ਰਾਜਿੰਦਰਾ ਹਸਪਤਾਲ ਨੂੰ ‘ਰੈਫਰ ਇੰਸਟੀਚਿਊਟ’ ਨਹੀਂ ਬਣਨ ਦਿਆਂਗੇ : ਭਗਵੰਤ ਮਾਨ

ਰਾਜਿੰਦਰਾ ਹਸਪਤਾਲ ਨੂੰ ‘ਰੈਫਰ ਇੰਸਟੀਚਿਊਟ’ ਨਹੀਂ ਬਣਨ ਦਿਆਂਗੇ : ਭਗਵੰਤ ਮਾਨ

ਪਟਿਆਲਾ : ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਅਚਨਚੇਤ ਚੈਕਿੰਗ ਕੀਤੀ। ਉਹ ਸਿੱਧਾ ਐਮਰਜੈਂਸੀ ਵਾਰਡ ’ਚ ਗਏ ਅਤੇ ਉਥੇ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਡਾਕਟਰਾਂ ਅਤੇ ਹੋਰ ਸਟਾਫ਼ ਦੀ ਕਾਰਗੁਜ਼ਾਰੀ ਸਮੇਤ ਹੋਰ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਮਰੀਜਾਂ ਕੋਲੋਂ ਕਈ ਤਰ੍ਹਾਂ ਦੀਆਂ ਤਰੁੱਟੀਆਂ ਸਬੰਧੀ ਸ਼ਿਕਾਇਤਾਂ ਮਿਲਣ ਬਾਰੇ ਜਾਣਕਾਰੀ ਸਾਂਝੀ ਕੀਤੀ। ਪੱਤਰਕਾਰਾਂ ਦੇ ਸਾਹਮਣੇ ਹੀ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਰਾਜਿੰਦਰਾ ਹਸਪਤਾਲ ਨੂੰ ‘ਰੈਫਰ ਇੰਸਟੀਚਿਊਟ’ ਨਾ ਬਣਾਏ ਜਾਣ ਦੀ ਗੱਲ ਜ਼ੋਰ ਦੇ ਕੇ ਆਖੀ। ਉਨ੍ਹਾਂ ਦਾ ਕਹਿਣਾ ਸੀ ਕਿ ਉੱਤਰੀ ਭਾਰਤ ਦਾ ਅਹਿਮ ਸਰਕਾਰੀ ਹਸਪਤਾਲ ਹੋਣ ਕਰਕੇ ਇੱਥੇ ਦੂਰ-ਦੁਰਾਡੇ ਤੋਂ ਮਰੀਜ ਆਉਂਦੇ ਹਨ, ਪਰ ਰੈਫਰ ਕਰਨਾ ਇੱਥੇ ਆਮ ਗੱਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਾਂ ਸਮੇਤ ਹੋਰ ਸਾਧਨਾਂ, ਦਵਾਈਆਂ ਸਮੇਤ ਲੋੜੀਂਦੇ ਡਾਕਟਰਾਂ ਅਤੇ ਸਟਾਫ਼ ਆਦਿ ਦੀ ਪੂਰਤੀ ਪੰਜਾਬ ਸਰਕਾਰ ਕਰੇਗੀ, ਪਰ ਰਾਜਿੰਦਰਾ ਹਸਪਤਾਲ ਨੂੰ ‘ਰੈਫਰ ਇੰਸਟੀਚਿਊਟ’ ਨਾ ਬਣਨ ਦਿੱਤਾ ਜਾਵੇ। ਕਿਉਂਕਿ ਇਸ ਹਸਪਤਾਲ ਵਿੱਚ ਦਰਮਿਆਨੇ ਪਰਿਵਾਰਾਂ ਨਾਲ ਸਬੰਧਤ ਮਰੀਜ ਇਲਾਜ ਲਈ ਆਉਂਦੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ‘ਆਪ’ ਸਰਕਾਰ ਦੀਆਂ ਦੋ ਪ੍ਰ੍ਰਮੁੱਖ ਤਰਜੀਹਾਂ ਹਨ ਤੇ ਜਲਦੀ ਹੀ ਸਿਹਤ ਸੇਵਾਵਾਂ ਦੇ ਖੇਤਰ ’ਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ। ਜ਼ਿਕਰਯੋਗ ਹੈ ਕਿ ਰਾਜਪੁਰਾ ਦੀ ਤਰਫੋਂ ਆਏ ਮੁੱਖ ਮੰਤਰੀ ਨੇ ਰੂਟ ਤਾਂ ਪਟਿਆਲਾ ਸ਼ਹਿਰ ਵੱਲ ਆਉਣ ਦਾ ਲਗਵਾਇਆ ਸੀ, ਪਰ ਉਹ ਅਚਾਨਕ ਪਸਿਆਣਾ ਰਾਹੀਂ ਹੁੰਦੇ ਹੋਏ ਸਿੱਧੇ ਰਾਜਿੰਦਰਾ ਹਸਪਤਾਲ ’ਚ ਜਾ ਪਹੁੰਚੇ ਸਨ।