੇਗਾ। ਅੱਜ ਦੀ ਇਸ ਵਿਚਾਰ ਗੋਸ਼ਟੀ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਬਾਬਾ ਮਾਨ ਸਿੰਘ, ਗਿਆਨੀ ਜਸਵੰਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਮੈਂਬਰ ਭਗਵੰਤ ਸਿੰਘ ਸਿਆਲਕਾ, ਸਿੱਖ ਕੌਂਸਲ ਤੋਂ ਗੁਰਪ੍ਰੀਤ ਸਿੰਘ ਗਲੋਬਲ, ਹਵਾਰਾ ਕਮੇਟੀ ਵੱਲੋਂ ਪ੍ਰੋ. ਬਲਜਿੰਦਰ ਸਿੰਘ ਤੇ ਬਾਪੂ ਗੁਰਚਰਨ ਸਿੰਘ, ਦਲ ਖ਼ਾਲਸਾ ਵੱਲੋਂ ਪਰਮਜੀਤ ਸਿੰਘ ਮੰਡ, ਅਖੰਡ ਕੀਰਤਨੀ ਜਥੇ ਵੱਲੋਂ ਭਾਈ ਬਖਸ਼ੀਸ਼ ਸਿੰਘ, ਦਮਦਮੀ ਟਕਸਾਲ ਵੱਲੋਂ ਗਿਆਨੀ ਅੰਗਰੇਜ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਵੱਲੋਂ ਸੁਖਵਿੰਦਰ ਸਿੰਘ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਕਾਰ ਸੇਵਾ ਸੰਪਰਦਾਵਾਂ ਵੱਲੋਂ ਬਾਬਾ ਸ਼ਿੰਦਰ ਸਿੰਘ, ਬਾਬਾ ਗੁਰਪ੍ਰੀਤ ਸਿੰਘ ਤੇ ਹੋਰਨਾਂ ਨੇ ਵਿਚਾਰ ਰੱਖੇ।