‘ਨਾਟੋ’ ਮੁਲਕਾਂ ਨੇ ਪਰਮਾਣੂ ਅਭਿਆਸ ਆਰੰਭਿਆ

‘ਨਾਟੋ’ ਮੁਲਕਾਂ ਨੇ ਪਰਮਾਣੂ ਅਭਿਆਸ ਆਰੰਭਿਆ

ਰੂਸ ਨਾਲ ਤਣਾਅ ਦੇ ਮੱਦੇਨਜ਼ਰ ਜੰਗੀ ਅਭਿਆਸ; ਬੈਲਜੀਅਮ ਤੇ ਯੂਕੇ ਉਪਰੋਂ ਉਡਾਣ ਭਰਨਗੇ ਜਹਾਜ਼
ਬਰੱਸਲਜ਼- ਯੂਕਰੇਨ ਵਿਚ ਜੰਗ ਕਾਰਨ ਵਧੇ ਤਣਾਅ ਦੇ ਮੱਦੇਨਜ਼ਰ ‘ਨਾਟੋ’ ਨੇ ਉੱਤਰ-ਪੱਛਮੀ ਯੂਰੋਪ ਵਿਚ ਸਾਲਾਨਾ ਪਰਮਾਣੂ ਅਭਿਆਸ ਆਰੰਭ ਦਿੱਤਾ ਹੈ। ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣੇ ਮੁਲਕ ਦੇ ਖੇਤਰਾਂ ਦੀ ਰਾਖੀ ਲਈ ਕੋਈ ਵੀ ਕਦਮ ਚੁੱਕਣ ਦੀ ਚਿਤਾਵਨੀ ਦਿੱਤੀ ਹੈ। ਨਾਟੋ ਗੱਠਜੋੜ ਦੇ 30 ਮੈਂਬਰਾਂ ਵਿਚੋਂ 14 ਇਨ੍ਹਾਂ ਅਭਿਆਸਾਂ ਵਿਚ ਹਿੱਸਾ ਲੈਣਗੇ, ਤੇ ਇਸ ਵਿਚ 60 ਜਹਾਜ਼ ਸ਼ਾਮਲ ਹੋਣਗੇ। ਇਨ੍ਹਾਂ ਜਹਾਜ਼ਾਂ ਵਿਚ ਲੜਾਕੂ ਤੇ ਹੋਰ ਜਹਾਜ਼ ਸ਼ਾਮਲ ਹਨ। ਜ਼ਿਆਦਾਤਰ ਅਭਿਆਸ ਰੂਸੀ ਸਰਹੱਦਾਂ ਤੋਂ 1000 ਕਿਲੋਮੀਟਰ ਦੂਰ ਹੋਵੇਗਾ। ਇਸ ਵਿਚ ਅਮਰੀਕਾ ਦੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਬੀ-52 ਬੰਬਰ ਜਹਾਜ਼ ਵੀ ਹਿੱਸਾ ਲੈਣਗੇ। ਨਾਟੋ ਇਨ੍ਹਾਂ ਅਭਿਆਸਾਂ ਲਈ ਮੀਡੀਆ ਨੂੰ ਕੋਈ ਪਹੁੰਚ ਨਹੀਂ ਦੇ ਰਿਹਾ ਹੈ। ਨਾਟੋ ਨੇ ਕਿਹਾ ਕਿ ਜਹਾਜ਼ ਬੈਲਜੀਅਮ ਉਪਰੋਂ ਦੀ ਉਡਾਣ ਭਰਨਗੇ ਤੇ ਅਭਿਆਸ 30 ਅਕਤੂਬਰ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ ਉੱਤਰ ਸਾਗਰ ਤੇ ਯੂਕੇ ਉਤੋਂ ਵੀ ਉਡਾਣਾਂ ਭਰੀਆਂ ਜਾਣਗੀਆਂ। ਇਸ ਅਭਿਆਸ ਵਿਚ ਉਹ ਜਹਾਜ਼ ਸ਼ਾਮਲ ਹਨ ਜੋ ਪਰਮਾਣੂ ਹਥਿਆਰ ਚੁੱਕ ਕੇ ਡੇਗਣ ਦੇ ਸਮਰੱਥ ਹਨ। ਹਾਲਾਂਕਿ ਅਭਿਆਸ ਵਿਚ ਕੋਈ ਅਸਲ ਬੰਬ ਸ਼ਾਮਲ ਨਹੀਂ ਹੋਵੇਗਾ। ਇਸ ਜੰਗੀ ਅਭਿਆਸ ਦੀ ਯੋਜਨਾ ਰੂਸ ਦੇ ਯੂਕਰੇਨ ਉਤੇ ਹਮਲੇ ਤੋਂ ਪਹਿਲਾਂ ਬਣਾਈ ਗਈ ਸੀ। ਮਾਸਕੋ ਵੱਲੋਂ ਵੀ ਇਸੇ ਮਹੀਨੇ ਜੰਗੀ ਅਭਿਆਸ ਕੀਤੇ ਜਾਣ ਦੀ ਸੰਭਾਵਨਾ ਹੈ।