ਰੁਪਿਆ ਕਮਜ਼ੋਰ ਨਹੀਂ, ਡਾਲਰ ਮਜ਼ਬੂਤ ਹੋਇਐ: ਸੀਤਾਰਾਮਨ

ਰੁਪਿਆ ਕਮਜ਼ੋਰ ਨਹੀਂ, ਡਾਲਰ ਮਜ਼ਬੂਤ ਹੋਇਐ: ਸੀਤਾਰਾਮਨ

ਵਾਸ਼ਿੰਗਟਨ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਇੱਥੇ ਕਿਹਾ ਕਿ ਰੁਪਿਆ ਕਮਜ਼ੋਰ ਨਹੀਂ ਹੋਇਆ ਹੈ ਬਲਕਿ ਡਾਲਰ ਮਜ਼ਬੂਤ ਹੋ ਗਿਆ ਹੈ। ਵਿੱਤ ਮੰਤਰੀ ਨੇ ਇਸ ਸਾਲ ਭਾਰਤੀ ਕਰੰਸੀ ’ਚ ਆਏ 8 ਪ੍ਰਤੀਸ਼ਤ ਨਿਘਾਰ ਦਾ ਬਚਾਅ ਕੀਤਾ ਤੇ ਕਿਹਾ ਕਿ ਭਾਰਤੀ ਅਰਥਚਾਰੇ ਦੀ ਬੁਨਿਆਦ ਮਜ਼ਬੂਤ ਹੈ ਤੇ ਮਹਿੰਗਾਈ ਦੁਨੀਆ ਦੇ ਦੂਜੇ ਹਿੱਸਿਆਂ ਨਾਲ ਘੱਟ ਹੈ। ਉਹ ਅੱਜ ਇੱਥੇ ਕੌਮਾਂਤਰੀ ਮੁਦਰਾ ਫੰਡ ਤੇ ਵਿਸ਼ਵ ਬੈਂਕ ਦੀ ਸਾਲਾਨਾ ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਰੁਪਏ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਭਾਰਤ ਦੀ ਵਿੱਤ ਮੰਤਰੀ ਨੇ ਕਿਹਾ, ‘ਸਭ ਤੋਂ ਪਹਿਲਾਂ ਤਾਂ ਮੈਂ ਇਸ ਨੂੰ ਇਸ ਤਰ੍ਹਾਂ ਦੇਖਾਂਗੀ ਕਿ ਰੁਪਿਆ ਨਹੀਂ ਖ਼ਿਸਕ ਰਿਹਾ, ਡਾਲਰ ਮਜ਼ਬੂਤ ਹੋ ਰਿਹਾ ਹੈ, ਡਾਲਰ ਲਗਾਤਾਰ ਮਜ਼ਬੂਤੀ ਵੱਲ ਵੱਧ ਰਿਹਾ ਹੈ।’ ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਵਿਚ ਬਾਕੀ ਸਾਰੀਆਂ ਕਰੰਸੀਆਂ ਡਾਲਰ ਅੱਗੇ ਡਿੱਗ ਰਹੀਆਂ ਹਨ। ਸੀਤਾਰਾਮਨ ਨੇ ਕਿਹਾ, ‘ਮੈਂ ਤਕਨੀਕੀ ਪੱਖਾਂ ਦੀ ਗੱਲ ਨਹੀਂ ਕਰ ਰਹੀ, ਪਰ ਸਚਾਈ ਇਹ ਹੈ ਕਿ ਭਾਰਤ ਦੇ ਰੁਪਏ ਨੇ ਡਾਲਰ ਦੀ ਵਧਦੀ ਕੀਮਤ ਦਾ ਟਾਕਰਾ ਕੀਤਾ ਹੈ ਤੇ ਭਾਰਤੀ ਕਰੰਸੀ ਨੇ ਬਾਕੀ ਦੁਨੀਆ ਦੇ ਮੁਕਾਬਲੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ।’ ਦੱਸਣਯੋਗ ਹੈ ਕਿ ਸ਼ੁੱਕਰਵਾਰ ਅਮਰੀਕੀ ਡਾਲਰ ਦੀ ਕੀਮਤ 82.35 ਰੁਪਏ ਸੀ। ਸੋਮਵਾਰ ਡਾਲਰ ਦੇ ਮੁਕਾਬਲੇ ਰੁਪਿਆ ਰਿਕਾਰਡ 82.68 ਉਤੇ ਡਿੱਗ ਗਿਆ ਸੀ। ਇਸ ਵਰਤਾਰੇ ਨੂੰ ਰੋਕਣ ਲਈ ਆਰਬੀਆਈ ਦਖ਼ਲ ਦੇ ਸਕਦੀ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ ਕੇਂਦਰੀ ਬੈਂਕ ਪਿਛਲੇ ਇਕ ਸਾਲ ਦੌਰਾਨ ਰੁਪਏ ਨੂੰ ਬਚਾਉਣ ਲਈ ਸ਼ਾਇਦ 100 ਅਰਬ ਡਾਲਰ ਖ਼ਰਚ ਚੁੱਕੀ ਹੈ। ਭਾਰਤ ਦਾ ਵਿਦੇਸ਼ੀ ਮੁਦਰਾ ਭੰਡਾਰ ਵੀ ਘਟ ਰਿਹਾ ਹੈ। ਸੱਤ ਅਕਤੂਬਰ ਤੱਕ ਦੇ ਹਫ਼ਤੇ ਦੌਰਾਨ ਇਹ 532.87 ਅਰਬ ਅਮਰੀਕੀ ਡਾਲਰ ਸੀ ਜਦਕਿ ਇਕ ਸਾਲ ਪਹਿਲਾਂ ਇਹ 642.45 ਅਰਬ ਅਮਰੀਕੀ ਡਾਲਰ ਸੀ। ਸੀਤਾਰਾਮਨ ਨੇ ਸ਼ਨਿਚਰਵਾਰ ਸ਼ਾਮ ਕਿਹਾ ਕਿ ਆਰਬੀਆਈ ਦੇ ਯਤਨ ਸਿਰਫ਼ ਹੱਦੋਂ ਵੱਧ ਅਸਥਿਰਤਾ ਨੂੰ ਨੱਥ ਪਾਉਣ ਲਈ ਹਨ ਤੇ ਮਾਰਕੀਟ ਵਿਚ ਇਸ ਦਾ ਦਖ਼ਲ ਰੁਪਏ ਦੀ ਕੀਮਤ ਤੈਅ ਕਰਨ ਲਈ ਨਹੀਂ ਹੈ। ਵਿੱਤ ਮੰਤਰੀ ਨੇ ਨਾਲ ਹੀ ਕਿਹਾ ਕਿ ਸਰਕਾਰ ਮਹਿੰਗਾਈ ਨੂੰ ਛੇ ਪ੍ਰਤੀਸ਼ਤ ਤੋਂ ਹੇਠਾਂ ਲਿਆਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।