ਜਬਰੀ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ: ਧਾਮੀ

ਆਦਮਪੁਰ ਦੋਆਬਾ : ਪਿੰਡ ਕੰਦੋਲਾ ਵਿੱਚ ਈਸਾਈ ਪ੍ਰਚਾਰਕ ਔਰਤ ਵੱਲੋਂ ਜਬਰਨ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਦੀ ਜਾਂਚ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼ਿਕਾਇਤਕਰਤਾ ਰਾਜਵਿੰਦਰ ਕੌਰ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਬਰੀ ਧਰਮ ਪਰਿਵਰਤਨ ਕਰਵਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਇਹ ਸਾਰਾ ਮਾਮਲਾ ਐੱਸਜੀਪੀਸੀ ਖੁਦ ਆਪਣੇ ਧਿਆਨ ਵਿੱਚ ਰੱਖੇਗੀ ਅਤੇ ਇਸ ਮਾਮਲੇ ਦੀ ਦੇਖਰੇਖ ਐੱਸਜੀਪੀਸੀ ਦੇ ਐਡਵੋਕੇਟ ਵੱਲੋਂ ਕੀਤੀ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪਿੰਡ ਵਾਸੀਆਂ ਦੀ ਸ਼ਿਕਾਇਤ ਮਗਰੋਂ ਆਦਮਪੁਰ ਥਾਣੇ ਦੀ ਪੁਲੀਸ ਵੱਲੋਂ ਮੁਲਜ਼ਮ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਿਸ ਮਗਰੋਂ ਉਸ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਮੌਕੇ ਸੁਰਿੰਦਰ ਸਿੰਘ ਸੋਢੀ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਦਵਿੰਦਰ ਕੌਰ ਕਾਲਰਾ ਹਾਜ਼ਰ ਸਨ।