ਨਵਾਬ ਰਾਏ ਬੁਲਾਰ ਭੱਟੀ, ਸ਼ਹੀਦ ਭਾਈ ਜਟਾਣਾ ਸਮੇਤ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ

ਅੰਮਿ੍ਤਸਰ-ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ‘ਚ ਗੁਰੂ ਨਾਨਕ ਦੇਵ ਜੀ ਦੇ ਅਨਿ੍ਹੰਨ ਸ਼ਰਧਾਲੂ ਤੇ ਰਾਇ ਭੋਇ ਦੀ ਤਲਵੰਡੀ ਦੇ ਨਵਾਬ ਰਾਏ ਬੁਲਾਰ ਅਹਿਮਦ ਭੱਟੀ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਸਮੇਤ ਚਾਰ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸ਼ੋ੍ਰਮਣੀ ਕਮੇਟੀ ਵਲੋਂ ਅੱਜ ਸਥਾਪਿਤ ਕੀਤੀਆਂ ਗਈਆਂ | ਬਾਕੀ ਦੋ ਸ਼ਖ਼ਸੀਅਤਾਂ ‘ਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਅੰਤਿੰੰ੍ਰਗ ਕਮੇਟੀ ਮੈਂਬਰ ਜਥੇ: ਜੋਗਿੰਦਰ ਸਿੰਘ ਪੰਜਰਥ ਤੇ ਸਾਬਕਾ ਮੈਂਬਰ ਹਰਿੰਦਰ ਸਿੰਘ ਰਣੀਆਂ ਦੀਆਂ ਤਸਵੀਰਾਂ ਸ਼ਾਮਿਲ ਹਨ | ਇਨਾਂ ਚਾਰਾਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਦਾ ਕੀਤੀ | ਇਸ ਮੌਕੇ ਨਵਾਬ ਰਾਏ ਬੁਲਾਰ ਭੱਟੀ ਦੇ ਵੰਸ਼ਿਜ਼ ਨੂੰ ਛੱਡ ਕੇ ਬਾਕੀ ਤਿੰਨਾਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ਤੇ ਸਿੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਅਤੇ ਵਿਰਾਸਤ ਦਾ ਅਹਿਮ ਸੋਮਾ ਹੈ ਅਤੇ ਇਥੇ ਕੌਮ ਲਈ ਘਾਲਣਾ ਘਾਲਣ ਵਾਲਿਆਂ ਦੀਆਂ ਤਸਵੀਰਾਂ ਸੁਸ਼ੋਭਿਤ ਕਰਕੇ ਕੌਮੀ ਸਨਮਾਨ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਨਵਾਬ ਰਾਏ ਬੁਲਾਰ ਭੱਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿੰਨ ਸ਼ਰਧਾਲੂ ਸਨ, ਜਿਨ੍ਹਾਂ ਨੇ ਗੁਰੂ ਸਾਹਿਬ ਦੀ ਛੋਟੀ ਉਮਰ ਵਿਚ ਹੀ ਉਨ੍ਹਾਂ ਅੰਦਰੋਂ ਰੱਬੀ ਜੋਤ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਨੂੰ ਵੱਡਾ ਸਤਿਕਾਰ ਦਿੱਤਾ | ਰਾਏ ਬੁਲਾਰ ਜੀ ਨੇ ਗੁਰੂ ਸਾਹਿਬ ਨੂੰ ਸ਼ਰਧਾ ਭੇਟ ਕਰਦਿਆਂ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਭੇਟਾ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਨਵਾਬ ਰਾਏ ਬੁਲਾਰ ਭੱਟੀ ਦੀ ਤਸਵੀਰ ਲਗਾਉਣ ਲਈ ਉਨ੍ਹਾਂ ਦੇ ਵੰਸ਼ਜ਼ਾਂ ਨੂੰ ਕਈ ਵਾਰ ਸੱਦਾ ਭੇਜਿਆ ਤੇ ਸ਼੍ਰੋਮਣੀ ਕਮੇਟੀ ਚਾਹੁੰਦੀ ਸੀ ਕਿ ਉਹ ਇਸ ਮੌਕੇ ‘ਤੇ ਜ਼ਰੂਰ ਮੌਜੂਦ ਹੁੰਦੇ, ਪਰ ਸਰਕਾਰਾਂ ਵਲੋਂ ਵੀਜ਼ਾ ਨਾ ਦਿੱਤੇ ਜਾਣ ਕਰਕੇ ਉਹ ਅੱਜ ਸ਼ਾਮਲ ਨਹੀਂ ਹੋ ਸਕੇ | ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਪਾਣੀਆਂ ਦੇ ਰਖਵਾਲੇ ਇਸ ਸੰਘਰਸ਼ੀ ਯੋਧੇ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਤਲੁਜ ਯਮੁਨਾ ਲਿੰਕ ਨਹਿਰ ਦਾ ਕਰੜਾ ਵਿਰੋਧ ਕੀਤਾ | ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਈ ਜਟਾਣਾ ਦੇ ਸਾਥੀ ਭਾਈ ਚਰਨਜੀਤ ਸਿੰਘ ਚੰਨਾ ਦਾ ਵੀ ਜ਼ਿਕਰ ਕਰਦਿਆਂ ਸਾਬਕਾ ਮੈਂਬਰ ਜਥੇਦਾਰ ਜੋਗਿੰਦਰ ਸਿੰਘ ਪੰਜਰਥ ਤੇ ਹਰਿੰਦਰ ਸਿੰਘ ਰਣੀਆਂ ਵਲੋਂ ਕੀਤੇ ਪੰਥਕ ਕਾਰਜਾਂ ਦੀ ਸਰਾਹਨਾ ਕੀਤੀ |

ਇਸ ਦੌਰਾਨ ਸ਼ਹੀਦ ਭਾਈ ਜਟਾਣਾ, ਜਥੇ: ਪੰਜਰਥ ਤੇ ਭਾਈ ਰਣੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ | ਇਸੇ ਦੌਰਾਨ ਅਖੰਡ ਕੀਰਤਨੀ ਜਥਾ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਦਲ ਖ਼ਾਲਸਾ ਦੇ ਕੰਵਰਪਾਲ ਸਿੰਘ ਨੇ ਸਵਾਗਤ ਕੀਤਾ | ਇਸ ਮੌਕੇ ਭਾਈ ਨਰੈਣ ਸਿੰਘ ਚੌੜਾ, ਐਡਵੋਕੇਟ ਜਸਬੀਰ ਸਿੰਘ ਘੁੰੰਮਣ, ਸੁਰਜੀਤ ਸਿੰਘ ਭਿੱਟੇਵੱਡ, ਗੁਰਿੰਦਰਪਾਲ ਸਿੰਘ ਗੋਰਾ, ਭਗਵੰਤ ਸਿੰਘ ਸਿਆਲਕਾ, ਗੁਰਪ੍ਰੀਤ ਸਿੰਘ ਝੱਬਰ, ਬੀਬੀ ਨਰਿੰਦਰ ਕੌਰ ਰਣੀਆਂ, ਪ੍ਰਤਾਪ ਸਿੰਘ, ਸਤਬੀਰ ਸਿੰਘ ਧਾਮੀ, ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਮਲਕੀਤ ਸਿੰਘ ਬਹਿੜਵਾਲ ਤੇ ਇਕਬਾਲ ਸਿੰਘ ਮੁਖੀ ਤੋਂ ਇਲਾਵਾ ਭਾਈ ਸਤਨਾਮ ਸਿੰਘ ਖੰਡਾ ਤੇ ਭਾਈ ਸਤਨਾਮ ਸਿੰਘ ਝੰਜੀਆਂ, ਦਿਆ ਸਿੰਘ ਕੱਕੜ, ਮਹਾਂਬੀਰ ਸਿੰਘ ਸੁਲਤਾਨਵਿੰਡ ਅਤੇ ਤਸਵੀਰਾਂ ਲੱਗਣ ਵਾਲੀਆਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰਾਂ ‘ਚੋਂ ਭਾਈ ਜਟਾਣਾਂ ਦੀ ਭੈਣ ਬੀਬੀ ਸੁਰਿੰਦਰ ਕੌਰ, ਬੀਬੀ ਮਨਜੀਤ ਕੌਰ, ਬੀਬੀ ਕੰਵਲਜੀਤ ਕੌਰ, ਬੀਬੀ ਅਮਨਪ੍ਰੀਤ ਕੌਰ, ਹਰਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਅਮਰਜੀਤ ਸਿੰਘ ਪੰਜਰਥ ਸਪੁੱਤਰ ਜਥੇ: ਜੋਗਿੰਦਰ ਸਿੰਘ ਪੰਜਰਥ, ਜਥੇ: ਦਲਜੀਤ ਸਿੰਘ ਪੰਥਰਜ, ਸੁਭਾਨ ਸਿੰਘ ਪੰਜਰਥ, ਬੇਅੰਤ ਸਿੰਘ ਚੀਮਾ ਨੰਬਰਦਾਰ, ਡਾ: ਕਸ਼ਮੀਰ ਸਿੰਘ, ਜਗਦੀਪ ਸਿੰਘ ਪੰਜਰਥ, ਜਗਤਾਰ ਸਿੰਘ ਬਹਮਣਾ, ਕੁਲਦੀਪ ਸਿੰਘ, ਚੰਦਨਦੇਵ ਸਿੰਘ, ਬੀਬੀ ਜਸਪਿੰਦਰ ਕੌਰ, ਬੀਬੀ ਗੁਰਪਿੰਦਰ ਕੌਰ, ਬੀਬੀ ਅਮਨਪ੍ਰੀਤ ਕੌਰ ਆਦਿ ਮੌਜੂਦ ਸਨ | ਇਸੇ ਦੌਰਾਨ ਨਵਾਬ ਰਾਇ ਸਾਹਿਬ ਦੇ 18ਵੇਂ ਵੰਸ਼ਜ਼ ਸੀਨੀਅਰ ਐਡਵੋਕੇਟ ਰਾਏ ਅਕਰਮ ਭੱਟੀ ਤੇ 19ਵੇਂ ਵੰਸ਼ਜ਼ ਐਡਵੋਕੇਟ ਰਾਏ ਸਲੀਮ ਭੱਟੀ ਤੇ ਰਾਏ ਬਿਲਾਲ ਭੱਟੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ਼ੋ੍ਰਮਣੀ ਕਮੇਟੀ ਤੇ ਸਿੱਖ ਜਗਤ ਦਾ ਧੰਨਵਾਦ ਕੀਤਾ ਹੈ | ਪਾਕਿਸਤਾਨ ਤੋਂ ਗੱਲਬਾਤ ਕਰਦਿਆਂ ਐਡਵੋਕੇਟ ਰਾਏ ਸਲੀਮ ਭੱਟੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਨੇ ਸਾਡੇ ਪਰਿਵਾਰ ਦਾ ਮਾਣ ਹੋਰ ਵਧਾਇਆ ਹੈ ਤੇ ਸਾਡੇ ਭੱਟੀ ਪਰਿਵਾਰ ਦੀਆਂ ਸਿੱਖ ਜਗਤ ਨਾਲ 550 ਸਾਲਾਂ ਦੀਆਂ ਸਾਂਝਾਂ ਨੂੰ ਮੁੜ ਤਾਜ਼ਾ ਕੀਤਾ ਹੈ |