ਕੈਲੀਫੋਰਨੀਆ ਵਿਚ ਕਈ ਹੱਤਿਆਵਾਂ ਲਈ ਜਿੰਮੇਵਾਰ ਪਿਛਲੇ ਡੇਢ ਸਾਲ ਤੋਂ ਫਰਾਰ ਸ਼ੱਕੀ ਦੋਸ਼ੀ ਗਿ੍ਰਫਤਾਰ

ਕੈਲੀਫੋਰਨੀਆ ਵਿਚ ਕਈ ਹੱਤਿਆਵਾਂ ਲਈ ਜਿੰਮੇਵਾਰ ਪਿਛਲੇ ਡੇਢ ਸਾਲ ਤੋਂ ਫਰਾਰ ਸ਼ੱਕੀ ਦੋਸ਼ੀ ਗਿ੍ਰਫਤਾਰ

ਸੈਕਰਾਮੈਂਟੋ, (ਹੁਸਨ ਲੜੋਆ ਬੰਗਾ)- ਕੇਂਦਰੀ ਕੈਲੀਫੋਰਨੀਆ ਵਿਚ ਹੱਤਿਆਵਾਂ ਦੀਆਂ ਕਈ ਵਾਰਦਾਤਾਂ ਵਿਚ ਸ਼ਾਮਿਲ ਸ਼ੱਕੀ ਦੋਸ਼ੀ ਜਿਸ ਦੀ ਪਿਛਲੇ ਤਕਰੀਬਨ ਡੇਢ ਸਾਲ ਤੋਂ ਪੁਲਿਸ ਨੂੰ ਤਲਾਸ਼ ਸੀ, ਨੂੰ ਕਾਬੂ ਕਰ ਲਿਆ ਹੈ। ਸਟਾਕਟਨ ਦੇ ਪੁਲਿਸ ਮੁੱਖੀ ਸਟੇਨਲੇਅ ਮੈਕਫੇਡਨ ਨੇ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ੱਕੀ ਦੋਸ਼ੀ 43 ਸਾਲਾ ਵੈਸਲੇਅ ਬਰਾਊਨਲੀ ਦੀ ਪੁਲਿਸ ਨਿਰੰਤਰ ਭਾਲ ਕਰ ਰਹੀ ਸੀ। ਉਸ ਦੀਆਂ ਗਤੀਵਿਧੀਆਂ ਉਪਰ ਨਜਰ ਰਖੀ ਜਾ ਰਹੀ ਸੀ। ਲੰਘੇ ਦਿਨ ਦੁਪਹਿਰ ਤਕਰੀਬਨ 2 ਵਜੇ ਦੇ ਆਸਪਾਸ ਸਟਾਕਟਨ ਪੁਲਿਸ ਨੂੰ ਕਿਸੇ ਨੇ ਉਸ ਦੇ ਖੇਤਰ ਵਿਚ ਹੋਣ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਤੁਰੰਤ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਹਥਿਆਰ ਸਮੇਤ ਕਾਬੂ ਕਰ ਲਿਆ ਗਿਆ। ਪੁਲਿਸ ਮੁੱਖੀ ਅਨੁਸਾਰ ਜਿਸ ਸਮੇ ਉਸ ਨੂੰ ਹਿਰਾਸਤ ਵਿਚ ਲਿਆ ਉਸ ਸਮੇ ਵੀ ਉਹ ‘ਕਿਲਿੰਗ ਮਿਸ਼ਨ’ ਤੇ ਸੀ। ਉਨਾਂ ਕਿਹਾ ਕਿ ਅਸੀਂ ਉਸ ਨੂੰ ਗਿ੍ਰਫਤਾਰ ਕਰਕੇ ਹੋਰ ਜਾਨਾਂ ਬਚਾ ਲਈਆਂ ਹਨ। ਉਸ ਕੋਲੋਂ ਇਕ ਹੈਂਡਗੰਨ ਵੀ ਬਰਾਮਦ ਹੋਈ ਹੈ। ਪੁਲਿਸ ਅਨੁਸਾਰ ਵੈਸਲੇਅ ਬਰਾਊਨਲੀ ਦਾ ਹੱਤਿਆਵਾਂ ਕਰਨ ਦਾ ਲੰਬਾ ਰਿਕਾਰਡ ਹੈ। ਅਪ੍ਰੈਲ 2021 ਵਿਚ ਓਕਲੈਂਡ ਵਿਚ ਇਕ ਵਿਅਕਤੀ ਦੀ ਹੱਤਿਆ ਹੋਈ ਸੀ। ਇਸ ਦੇ ਕੁਝ ਦਿਨ ਬਾਅਦ ਸਟਾਕਟਨ ਵਿਚ ਇਕ 46 ਸਾਲਾ ਔਰਤ ਨੂੰ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ ਗਿਆ ਸੀ। ਇਸ ਦੇ ਇਕ ਸਾਲ ਬਾਅਦ ਗੋਲੀ ਚੱਲਣ ਦੀਆਂ ਕਈ ਘਟਨਾਵਾਂ ਵਾਪਰੀਆਂ ਜਿਨਾਂ ਵਿਚ ਕਈ ਜਾਨਾਂ ਗਈਆਂ। ਸਟਾਕਟਨ ਵਿਚ 5 ਹੱਤਿਆਵਾਂ ਹੋਈਆਂ। ਇਹ ਹੱਤਿਆਵਾਂ 8 ਜੁਲਾਈ ਤੋਂ 27 ਸਤੰਬਰ ਦਰਮਿਆਨ ਕੁਝ ਮੀਲਾਂ ਦੀ ਦੂਰੀ ’ਤੇ ਵੱਖ ਵਖ ਥਾਵਾਂ ’ਤੇ ਹੋਈਆਂ। ਮਿ੍ਰਤਕਾਂ ਵਿਚ 6 ਮਰਦ ਸ਼ਾਮਿਲ ਸਨ। ਇਕ ਔਰਤ ਜੋ ਗੋਲੀਬਾਰੀ ਵਿਚ ਬਚ ਗਈ ਸੀ, ਘਟਨਾ ਦੀ ਚਸ਼ਮਦੀਦ ਗਵਾਹ ਹੈ। ਸ਼ੱਕੀ ਦੋਸ਼ੀ ਆਮ ਤੌਰ ’ਤੇ ਬੇਘਰੇ ਲੋਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਪੁਲਿਸ ਮੁੱਖੀ ਨੇ ਦਸਿਆ ਕਿ ਸ਼ੱਕੀ ਦੋਸ਼ੀ ਦੀ ਤਸਵੀਰ ਅਪਰਾਧ ਵਾਲੇ ਕਈ ਸਥਾਨਾਂ ’ਤੇ ਸੀ ਸੀ ਟੀਵੀ ਕੈਮਰਿਆਂ ਵਿਚ ਕੈਦ ਹੋਈ ਸੀ ਪਰੰਤੂ ਪੁਲਿਸ ਨੂੰ ਉਸ ਨੂੰ ਗਿ੍ਰਫਤਾਰ ਕਰਨ ਲਈ ਉੁੁੁਚਿੱਤ ਮੌਕੇ ਦੀ ਤਲਾਸ਼ ਸੀ ਜੋ ਸਥਾਨਕ ਵਾਸੀਆਂ ਦੀ ਹੁਸ਼ਿਆਰੀ ਸਦਕਾ ਮਿਲ ਗਿਆ।