ਬਰਤਾਨੀਆ ਦੇ ਸੰਸਦ ਭਵਨ ਵਿੱਚ ਦੀਵਾਲੀ ਮਨਾਈ

ਬਰਤਾਨੀਆ ਦੇ ਸੰਸਦ ਭਵਨ ਵਿੱਚ ਦੀਵਾਲੀ ਮਨਾਈ

ਲੰਡਨ-ਬਰਤਾਨੀਆ ਦੇ ਸੰਸਦ ਭਵਨ ਵਿੱਚ ਦੀਵਾਲੀ ਸਮਾਗਮ ਮੌਕੇ ਹਰੇ ਕ੍ਰਿਸ਼ਨਾ ਮੰਦਰ ਦੇ ਪੁਜਾਰੀਆਂ ਨੇ ਮੋਮਬਤੀਆਂ ਜਗਾ ਕੇ ਪ੍ਰਾਰਥਨਾ ਕੀਤੀ। ਇਹ ਸਮਾਗਮ ਬੀਤੀ ਸ਼ਾਮ ਵੈਸਟਮਿੰਸਟਰ ਪੈਲੇਸ ਵਿੱਚ ਸਥਿਤ ਸਪੀਕਰ ਹਾਊਸ ਦੇ ਸਟੇਟ ਰੂਮਜ਼ ਵਿੱਚ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ, ਡਿਪਲੋਮੈਟਾਂ, ਭਾਈਚਾਰੇ ਦੇ ਆਗੂਆਂ ਅਤੇ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕਾਂਸ਼ੀਅਸਨੈੱਸ (ਆਈਐੱਸਕੇਸੀਓਨ) ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

ਇਸ ਦੌਰਾਨ ਹਾਊਸ ਆਫ ਕਾਮਨਜ਼ ਦੇ ਸਪੀਕਰ ਸਰ ਲਿੰਡਸੇ ਹੋਇਲ ਨੇ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਲੇਬਰ ਪਾਰਟੀ ਦੇ ਆਗੂ ਸਰ ਕੀਰ ਸਟਾਰਮਰ, ਭਗਤੀਵੇਦਾਂਤ ਮਨੋਰ ਆਈਐੱਸਕੇਸੀਓਐੱਨ ਟੈਂਪਲ ਦੀ ਪ੍ਰਧਾਨ ਵਿਸ਼ਾਖਾ ਦਾਸੀ, ਭਾਰਤੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਤੇ ਲਿਬਰਲ ਡੈਮਕਰੈਟ ਹਾਊਸ ਆਫ ਲਾਰਡਜ਼ ਦੇ ਨਵਨੀਤ ਢੋਲਕੀਆ ਨੇ ‘ਓਮ ਸ਼ਾਂਤੀ’ ਦੀ ਪ੍ਰਾਰਥਨਾ ਕਰਦਿਆਂ ਮੋਮਬੱਤੀਆਂ ਜਗਾਈਆਂ। ਕੰਜ਼ਰਵੇਟਿਵ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਸੈਲੇਸ਼ ਵਾਰਾ ਨੇ ਕਿਹਾ, “ਸਪੀਕਰ ਦੇ ਸਟੇਟ ਰੂਮ ਵਿੱਚ ਆਉਣਾ ਸ਼ਾਨਦਾਰ ਤਜਰਬਾ ਹੈ। ਇਹ ਬਰਤਾਨੀਆ ਦੀ ਵਿਭਿੰਨਤਾ ਹੈ ਕਿ ਅਸੀਂ ਵੈਸਟਮਿੰਸਟਰ ਪੈਲੇਸ ’ਚ ਹਿੰਦੂ ਭਾਈਚਾਰੇ ਦਾ ਸਭ ਤੋਂ ਅਹਿਮ ਤਿਉਹਾਰ ਦੀਵਾਲੀ ਮਨਾ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਇਹ 1.6 ਮਿਲੀਅਨ ਬਰਤਾਨਵੀ-ਭਾਰਤੀਆਂ ਅਤੇ ਬਾਕੀ ਦੁਨੀਆ ਲਈ ਵੱਡਾ ਸੰਦੇਸ਼ ਹੈ।’’