ਡੇਰਾ ਮੁਖੀ ਨੂੰ ਪੈਰੋਲ ਮਿਲਣ ‘ਤੇ ਸਿੰਘ ਸਾਹਿਬ ਨੇ ਕਾਨੂੰਨੀ ਪ੍ਰਣਾਲੀ ‘ਤੇ ਚੁੱਕੇ ਸਵਾਲ

ਸ੍ਰੀ ਅਨੰਦਪੁਰ ਸਾਹਿਬ -ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇਕ ਸਾਲ ‘ਚ ਤੀਜੀ ਵਾਰ ਪੈਰੋਲ ਮਿਲਣ ‘ਤੇ ਟਿੱਪਣੀ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਭਾਰਤੀ ਕਾਨੂੰਨ ਪ੍ਰਤੀ ਬੇਵਿਸਾਹੀ ਭਰੀ ਟਿੱਪਣੀ ਕਰਦਿਆਂ ਕਿਹਾ ਹੈ ਕਿ ‘ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ’ ਵਾਲੀ ਕਹਾਵਤ ਭਾਰਤੀ ਕਾਨੂੰਨ ‘ਤੇ ਪੂਰੀ ਤਰ੍ਹਾਂ ਢੁੱਕਦੀ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਫੇਸਬੁਕ ‘ਤੇ ਕਿਹਾ ਹੈ ਕਿ ਸਕੂਲ ‘ਚ ਪੜ੍ਹਾਇਆ ਜਾਂਦਾ ਸੀ ਕਿ ਕਾਨੂੰਨ ਦੀ ਨਜ਼ਰ ‘ਚ ਸਭ ਬਰਾਬਰ ਹਨ, ਪਰ ਨਹੀਂ, ਦੂਜਿਆਂ ਪ੍ਰਤੀ ਭਾਰਤੀ ਕਾਨੂੰਨ ਨਰਮ ਹੈ, ਚਾਹੇ ਉਹ ਜਬਰ ਜਨਾਹ ਦੇ ਦੋਸ਼ੀ ਹੀ ਕਿਉਂ ਨਾ ਹੋਣ, ਪਰ ਆਪਣੇ ਹੱਕਾਂ ਲਈ ਲੜਣ ਵਾਲੇ ਸਿੱਖ, ਜਿਹੜੇ ਆਪਣੀ ਕੈਦ ਦੀ ਮਿਆਦ ਵੀ ਖ਼ਤਮ ਕਰ ਚੁੱਕੇ ਹਨ, ਉਨ੍ਹਾਂ ਲਈ ਸਖ਼ਤ ਹਨ |