ਯਾਦਾਂ ਦੇ ਸਿਰਨਾਵੇਂ – ਏਦਾਂ ਦੇ ਹੁੰਦੇ ਸੀ ਸਾਡੇ ਪਿੰਡ

ਯਾਦਾਂ ਦੇ ਸਿਰਨਾਵੇਂ – ਏਦਾਂ ਦੇ ਹੁੰਦੇ ਸੀ ਸਾਡੇ ਪਿੰਡ

ਮਨਜ਼ੂਰ ਏਜਾਜ਼

ਲਹਿੰਦੇ ਪੰਜਾਬ ਦੇ ਲੋਕ ਇਤਿਹਾਸਕਾਰ ਤੇ ਚਿੰਤਕ ਮਨਜ਼ੂਰ ਏਜਾਜ਼ ਦਾ ਜੱਦੀ ਪਿੰਡ ਗੰਜੇ (ਗੰਜਾ-ਗੰਜੀ), ਜ਼ਿਲ੍ਹਾ ਗੁਰਦਾਸਪੁਰ ਹੈ। ਉਸ ਦਾ ਪਰਿਵਾਰ ਵੰਡ ਤੋਂ ਪਹਿਲਾਂ ਮਿੰਟਗੁਮਰੀ ਵਿਚ ਬੁਰਜਵਾਲਾ ਵਿਚ ਜਾ ਵਸਿਆ। ਆਪਣੀ ਸਵੈ-ਜੀਵਨੀ ‘ਜਿੰਦੜੀਏ ਤਣ ਦੇਸਾਂ ਤੇਰਾ ਤਾਣਾ’ ’ਚ ਏਜਾਜ਼ ਨੇ ਬੁਰਜਵਾਲਾ ਦਾ ਖਾਕਾ ਖਿੱਚਿਆ ਹੈ ਜੋ 70 ਸਾਲ ਪਹਿਲਾਂ ਦੇ ਪੰਜਾਬ ਦੇ ਪਿੰਡਾਂ ਦੀ ਤਸਵੀਰ ਪੇਸ਼ ਕਰਦਾ ਹੈ।

ਮੈਂ ਪਾਕਿਸਤਾਨ ਦਾ ਸਗਵਾਂ ਹਾਣੀ ਹਾਂ ਕਿਉਂਜੋ ਘਰ ਵਾਲੇ ਕਹਿੰਦੇ ਸਨ ਜੋ ਮੈਂ ਹਰਜਲਿਆਂ (ਭਾਵ 1947 ਦੀ ਪੰਜਾਬ ਵੰਡ ਸਮੇਂ; ਚੜ੍ਹਦੇ ਪੰਜਾਬ ਵਿਚ ਇਸ ਲਈ ਸ਼ਬਦ ‘ਹੱਲਿਆਂ’, ‘ਰੌਲਿਆਂ’, ‘ਉਜਾੜੇ’ ਦੇ ਵੇਲੇ ਵਰਤੇ ਜਾਂਦੇ ਹਨ) ਦੇ ਦਿਨਾਂ ਵਿਚ ਜੰਮਿਆ ਸਾਂ। ਵੰਡ ਦੀ ਮਾਰਾ-ਮਾਰੀ ਬਾਰੇ ਮੈਂ ਹਰਜਲਿਆਂ ਦਾ ਲਫ਼ਜ਼ ਆਪਣੇ ਪਿੰਡ (ਬੁਰਜਵਾਲਾ, ਉਦੋਂ ਜ਼ਿਲ੍ਹਾ ਮਿੰਟਗੁਮਰੀ, ਹੁਣ ਜ਼ਿਲ੍ਹਾ ਸਾਹੀਵਾਲ) ਤੋਂ ਬਾਹਰ ਕਦੇ ਨਹੀਂ ਸੁਣਿਆ। ਜ਼ਾਹਿਰ ਗੱਲ ਹੈ ਉਸ ਵੇਲੇ ਜੰਮਣ ਵਾਲਾ ਨਿਆਣਾ ਹਰਜਲਿਆਂ ਬਾਰੇ ਕੀ ਦੱਸ ਸਕਦਾ ਹੈ ਪਰ ਇਹ ਗੱਲ ਮੈਂ ਆਪਣੇ ਪਿਉ ਤੇ ਹੋਰ ਸਿਆਣਿਆਂ ਬੰਦਿਆਂ ਕੋਲੋਂ ਜ਼ਰੂਰ ਸੁਣੀ ਕਿ ਸਾਡੇ ਆਲੇ-ਦੁਆਲੇ ਤਿੰਨ ਪਿੰਡ ਸਿੱਖਾਂ ਤੇ ਹਿੰਦੂਆਂ ਦੇ ਸਨ। ਕਹਿੰਦੇ ਨੇ ਕਿ ਉਨ੍ਹਾਂ ਪਿੰਡਾਂ ਵਿਚ ਕੋਈ ਵਿਰਲਾ ਹੀ ਜਾਨ ਬਚਾ ਕੇ ਗਿਆ ਹੋਵੇਗਾ। ਸਾਡੇ ਪਿੰਡ ਵਿਚੋਂ ਸਾਡੇ ਗੁਆਂਢੀਆਂ ਸਮੇਤ ਜਿਨ੍ਹਾਂ ਬੰਦਿਆਂ ਨੇ ਸਿੱਖਾਂ ਦੇ ਪਿੰਡ ਜਾ ਕੇ ਲੁੱਟਮਾਰ ਕੀਤੀ ਸੀ ਤੇ ਮਾਸੂਮਾਂ ਨੂੰ ਮਾਰਿਆ ਉਨ੍ਹਾਂ ਬਾਰੇ ਸਾਡਾ ਪਿਉ ਕਹਿੰਦਾ ਹੁੰਦਾ ਸੀ ਕਿ ਉਨ੍ਹਾਂ ਜ਼ੁਲਮ ਕਰਨ ਵਾਲਿਆਂ ਦੀ ਕਦੇ ਪੂਰੀ ਨਹੀਂ ਪੈਣੀ। ਉਨ੍ਹਾਂ ਵਿਚੋਂ ਦੋ ਬੰਦਿਆਂ ਨੂੰ ਤਾਂ ਮੈਂ ਵੀ ਭੁੱਖ ਨਾਲ ਘੁਲ਼ਦਿਆਂ ਦੇਖਿਆ ਹੈ। ਪਰ ਇਹ ਗੱਲ ਮੇਰਾ ਮਾਮਾ ਜਿਹੜਾ ਆਪ ਵੀ ਗੁਰਦਾਸਪੁਰ ਦੇ ਇਕ ਪਿੰਡ ਤੋਂ ਪਨਾਹੀ (ਮੁਹਾਜ਼ਰ) ਹੋ ਕੇ ਆਇਆ ਸੀ ਤੇ ਮੇਰੇ ਪਿਉ ਨਾਲ ਲੁੱਟੇ-ਪੁੱਟੇ ਪਿੰਡ ਵਧਾਵਾ ਸਿੰਘ ਵਾਲੀ ਵਿਚ ਵੱਸਣ ਲਈ ਗਿਆ ਸੀ, ਦੇ ਕਹਿਣ ਮੂਜਬ ਉਸ ਪਿੰਡ ਵਿਚ ਮਰਿਆਂ ਹੋਇਆਂ ਦੀਆਂ ਲੋਥਾਂ ਦੇ ਢੇਰ ਗਲੀਆਂ ਵਿਚ ਪਏ ਸੜ ਰਹੇ ਸਨ। ਸਾਡੇ ਪਿੰਡ ਬੁਰਜ ਵਾਲੇ ਵਿਚ ਜੋ ਸਿੱਖ ਤਰਖਾਣ ਤੇ ਹੱਟੀ ਵਾਲੇ ਹਿੰਦੂ ਸਨ, ਉਨ੍ਹਾਂ ਨੂੰ ਪਿੰਡ ਵਾਲੇ ਗੁਰਦਾਸਪੁਰ ਛੱਡ ਕੇ ਆਏ ਸਨ। ਮੈਂ ਇਕ ਵਾਰੀ ਗੁਰਦਾਸਪੁਰ ਜਾ ਕੇ ਪਿੰਡ ਤਰਖਾਣ ਮਨਸ਼ਾ ਸਿੰਘ ਦੇ ਪੋਤੇ ਨੂੰ ਮਿਲਿਆ ਸਾਂ ਪਰ ਮੇਰੇ ਦਿਲ ਵਿਚ ਸਦਾ ਇਹ ਗੱਲ ਰਹੀ ਕਿ ਕਦੀ ਮੈਨੂੰ ਸਿੱਖਾਂ ਹਿੰਦੂਆਂ ਦੇ ਲੁੱਟੇ-ਪੁੱਟੇ ਪਿੰਡਾਂ ਦਾ ਬੰਦਾ ਮਿਲ ਜਾਵੇ ਤੇ ਮੈਂ ਉਸ ਕੋਲੋਂ ਉਸ ਵੇਲੇ ਦੀ ਵਰਤੀ ਹੋਣੀ ਬਾਰੇ ਕੁਝ ਪੁੱਛਾਂ। ਮੈਨੂੰ ਅੱਜ ਵੀ ਖੋਜ ਹੈ ਕਿ ਵਧਾਵਾ ਸਿੰਘ ਕੌਣ ਸੀ ਜਿਸ ਦੇ ਨਾਂ ਨਾਲ ਇਹ ਪਿੰਡ (ਜਿੱਥੇ ਮੇਰਾ ਮਾਮਾ ਵੱਸਣ ਲਈ ਗਿਆ ਸੀ) ਜਾਣਿਆ ਜਾਂਦਾ ਸੀ।

ਮੈਨੂੰ ਆਪਣੇ ਨਿੱਕੇ ਹੁੰਦਿਆਂ ਦੀਆਂ ਬਹੁਤ ਗੱਲਾਂ ਯਾਦ ਨਹੀਂ ਸਿਵਾਏ ਇਸ ਦੇ ਕਿ ਵੱਡੇ ਤਾਪ ਨਾਲ ਮੇਰੀ ਇਕ ਲੱਤ ਮਾਰੀ ਗਈ ਸੀ। ਮੈਨੂੰ ਬਹੁਤ ਬਾਅਦ ਵਿਚ ਸ਼ਹਿਰ ਜਾ ਕੇ ਪਤਾ ਲੱਗਾ ਕਿ ਮੈਨੂੰ ਪੋਲੀਓ ਹੋਇਆ ਸੀ। ਮੇਰੇ ਮਾਂ ਪਿਉ ਨੇ ਮੇਰੀ ਲੱਤ ਠੀਕ ਕਰਵਾਉਣ ਲਈ ਕਿਹੜੇ-ਕਿਹੜੇ ਯਤਨ ਕੀਤੇ, ਇਹ ਇਕ ਹੋਰ ਲੰਮੀ ਕਹਾਣੀ ਹੈ, ਜਿਸ ਵਿਚੋਂ ਕੁਝ ਗੱਲਾਂ ਮੈਨੂੰ ਯਾਦ ਹਨ। ਮਸਲਨ ਇਕ ਵਾਰ ਮੇਰੇ ਮਾਂ ਤੇ ਪਿਉ ਮੈਨੂੰ ਇਕ ਪੀਰ ਦੇ ਡੇਰੇ ’ਤੇ ਲੈ ਜਾਣ ਲਈ ਕੰਧਾੜੇ ਚੁੱਕ ਕੇ ਅੱਠ ਦਸ ਮੀਲ ਦੂਰ ਗਏ ਸਨ ਤੇ ਉਸ ਦਰਬਾਰ ’ਤੇ ਕਈ ਦਿਨ ਬੈਠੇ ਰਹੇ ਹਨ। ਫਿਰ ਉੱਥੇ ਕਿਸੇ ਨੇ ਕਿਹਾ ਕਿ ਇਸ ਪੀਰ ਕੋਲੋਂ ਕੁਝ ਨਹੀਂ ਲੱਭਣਾ ਤੇ ਮੇਰੇ ਮਾਂ ਪਿਉ ਨਿਰਾਸ਼ ਵਾਪਸ ਆਏ ਸਨ। ਮੈਨੂੰ ਏਨਾ ਯਾਦ ਹੈ ਕਿ ਉਹ ਥਾਂ ਏਨਾ ਦੂਰ ਸੀ ਕਿ ਮੈਂ ਆਪਣੇ ਪਿਉ ਦੇ ਕੰਧਾੜੇ ਚੜ੍ਹਿਆ ਬਹੁਤ ਥੱਕ ਜਾਂਦਾ ਸਾਂ ਤੇ ਉਨ੍ਹਾਂ ਨੂੰ ਰੁਕਣਾ ਪੈਂਦਾ ਸੀ। ਸਾਡੇ ਪਿੰਡ ਲਾਗੇ ਇਕ ਡਿਸਪੈਂਸਰੀ ਸੀ ਜਿੱਥੇ ਡਾਕਟਰ ਬਰਕਤ ਅਲੀ (ਉਸ ਕੋਲ ਐੱਲ.ਐੱਸ.ਐੱਮ.ਐੱਫ ਦੀ. ਡਿਗਰੀ ਸੀ ਜਿਹੜੀ ਐੱਮ.ਬੀ.ਬੀ.ਐੱਸ. ਤੋਂ ਘੱਟ ਹੁੰਦੀ ਸੀ) ਇੰਚਾਰਜ ਸਨ ਅਤੇ ਮੇਰੇ ਪਿਉ ਦੇ ਜਾਣੂ ਸਨ। ਪਤਾ ਨਹੀਂ ਮੇਰੇ ਪਿਉ ਦਾ ਦਿਲ ਰੱਖਣਾ ਸੀ ਜਾਂ ਪੈਸੇ ਵੱਟਣ ਲਈ ਉਸ ਨੇ ਮੈਨੂੰ ਟੀਕਾ ਲਾਉਣ ਦਾ ਕਿਹਾ। ਮੇਰੇ ਵੱਡੇ ਭਰਾ ਮੈਨੂੰ ਰੋਜ਼ ਕੰਧਾੜੇ ਚੁੱਕ ਕੇ ਦੋ ਮੀਲ ਦੂਰ ਡਿਸਪੈਂਸਰੀ ਲੈ ਜਾਂਦੇ ਸਨ। ਡਾਕਟਰ ਹਰ ਟੀਕੇ ਦੇ ਦੋ ਰੁਪੱਈਏ ਲੈਂਦਾ ਸੀ ਜਿਹੜਾ ਉਨ੍ਹਾਂ ਦਿਨਾਂ ਦੇ ਹਿਸਾਬ ਨਾਲ ਕਾਫ਼ੀ ਸੀ। ਜ਼ਾਹਿਰ ਗੱਲ ਹੈ ਕਿ ਇਸ ਦਾ ਕੋਈ ਫ਼ਾਇਦਾ ਨਹੀਂ ਸੀ ਹੋਣਾ।

ਇਕ ਵਾਰੀ ਕਿਸੇ ਦੂਰ ਦੁਰਾਡੀ ਥਾਂ ਤੋਂ ਇਕ ਹਕੀਮ ਸੱਦਿਆ ਗਿਆ ਜਿਹੜਾ ਕਿੰਨਾ ਹੀ ਚਿਰ ਸਾਡੇ ਘਰ ਰਿਹਾ। ਉਸ ਨੇ ਸਾਡੇ ਇਕ ਕੋਠੇ ਵਿਚ ਤੰਦੂਰ ਤਰ੍ਹਾਂ ਦੀ ਭੱਠੀ ਬਣਵਾਈ। ਉਹ ਭੱਠੀ ਨੂੰ ਚੰਗੀ ਤਰ੍ਹਾਂ ਭਖਾ ਕੇ ਮੇਰੀ ਲੱਤ ਉਸ ਵਿਚ ਲਟਕਾ ਦਿੰਦਾ ਸੀ। ਮੈਨੂੰ ਇਕ ਵਾਰ ਅਮਰੀਕਾ ਵਿਚ ਬੁੱਢੀ ਨਰਸ ਨੇ ਦੱਸਿਆ ਸੀ ਕਿ ਉੱਥੇ ਵੀ ਪੋਲੀਓ ਦਾ ਇੰਝ ਹੀ ਇਲਾਜ ਹੁੰਦਾ ਸੀ। ਉਸ ਹਕੀਮ ਦੇ ਕਹਿਣ ਮੂਜਬ ਮੈਂ ਹਰ ਰੋਜ਼ ਸਿਰਫ਼ ਮਸਾਲੇ ਵਿਚ ਭੁੱਜਿਆ ਕੁੱਕੜ ਖਾ ਸਕਦਾ ਸੀ। ਮੈਨੂੰ ਏਨਾ ਕੁੱਕੜ ਖਾਣਾ ਪਿਆ ਕਿ ਮੈਨੂੰ ਕਈ ਚਿਰ ਤਾਈਂ ਕੁੱਕੜ ਖਾਣ ਤੋਂ ਕਰੀਹਤ ਆਉਂਦੀ ਸੀ। ਇਹ ਸਿਲਸਿਲਾ ਵਾਹਵਾ ਸਿਰ ਚੱਲਦਾ ਰਿਹਾ। ਮੈਨੂੰ ਸਿਵਲ ਹਸਪਤਾਲ ਸਾਹੀਵਾਲ (ਉਦੋਂ ਮਿੰਟਗੁਮਰੀ) ਵੀ ਲੈ ਜਾਇਆ ਗਿਆ ਜਿੱਥੇ ਡਾਕਟਰ ਨੇ ਕਿਹਾ ਕਿ ਇਸ ਨੂੰ ਚੱਲਣ ਦੀ ਵਰਜਿਸ਼ ਕਰਵਾਓ। ਮੇਰੇ ਖ਼ਿਆਲ ਵਿਚ ਜੇਕਰ ਡਾਕਟਰ ਦੀ ਗੱਲ ਮੰਨ ਲਈ ਜਾਂਦੀ ਤਾਂ ਮੇਰੀ ਲੱਤ ਕਾਫ਼ੀ ਨਰੋਈ ਹੋ ਜਾਣੀ ਸੀ ਪਰ ਉਨ੍ਹਾਂ ਵੇਲਿਆਂ ਵਿਚ ਜ਼ਿਹਨ ਇੱਧਰ ਜਾਣ ਦੀ ਥਾਂ ਟੂਟੇ ਟੋਟਕਿਆਂ ਵੱਲ ਬਹੁਤਾ ਜਾਂਦਾ ਸੀ। ਇਸੇ ਲਈ ਇਕ ਵਾਰੀ ਮੇਰਾ ਪਿਉ ਮੈਨੂੰ ਬਾਬਾ ਫ਼ਰੀਦ ਦੀ ਮਜ਼ਾਰ ’ਤੇ ਵੀ ਲੈ ਕੇ ਗਿਆ ਸੀ ਤੇ ਉੱਥੇ ਉਸ ਨੇ ਮੈਨੂੰ ਰਾਤ ਨੂੰ ਕੱਚੀ ਟਾਕੀ ਵਿਚ ਹਿੰਦੁਸਤਾਨੀ ਫ਼ਿਲਮ ‘ਟੈਕਸੀ ਡਰਾਈਵਰ’ ਭੁੰਜੇ ਬਹਿ ਕੇ ਵਿਖਾਈ ਸੀ।

ਮਾਰੀ ਲੱਤ ਪਾਰੋਂ ਮੈਂ ਰਿੜ੍ਹ ਹੀ ਸਕਦਾ ਸਾਂ ਤੇ ਕਿਤੇ ਆ ਜਾ ਨਹੀਂ ਸਕਦਾ ਸਾਂ। ਉਹ ਕੁਝ ਸਾਲ ਮੇਰੀ ਵੱਡੀ ਭੈਣ ਮਜੀਦਾਂ ਮੈਨੂੰ ਚੁੱਕੀ ਰੱਖਦੀ ਸੀ ਤੇ ਮੇਰੀਆਂ ਲੋੜਾਂ ਪੂਰੀਆਂ ਕਰਦੀ ਸੀ। ਕਹਿੰਦੇ ਹਨ ਕਿ ਕਿਸੇ ਟੱਬਰ ਵਿਚ ਮੇਰੇ ਤਰ੍ਹਾਂ ਦੀ ਹੋਣੀ ਹੋ ਜਾਵੇ ਤੇ ਕਿਸੇ ਇਕ ਭੈਣ ਭਰਾ ਨੂੰ ਵੇਲੇ ਤੋਂ ਪਹਿਲਾਂ ਸਿਆਣਾ ਹੋਣਾ ਪੈਂਦਾ ਹੈ। ਮੇਰੀ ਭੈਣ ਮਜੀਦਾਂ ਮੇਰੇ ਤੋਂ ਪੰਜ ਛੇ ਸਾਲ ਵੱਡੀ ਸੀ ਪਰ ਉਹ ਮਾਂ ਵਾਂਗ ਮੈਨੂੰ ਸਾਂਭਦੀ। ਪਿੰਡ ਵਿਚ ਜਿੱਥੇ ਕਿਤੇ ਵੀ ਢੋਲ ਵੱਜਦਾ ਜਾਂ ਕੋਈ ਤਮਾਸ਼ਾ ਲੱਗਦਾ ਤੇ ਮੈਂ ਉੱਥੇ ਜਾਣ ਦੀ ਜ਼ਿੱਦ ਕਰਦਾ ਸਾਂ ਤੇ ਉਹ ਮੈਨੂੰ ਜ਼ਰੂਰ ਲੈ ਕੇ ਜਾਂਦੀ ਸੀ। ਮੇਰੇ ਤੋਂ ਢਾਈ ਸਾਲ ਵੱਡੀ ਮੇਰੀ ਭੈਣ ਬਸ਼ੀਰਾਂ ਸੀ ਜਿਸ ਨਾਲ ਮੇਰੀ ਬਹੁਤ ਲੜਾਈ ਹੁੰਦੀ ਸੀ ਤੇ ਮੇਰੀ ਭੈਣ ਮਜੀਦਾਂ ਬਿਨਾਂ ਪੁੱਛੇ ਦੱਸੇ ਉਹਨੂੰ ਕੁੱਟ ਚਾੜ੍ਹ ਦਿੰਦੀ ਸੀ। ਮੈਂ ਜੇ ਕਿਸੇ ਮੁੰਡੇ ਨੂੰ ਨਵਾਂ ਝੱਗਾ (ਕਮੀਜ਼) ਪਾਇਆ ਵੇਖ ਲੈਂਦਾ ਸਾਂ ਤੇ ਜ਼ਿੱਦ ਕਰਦਾ ਸਾਂ ਕਿ ਮੈਨੂੰ ਝਬਦੇ ਉਹੋ ਝੱਗਾ ਬਣਾ ਕੇ ਦਿੱਤਾ ਜਾਵੇ। ਪਹਿਲਾਂ ਤੇ ਮੇਰੀ ਮਾਂ ਮੇਰੀ ਇਕ ਰਿਸ਼ਤੇ ਦੀ ਮਾਸੀ ਜ਼ਾਹਰਾ ਕੋਲੋਂ ਇਹ ਕੰਮ ਕਰਵਾਉਂਦੀ ਸੀ ਕਿਉਂ ਜੋ ਉਨ੍ਹਾਂ ਦੀ ਕੱਪੜੇ ਦੀ ਨਿੱਕੀ ਜਿਹੀ ਹੱਟੀ ਵੀ ਸੀ ਤੇ ਉਹ ਕੱਪੜੇ ਸੀਣ ਦਾ ਵੀ ਕੰਮ ਕਰਦੀ ਸੀ। ਫਿਰ ਮੇਰੀ ਮਾਂ ਨੇ ਅੱਕ ਕੇ ਸਿੰਗਰ ਮਸ਼ੀਨ ਖਰੀਦੀ ਤੇ ਭੈਣ ਮਜੀਦਾਂ ਨੂੰ ਕੱਪੜੇ ਸੀਣਾ ਸਿਖਾਇਆ ਤਾਂ ਜੋ ਮੇਰੀ ਜ਼ਿੱਦ ਪੋਂਦ ਪੂਰੀ ਕੀਤੀ ਜਾ ਸਕੇ। ਮੈਂ ਆਪਣੀ ਭੈਣ ਨਾਲ ਹੀ ਸੌਂਦਾ ਸਾਂ ਬਲਕਿ ਇੱਥੋਂ ਤਕ ਕਿ ਜਦ ਮੈਂ ਪੰਜਵੀਂ ਜਮਾਤ ਵਿਚ ਸਾਂ ਤੇ ਉਸਦਾ ਪਿੰਡ ਵਿਚ ਹੀ ਵਿਆਹ ਹੋਇਆ ਤੇ ਮੈਂ ਨਾਲ ਜਾ ਕੇ ਵਿਆਹ ਦੀ ਰਾਤ ਵੀ ਉਹਦੇ ਨਾਲ ਹੀ ਸੁੱਤਾ ਸਾਂ।

ਪਿੰਡ ਵਿਚ ਸਿੰਗਰ ਮਸ਼ੀਨ ਦੇ ਆਉਣ ਨਾਲ ਇਕ ਨਿੱਕਾ ਜਿਹਾ ਇਨਕਲਾਬ ਤੇ ਆ ਚੁੱਕਿਆ ਸੀ ਪਰ ਉਸ ਵੇਲੇ ਦਾ ਪਿੰਡ ਦੁਨੀਆ ਨਾਲੋਂ ਏਨਾ ਕੱਟਿਆ ਹੋਇਆ ਤੇ ਵਖ਼ਤਾਂ ਦਾ ਮਾਰਿਆ ਹੋਇਆ ਸੀ ਜੋ ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਕਿ ਮੈਂ ਰਿੜ੍ਹਨ ਦੀ ਥਾਂ ਫਹੁੜੀਆਂ (ਬੈਸਾਖੀਆਂ) ਨਾਲ ਚੱਲ ਸਕਦਾ ਸਾਂ। ਉਹ ਤੇ ਕਈਆਂ ਸਾਲਾਂ ਮਗਰੋਂ ਮੇਰੇ ਪਿਉ ਨੇ ਸ਼ਹਿਰ ਜਾ ਕੇ ਕਿਸੇ ਹੋਰ ਥਾਂ ’ਤੇ ਕਿਸੇ ਨੂੰ ਫਹੁੜੀਆਂ ਨਾਲ ਤੁਰਦਿਆਂ ਵੇਖਿਆ ਤੇ ਉਸ ਨੇ ਪਿੰਡ ਆ ਕੇ ਤਰਖਾਣ ਤੋਂ ਮੇਰੇ ਲਈ ਲੱਕੜੀ ਦੀਆਂ ਫਹੁੜੀਆਂ ਘੜਵਾਈਆਂ। ਇਹ ਮੈਨੂੰ ਯਾਦ ਹੈ ਕਿ ਜਦ ਮੈਂ ਪਹਿਲੀ ਵਾਰ ਫਹੁੜੀਆਂ ’ਤੇ ਗਲੀਆਂ ਵਿਚ ਟੁਰਿਆ ਸਾਂ ਤੇ ਮੈਨੂੰ ਲੱਗਿਆ ਸੀ ਕਿ ਮੈਂ ਉੱਡ ਰਿਹਾਂ। ਉਸ ਵੇਲੇ ਦਾ ਪਿੰਡ ਏਨਾ ਕੱਟਿਆ ਹੋਇਆ ਸੀ ਜੋ ਫਹੁੜੀਆਂ ਵਰਗੀ ਮਾਮੂਲੀ ਸ਼ੈਅ ਦੀ ਸੂਹ ਲੱਗਣ ਵਿਚ ਵੀ ਕਈ ਸਾਲ ਲੱਗ ਗਏ। ਇਸ ਗੱਲ ’ਤੇ ਮੈਂ ਇਸ ਲਈ ਏਨਾ ਜ਼ੋਰ ਪਾ ਰਿਹਾ ਹਾਂ ਕਿ ਅਜੋਕੇ ਸਮਾਜੀ ਆਲਿਮਾਂ (ਸਮਾਜ ਸ਼ਾਸਤਰੀਆਂ) ਨੂੰ ਪਿੰਡ ਦੇ ਇਕਲਾਪੇ ਦੀਆਂ ਹੱਦਾਂ ਦੀ ਕੋਈ ਖ਼ਾਸ ਸੁਰ ਨਹੀਂ। ਕਾਰਲ ਮਾਰਕਸ ਦਾ ਸਾਡੇ ਪਿੰਡਾਂ ਦੇ ਵੱਖ ਰੂਪ ਨੂੰ ਏਸ਼ਿਆਟਿਕ ਮੋਡ ਆਫ ਪ੍ਰੋਡਕਸ਼ਨ (Asiatic Mode of Production) ਕਹਿ ਕੇ ਇਹ ਦੱਸਣਾ ਹੈ ਕਿ ਉਨ੍ਹਾਂ ਪਿੰਡਾਂ ਦੇ ਬਾਹਰ ਦੀ ਦੁਨੀਆ ਨਾਲ ਮੇਲ ਮਿਲਾਉਂਦਰਾ ਤੇ ਵਿਚਾਰ ਵਟਾਂਦਰਾ ਨਾ ਹੋਣ ਪਾਰੋਂ ਉਨ੍ਹਾਂ ਦਾ ਪੈਦਾਵਾਰੀ ਢੰਗ ਬਦਲ ਨਾ ਸਕਿਆ। ਇਸ ਗੱਲ ’ਤੇ ਬਹੁਤ ਸਾਰੇ ਸੂਝਵਾਨ ਮਾਰਕਸ ਦੀ ਗੱਲ ’ਤੇ ਟੋਕ ਮਾਰਦਿਆਂ ਕਹਿੰਦੇ ਹਨ ਜੋ ਹਾਲਤ ਏਨੀ ਵੀ ਖ਼ਰਾਬ ਨਹੀਂ ਸੀ, ਪਰ ਜੇ ਤੁਸੀਂ ਮੇਰੇ ਖਾਂਦੇ ਪੀਂਦੇ ਪਿੰਡ ਵਿਚ ਫਹੁੜੀਆਂ ਦਾ ਪਤਾ ਨਾ ਹੋਣ ਦੀ ਮਿਸਾਲ ਵੇਖੋ ਤੇ ਮਾਰਕਸ ਦੀ ਗੱਲ ਸੱਚੀ ਨਜ਼ਰ ਆਉਂਦੀ ਹੈ।

ਸਕੂਲੇ ਜਾਣ ਤੋਂ ਪਹਿਲਾਂ ਪੰਜਾਂ ਛੇਆਂ ਸਾਲਾਂ ਦੀ ਉਮਰ ਵਿਚ ਮੈਂ ਪਿੰਡ ਦੇ ਆਪਣੇ ਹਾਣੀ ਮੁੰਡਿਆਂ ਵਾਂਗ ਲੰਮਾ ਜਿਹਾ ਝੱਗਾ (ਕੁੜਤਾ, ਕਮੀਜ਼) ਹੀ ਪਾਉਂਦਾ ਸਾਂ। ਉਸ ਦੇ ਥੱਲੇ ਨਾ ਕੋਈ ਕੱਛਾ ਤੇ ਨਾ ਧੋਤੀ, ਮਤਲਬ ਝੱਗੇ ਥੱਲੇ ਨੰਗ ਧੜੰਗ। ਇਹ ਗੱਲ ਮੈਨੂੰ ਇਸ ਲਈ ਵੀ ਚੇਤੇ ਰਹਿ ਗਈ ਜੋ ਉਦੋਂ ਪਿੰਡ ਵਿਚ ਕੁੜੀਆਂ ਦੇ ਪ੍ਰਾਇਮਰੀ ਸਕੂਲ ਵਿਚ ਮੇਰੀਆਂ ਭੈਣਾਂ ਵੀ ਪੜ੍ਹਦੀਆਂ ਸਨ। ਮੈਂ ਕੁੜੀਆਂ ਦੇ ਸਕੂਲ ਜਾ ਕੇ ਪਿੰਡ ਦੀ ਇਕੱਲੀ ਉਸਤਾਨੀ ਹਨੀਫ਼ਾ ਨਾਲ ਜ਼ਿੱਦ ਕਰਦਾ ਸਾਂ ਕਿ ਸਕੂਲ ਵਿਚ ਦੁਆ ਮੈਂ ਕਹਾਵਾਂਗਾ ਤੇ ਉਹਦੀ ਸ਼ਰਤ ਸੀ ਕਿ ਮੈਂ ਪਜਾਮਾ ਪਾ ਕੇ ਆਵਾਂਗਾ ਤੇ ਉਹ ਮੈਨੂੰ ਇਹ ਕਰਨ ਦੀ ਇਜਾਜ਼ਤ ਦੇਵੇਗੀ। ਨਾ ਮੈਂ ਪਜਾਮਾ ਪਾ ਕੇ ਕੁੜੀਆਂ ਦੇ ਸਕੂਲੇ ਗਿਆ ਤੇ ਨਾ ਹਨੀਫ਼ਾ ਉਸਤਾਨੀ ਨੇ ਮੈਨੂੰ ਦੁਆ ਕਹਾਵਣ ਦਿੱਤੀ। ਇੱਥੇ ਇਹ ਵੀ ਦੱਸਦਾ ਜਾਵਾਂ, ਇਹ ਨਹੀਂ ਕਿ ਅਸੀਂ ਗ਼ਰੀਬ ਸਾਂ ਤੇ ਪਜਾਮਾ ਲੈ ਨਹੀਂ ਸਾਂ ਸਕਦੇ, ਬੱਸ ਨਿੱਕਿਆਂ ਮੁੰਡਿਆਂ ਦੇ ਪਜਾਮੇ ਪਾਉਣ ਦਾ ਜਾਂ ਧੋਤੀ ਬੰਨ੍ਹਣ ਦਾ ਰਿਵਾਜ਼ ਹੀ ਨਹੀਂ ਸੀ। ਖ਼ੈਰ! ਜਦ ਮੈਂ ਪੜ੍ਹਨ ਲਈ ਪਿੰਡ ਦੇ ਮੁੰਡਿਆਂ ਦੇ ਸਕੂਲ ਵਿਚ ਗਿਆ ਤੇ ਪਜਾਮਾ ਪਾ ਕੇ ਹੀ ਗਿਆ ਹੋਵਾਂਗਾ। ਦੂਜੀ ਜਾਂ ਤੀਜੀ ਜਮਾਤ ਵਿਚ ਮੈਂ ਦੁਆ ਵੇਲੇ ਮਾਸਟਰ ਨੂੰ ਕਿਹਾ ਕਿ ਦੁਆ ਕਹਾਉਣ ਵਾਲੇ ਮੁੰਡੇ ਦੀ ਆਵਾਜ਼ ਚੰਗੀ ਨਹੀਂ ਤੇ ਮਾਸਟਰ ਨੇ ਮੈਨੂੰ ਲਲਕਾਰ ਨੇ ਕਿਹਾ ਕਿ ਅੱਛਾ ਫੇਰ ਤੂੰ ਪੜ੍ਹਾ। ਉਸ ਤੋਂ ਮਗਰੋਂ ਹਾਈ ਸਕੂਲ ਤੀਕਰ ਮੈਂ ਜਿਹੜੇ ਵੀ ਸਕੂਲ ਗਿਆ, ਦੁਆ ਮੈਂ ਹੀ ਕਹਵਾਂਦਾ ਸਾਂ। ਜਦ ਹਕੂਮਤ ਵੱਲੋਂ ਕੌਮੀ ਤਰਾਨਾ ਪੜ੍ਹਨਾ ਲਾਜ਼ਮੀ ਹੋਇਆ ਤੇ ਉਹ ਵੀ ਮੈਂ ਹੀ ਪੜ੍ਹਦਾ ਸਾਂ। ਬੜੇ ਚਿਰ ਤੀਕਰ ਮੈਂ ਸਕੂਲ ਤੇ ਮਸੀਤੇ ਨਾਅਤਾਂ ਵੀ ਪੜ੍ਹਦਾ ਸਾਂ। ਮੈਨੂੰ ਸਕੂਲ ਵੱਲੋਂ ਤਕਰੀਰਾਂ ਤੇ ਨਾਅਤਾਂ ਪੜ੍ਹਨ ਦੇ ਮੁਕਾਬਲਿਆਂ ਵਿਚ ਵੀ ਘੱਲਿਆ ਜਾਂਦਾ ਸੀ।

ਆਪਣੇ ਲੰਮੇ ਝੱਗੇ ਹੇਠ ਕੁਝ ਨਾ ਪਾਉਣ ਤੋਂ ਇਹ ਵੀ ਯਾਦ ਆਉਂਦਾ ਹੈ ਕਿ ਉਦੋਂ ਪਿੰਡ ਦੇ ਬਹੁਤੇ ਬੰਦਿਆਂ ਕੋਲ ਇਕ ਤੇ ਵੱਧ ਤੋਂ ਵੱਧ ਦੋ ਜੋੜੇ ਕੱਪੜੇ ਹੁੰਦੇ ਸਨ। ਬਹੁਤੇ ਨਿਆਣੇ ਵੀ ਤੇ ਸਿਆਣੇ ਵੀ ਪੈਰੀਂ ਜੁੱਤੀ ਨਹੀਂ ਸੀ ਪਾਉਂਦੇ। ਵਾਂਢੇ ਜਾਂਦਿਆਂ ਜੁੱਤੀ ਕੱਛੇ ਮਾਰ ਲੈਂਦੇ ਸਨ ਤੇ ਪਹੁੰਚਣ ਵਾਲੀ ਥਾਂ ’ਤੇ ਨੇੜੇ ਜਾ ਕੇ ਜੁੱਤੀ ਪਾ ਲੈਂਦੇ ਸਨ। ਜ਼ਾਹਿਰਨ ਪਿੰਡ ਵਿਚ ਕੋਈ ਬਹੁਤਾ ਗ਼ਰੀਬ ਵੀ ਨਹੀਂ ਸੀ ਪਰ ਫਿਰ ਵੀ ਬਹੁਤਿਆਂ ਘਰਾਂ ਵਿਚ ਸਿਆਲ ਵਿਚ ਦਾਣੇ ਮੁੱਕ ਜਾਂਦੇ ਸਨ ਤੇ ਉਹ ਜਵਾਰ ਜਾਂ ਬਾਜਰਾ ਖਾਣ ’ਤੇ ਮਜਬੂਰ ਹੋ ਜਾਂਦੇ ਸਨ। ਪਿੰਡ ਵਿਚ ਸਾਡੇ ਸਮੇਤ ਦੋ ਤਿੰਨ ਘਰ ਸਨ ਜਿਨ੍ਹਾਂ ਕੋਲ ਦਾਣੇ ਜਾਂ ਪੈਸੇ ਹੈ ਸਨ। ਪਿੰਡ ਵਿਚ ਵਸੀਲਿਆਂ ਦੇ ਨਾ ਹੋਣ ਪਾਰੋਂ ਖੇਡਾਂ ਵੀ ਉਹ ਖੇਡੀਆਂ ਜਾਂਦੀਆਂ ਸਨ ਜਿਨ੍ਹਾਂ ਵਿਚ ਕਿਸੇ ਬਾਜ਼ਾਰੂ ਸ਼ੋਅ ਦੀ ਲੋੜ ਨਾ ਹੋਵੇ। ਨਿਆਣਿਆਂ ਦੀਆਂ ਕਈ ਦਰਜਨ ਖੇਡਾਂ ਸਨ ਜਿਨ੍ਹਾਂ ਵਿਚ ਖਿੱਦੂ, ਗੁੱਲੀ ਡੰਡਾ, ਅੱਡਾ ਖੱਡਾ, ਚੀਚੋ-ਚੀਚ ਖੰਡੇਰੀਆਂ, ਧੁੱਪ ਛਾਂ, ਪਿੱਠੂ ਗਰਮ, ਵਾਂਜੂ, ਬਿੱਲੀ ਬੱਚਿਆਂ ਦੀ ਮਾਂ, ਪੱਲ ਗੋਲੀ ਅਖ਼ਰੋਟ ਖੇਡਣਾ ਜ਼ਿਆਦਾ ਮਸ਼ਹੂਰ ਸਨ। ਪੱਲ ਗੋਲੀ ਤੇ ਅਖ਼ਰੋਟ ਖੱਤੀ ਕੱਢ ਕੇ ਖੇਡੇ ਜਾਂਦੇ ਸਨ ਜਿੱਥੋਂ ‘‘ਖੇਡਣਾ ਨਾ ਖੇਡਣ ਦੇਣਾ ਤੇ ਖੱਤੀ ਵਿਚ ਮੂਤਣਾ’’ ਦਾ ਮੁਹਾਵਰਾ ਬਣਿਆ ਹੋਇਆ ਸੀ। ਸਿਆਣੇ ਕੌਡੀ, ਘੋਲ, ਮੁਗਦਰ ਚੁੱਕਣਾ, ਬਾਰਾਂ ਟਹਿਣੀ ਤੇ ਤਾਸ਼ ਦੀਆਂ ਖੇਡਾਂ ਖੇਡਦੇ ਸਨ। ਅਜੇ ਫੁੱਟਬਾਲ ਤੇ ਵਾਲੀਬਾਲ ਪਿੰਡ ਨਹੀਂ ਸਨ ਪੁੱਜੇ। ਮੈਂ ਹਰ ਖੇਡ ਖੇਡਦਾ ਸਾਂ ਤੇ ਯਕੀਨ ਕਰੋ ਕਿ ਮੈਂ ਕਬੱਡੀ ਦੇ ਮੁਕਾਬਲਿਆਂ ਵਿਚ ਵੀ ਹਿੱਸਾ ਲੈਂਦਾ ਸਾਂ। ਪਿੰਡ ਦੋ ਗੋਤਾਂ ਵਿਚ ਵੰਡਿਆ ਹੋਇਆ ਸੀ। ਜਿਨ੍ਹਾਂ ਵਿਚੋਂ ਇਕ ਨੂੰ ਵੱਛਲ ਕਹਿੰਦੇ ਸਨ ਅਤੇ ਦੂਜਿਆਂ ਨੂੰ ਢੀਂਗੇ। ਬਹੁਤੇ ਮੁਕਾਬਲੇ ਉਨ੍ਹਾਂ ਦੋਹਾਂ ਵਿਚਕਾਰ ਹੁੰਦੇ ਸਨ ਤੇ ਮੈਂ ਵੱਛਲਾਂ ਦੀ ਟੀਮ ਵੱਲੋਂ ਹਿੱਸਾ ਲੈਂਦਾ ਸਾਂ। ਅਜੇ ਵੀ ਮਹਿਕਮਾ ਮਾਲ ਤੇ ਪਟਵਾਰੀ ਦੇ ਖਾਤਿਆਂ ਵਿਚ ਜ਼ਮੀਨ ਮਾਲਕ ਦੇ ਨਾਂ ਅੱਗੇ ਵੱਛਲ ਜਾਂ ਢੀਂਗੇ ਲਿਖਿਆ ਜਾਂਦਾ ਹੈ।

ਉਨ੍ਹਾਂ ਵੇਲਿਆਂ ਵਿਚ ਪਚਾਸੀ ਤੋਂ ਲੈ ਕੇ ਨੱਬੇ ਫ਼ੀਸਦੀ ਤੀਕਰ ਲੋਕ ਪਿੰਡਾਂ ਵਿਚ ਰਹਿੰਦੇ ਤੇ ਵਾਹੀ ਬੀਜੀ ਕਰਦੇ ਸਨ। ਹਰ ਪਿੰਡ ਦੀ ਇਕ ਵੱਖ ਦੁਨੀਆਂ ਸੀ ਤੇ ਬਹੁਤੇ ਜਣਿਆਂ ਨਾਲ ਦਾ ਪਿੰਡ ਵੀ ਸਾਰੀ ਉਮਰ ਨਹੀਂ ਸੀ ਵੇਖਿਆ ਹੋਇਆ। ਮੇਰੇ ਮਾਮੇ ਦਾ ਪਿੰਡ ਦੋ ਮੀਲ ਦੂਰ ਸੀ ਤੇ ਅਸੀਂ ਛੁੱਟੀਆਂ ਵਿਚ ਉੱਥੇ ਜਾ ਕੇ ਕੁਝ ਦਿਨ ਪ੍ਰਾਹੁਣਚਾਰੀ ਦਾ ਮਜ਼ਾ ਲੈਣਾ ਹੁੰਦਾ ਸੀ ਕਿ ਕਈ ਦਿਨ ਪਹਿਲਾਂ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਇਹੋ ਹੀ ਕਾਰਨ ਸੀ ਕਿ ਜਦੋਂ ਸਾਡੇ ਨਾਲ ਦੇ ਪਿੰਡ ਆਖਣ ਸ਼ਾਹ ਦਾ ਮੇਲਾ ਲੱਗਦਾ ਸੀ ਤੇ ਉੱਥੇ ਆਲੇ-ਦੁਆਲੇ ਦੇ ਬੰਦੇ ਬੁੱਢੀਆਂ ਦੇ ਠੱਠ ਲੱਗ ਜਾਂਦੇ ਸਨ। ਮੇਲੇ ਵਿਚ ਮਿਠਾਈ ਤੇ ਰੰਗ ਬਿਰੰਗੇ ਦੀਆਂ ਸ਼ੈਆਂ ਦਾ ਇਕ ਬਾਜ਼ਾਰ ਲੱਗਦਾ ਸੀ ਜਿਹਦੇ ਵਿਚ ਪੰਜਾਬੀ ਕਿਤਾਬਾਂ ਦਾ ਸਟਾਲ ਹੁੰਦਾ ਸੀ। ਮੇਲੇ ਤੇ ਕਵਾਲੀਏ, ਨਕਲੀਏ ਤੇ ਗਾਉਣ ਦਾ ਥੀਏਟਰ ਵੀ ਲੱਗਦਾ ਸੀ। ਦੋ ਗੱਲਾਂ ਬਾਰੇ ਮੈਂ ਅੱਜ ਵੀ ਬੜਾ ਹੈਰਾਨ ਹੁੰਦਾ ਵਾਂ। ਇਕ ਤੇ ਇਹ ਕਿ ਸੱਠ ਦੀ ਦਹਾਈ (1960ਵਿਆਂ) ਵਿਚ ਗਾਉਣ ਦੇ ਥੀਏਟਰ ਵਿਚ ਜਨਰੇਟਰਾਂ ਨਾਲ ਪੈਦਾ ਕੀਤੀ ਬਿਜਲੀ ਨਾਲ ਰੌਸ਼ਨੀ ਕੀਤੀ ਜਾਂਦੀ ਸੀ ਤੇ ਸਟੇਜ ਦੇ ਪਿੱਛੇ ਵੀ ਰੰਗ ਬਿਰੰਗੇ ਮੇਜ਼ਰ ਬਣਾਏ ਜਾਂਦੇ ਸਨ। ਦੂਜੀ ਇਹ ਜੋ ਸੱਠ ਦੀ ਦਹਾਈ ਵਿਚ ਹੀ ਪਿੰਡ ਦੀ ਮਸੀਤ ਵਿਚ ਲਾਊਡ ਸਪੀਕਰ ਆ ਗਿਆ ਸੀ ਜਿਹਦੇ ’ਤੇ ਬਾਂਗ ਦਿੱਤੀ ਜਾਂਦੀ ਸੀ, ਨਾਅਤਾਂ ਪੜ੍ਹੀਆਂ ਜਾਂਦੀਆਂ ਸਨ ਤੇ ਪਿੰਡ ਦਾ ਇਮਾਮ ਮਸਜਿਦ ਹਾਫਿਜ਼ ਅਬਦੁਲ-ਹਕੀਮ ਖ਼ੁਤਬਾ ਦਿੰਦਾ ਸੀ। ਸੋ ਮਤਲਬ ਇਹ ਹੋਇਆ ਕਿ ਪਿੰਡਾਂ ਵਿਚ ਸਭ ਤੋਂ ਪਹਿਲਾਂ ਟੈਕਨਾਲੋਜੀ ਮਸੀਤ ਤੇ ਥੀਏਟਰ ਰਾਹੀਂ ਆਈ। ਤੁਸੀਂ ਨਵੇਂ ਜ਼ਮਾਨੇ ਵਿਚ ਵੀ ਵੇਖੋ ਤੇ ਟੈਕਨਾਲੋਜੀ ਨੂੰ ਮਜ਼ਹਬੀ ਲੋਕਾਂ ਪਹਿਲਾਂ ਵਰਤਿਆ ਜਿਸ ਦੀ ਸਭ ਤੋਂ ਵੱਡੀ ਮਿਸਾਲ ਇਰਾਨ ਦਾ ਇਨਕਲਾਬ ਹੈ ਜਿੱਥੇ ਰੂਹ-ਉੱਲਾਹ ਖੁਮੈਨੀ ਨੇ ਟੋਪਾਂ ਰਾਹੀਂ ਸ਼ਾਹ ਇਰਾਨ ਖ਼ਿਲਾਫ਼ ਪ੍ਰਾਪੇਗੰਡਾ ਕੀਤਾ। ਇਸ ਲਈ ਮਦਰੱਸਿਆਂ ਦੇ ਮੌਲਾਨਿਆਂ ਨੂੰ ਟੈਕਨਾਲੋਜੀ ਦਾ ਸਬਕ ਦੇਣ ਵਾਲਿਆਂ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਉਹ (ਮੌਲਾਨੇ) ਟੈਕਨਾਲੋਜੀ ਵਰਤਣ ਵਿਚ ਬਾਕੀਆਂ ਨਾਲੋਂ ਅੱਗੇ ਰਹੇ ਹਨ।

ਹਰ ਪਿੰਡ ਦੀ ਵੱਖ ਦੁਨੀਆ ਇਸ ਲਈ ਹੁੰਦੀ ਕਿ ਤਕਰੀਬਨ ਹਰ ਸ਼ੈਅ ਪਿੰਡ ਵਿਚ ਹੀ ਬਣਾਈ ਜਾਂਦੀ ਸੀ ਤੇ ਹਰ ਸ਼ੈਅ ਨੂੰ ਬਣਾਉਣ ਲਈ ਕੰਮੀ (ਦਸਤਕਾਰ) ਹੁੰਦੇ ਸਨ। ਇਸ ਤਰ੍ਹਾਂ ਦੇ ਆਪ-ਪਾਲੂ (ਸਵੈ-ਨਿਰਭਰ) ਪਿੰਡ ਦੀ ਬੁਨਿਆਦ ਦੂਜੀ ਤੀਜੀ ਸਦੀ ਵਿਚ ਮੌਰੀਆ ਬਾਦਸ਼ਾਹਾਂ ਦੇ ਜ਼ਮਾਨੇ ਵਿਚ ਰੱਖੀ ਗਈ ਸੀ। ਉਹ ਜਦ ਵੀ ਨਵਾਂ ਪਿੰਡ ਪੈਣ ਦੀ ਮਨਜ਼ੂਰੀ ਦਿੰਦੇ ਸਨ ਤੇ ਉਸ ਵਿਚ ਅੱਠ ਤੋਂ ਸੋਲਾਂ ਕੰਮੀਆਂ ਦਾ ਹੋਣਾ ਲਾਜ਼ਮੀ ਕਰਾਰ ਦਿੰਦੇ ਸਨ। ਇਹ ਵਰਤਾਰਾ ਅੰਗਰੇਜ਼ਾਂ ਦੇ ਵੇਲੇ ਤੀਕਰ ਰਿਹਾ। ਜਦ ਨਹਿਰਾਂ ਕੱਢ ਕੇ ਬਾਰਾਂ ਆਬਾਦ ਕੀਤੀਆਂ ਗਈਆਂ ਤੇ ਉਨ੍ਹਾਂ ਨੇ ਸ਼ਹਿਰਾਂ ਦੀ ਤਰਜ਼ ’ਤੇ ਖੁੱਲ੍ਹੀਆਂ ਗਲੀਆਂ ਵਾਲੇ ਹਰ ਨਵੇਂ ਪਿੰਡ ਵਿਚ ਕੰਮੀਆਂ ਲਈ ਵੱਖਰੀ ਗਲੀ ਬਣਾਈ। ਕੰਮੀਆਂ ਵਿਚੋਂ ਬਹੁਤਿਆਂ ਨੂੰ ਪਿੰਡ ਦੇ ਨਾਲ ਇਕ-ਇਕ ਦੋ-ਦੋ ਕਿੱਲੇ ਜ਼ਮੀਨ ਵੀ ਦਿੱਤੀ ਗਈ।

ਇਹ ਕੰਮੀ ਸਾਰਾ ਸਾਲ ਪਿੰਡ ਵਾਲਿਆਂ ਨੂੰ ਵੱਖ ਵੱਖ ਲੋੜ ਦੀਆਂ ਸ਼ੈਆਂ ਬਣਾ ਕੇ ਦਿੰਦੇ ਸਨ ਤੇ ਫ਼ਸਲ ਚੁੱਕਣ ਵੇਲੇ ਉਨ੍ਹਾਂ ਨੂੰ ਖ਼ਾਸ ਮਿਕਦਾਰ ਵਿਚ ਦਾਣੇ ਦਿੱਤੇ ਜਾਂਦੇ ਸਨ। ਸਾਡੇ ਪਿੰਡ ਦੇ ਕੰਮੀਆਂ ਵਿਚ ਲੁਹਾਰ, ਤਰਖਾਣ, ਨਾਈ, ਮੋਚੀ, ਤੇਲੀ, ਕੁਮਹਾਰ, ਜੁਲਾਹਾ, ਭਰਾਈ, ਮਾਸ਼ਕੀ, ਚੌਕੀਦਾਰ, ਵਗਾਰੀ, ਮਿਰਾਸੀ, ਘੜੀ ਰੱਖਣ ਵਾਲਾ, ਸੁਨਿਆਰਾ ਤੇ ਕਸਾਈ ਵਗ਼ੈਰਾ ਸ਼ਾਮਿਲ ਸਨ। ਬਾਅਦ ਵਿਚ ਦਰਜ਼ੀ ਅਤੇ ਧੋਬੀ ਵੀ ਕੰਮੀਆਂ ਵਿਚ ਆ ਗਏ ਸਨ ਪਰ ਉਹ ਆਮ ਤੌਰ ’ਤੇ ਪੈਸਿਆਂ ’ਤੇ ਕੰਮ ਕਰਦੇ ਸਨ। ਉਨ੍ਹਾਂ ਵੇਲਿਆਂ ਵਿਚ ਕੰਮੇ ਅਤੇ ਮਜ਼ਦੂਰ ਨਿੱਕੇ ਮੋਟੇ ਕੰਮਾਂ ਵਿਚ ਹੱਥ ਪੁਆ ਕੇ ਆਪਣੇ ਡੰਗਰਾਂ ਲਈ ਪੱਠੇ ਵੀ ਮੁਫ਼ਤ ਵੱਢ ਲੈਂਦੇ ਸਨ, ਗੰਨੇ ਤੇ ਹੋਰ ਖਾਣ ਪੀਣ ਦੀਆਂ ਜਿਨਸਾਂ ਤੋਂ ਵੱਖ ਜੇ ਗੁੜ ਜਾਂ ਸ਼ੱਕਰ ਬਣ ਰਿਹਾ ਹੋਵੇ ਤਾਂ ਇਸ ਵਿਚੋਂ ਵੀ ਸੇਰ, ਦੋ ਸੇਰ ਲੈ ਜਾਣ ’ਤੇ ਕੋਈ ਇਤਰਾਜ਼ ਨਹੀਂ ਸੀ ਕਰਦਾ। ਮਤਲਬ ਇਹ ਹੈ ਕਿ ਕੰਮੀ ਕਾਰਾ ਤੇ ਮਜ਼ਦੂਰ ਭੁੱਖੇ ਨਹੀਂ ਸੌਂਦੇ ਸਨ ਤੇ ਉਨ੍ਹਾਂ ਦਾ ਗੁਜ਼ਾਰਾ ਹੋ ਜਾਂਦਾ ਸੀ ਜਾਂ ਇੰਝ ਸਮਝ ਲਵੋ ਕਿ ਉਨ੍ਹਾਂ ਦਾ ਪਾਲਣਾ ਪਿੰਡ ਦੀ ਜ਼ਿੰਮੇਵਾਰੀ ਸੀ। ਵੰਡ ਤੋਂ ਪਹਿਲਾਂ ਦੇ ਪਿੰਡ ਬਾਰੇ ਡਾ. ਸਮਸ਼ੇਰ ਸਿੰਘ ਦੀ ਕਿਤਾਬ ‘ਵਿਛੋੜੇ ਦੇ ਦਾਗ਼’ ਬੜਾ ਚਾਨਣ ਪਾਉਂਦੀ ਹੈ।

ਮੈਂ ਕਈ ਸਾਲਾਂ ਤੋਂ ਆਪਣੇ ਕਾਲਮਾਂ ਤੇ ਮਜ਼ਮੂਨਾਂ ਵਿਚ ਪਿੰਡ ਦੇ ਆਪ-ਪਾਲੂ ਤੇ ਇਕੱਲਾ ਹੋਣ ਦਾ ਨਕਸ਼ਾ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਜੋ ਇੱਕੀਵੀਂ ਸਦੀ ਵਿਚ ਹੋਣ ਵਾਲੀਆਂ ਅਦਲਾ-ਬਦਲੀਆਂ ਦਾ ਨਿਖੇੜਾ ਕੀਤਾ ਜਾ ਸਕੇ। ਇਸ ਤਰ੍ਹਾਂ ਦਾ ਨਿਖੇੜਾ ਜਰਮਨ ਫਿਲਾਸਫ਼ਰ ਐਰਿਕ ਫ਼ਰਾਮ ਨੇ ਯੂਰਪ ਬਾਰੇ ਕੀਤਾ ਹੈ। ਉਸ ਨੇ ਆਪਣੀ ਪੁਣਛਾਣ ਵਿਚ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਸਨਅਤੀ ਇਨਕਲਾਬ ਤੋਂ ਪਹਿਲਾਂ ਆਪ-ਪਾਲੂ ਪਿੰਡਾਂ ਦੀ ਟੁੱਟ ਭੱਜ ਹੋਈ ਤੇ ਕਿਵੇਂ ਹਿਟਲਰ ਦੀ ਤਾਨਾਸ਼ਾਹੀ ਸਮੇਤ ਨਵੇਂ ਨਜ਼ਰੀਏ ਜੰਮੇ। ਇਸ ਦਾ ਮੰਨਣਾ ਹੈ ਕਿ ਆਪ-ਪਾਲੂ ਪਿੰਡਾਂ ਵਿਚ ਹਰ ਇਕ ਦਾ ਰੋਲ ਨਸਲ-ਦਰ-ਨਸਲ ਮਿਥਿਆ ਹੁੰਦਾ ਸੀ ਤੇ ਕੋਈ ਵੀ ਇਸ ਨੂੰ ਤੋੜ ਨਹੀਂ ਸੀ ਸਕਦਾ। ਪਰ ਉਸ ਦੇ ਕਹਿਣ ਮੂਜਬ ਭਾਵੇਂ ਬੰਦੇ ਨੂੰ ਰੋਲ ਬਦਲੀ ਦੀ ਇਜਾਜ਼ਤ ਨਹੀਂ ਸੀ ਪਰ ਉਸ ਦੀਆਂ ਲੋੜਾਂ ਪੂਰੀਆਂ ਕਰਨਾ ਸਮਾਜ ਦੀ ਜ਼ਿੰਮੇਵਾਰੀ ਸੀ। ਇਸ ਲਈ ਆਪ-ਪਾਲੂ ਪਿੰਡਾਂ ਵਿਚ ਰਹਿਣ ਵਾਲਿਆਂ ਨੂੰ ਆਪਣੇ ਭਲਕ ਬਾਰੇ ਕੋਈ ਬੇਵਸਾਹੀ ਨਹੀਂ ਸੀ। ਆਪ-ਪਾਲੂ ਪਿੰਡਾਂ ਦੇ ਟੁੱਟਣ ਨਾਲ ਬੰਦਾ ਸਮਾਜ ਵਿਚ ਆਪਣਾ ਰੋਲ ਮਿੱਥਣ ਦੇ ਕਾਬਲ ਹੋ ਗਿਆ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਲੁਹਾਰ ਦਾ ਪੁੱਤਰ ਲੁਹਾਰ ਕੁਝ ਵੀ ਬਣ ਸਕਦਾ ਹੈ ਪਰ ਹੁਣ ਉਸ ਨੂੰ ਪਾਲਣਾ ਕਿਸੇ ਦੀ ਜ਼ਿੰਮੇਵਾਰੀ ਨਹੀਂ।

ਇਹ ਸਾਰੀ ਅਦਲਾ-ਬਦਲੀ ਪੈਦਾਵਾਰ ਦੇ ਢੰਗ (ਬੰਦੇ ਦੀ ਥਾਂ ਮਸ਼ੀਨ ਦਾ ਆਉਣਾ) ਬਦਲਣ ਨਾਲ ਆਈ ਹੈ ਪਰ ਇਹ ਨਹੀਂ ਕਿ ਇਹ ਸਾਰੀ ਟੈਕਨਾਲੋਜੀ ਪਹਿਲਾਂ ਹੈ ਹੀ ਨਹੀਂ ਸੀ। ਕੁੰਵਰ ਮਹਿੰਦਰ ਸਿੰਘ ਬੇਦੀ ਦੀ ਕਿਤਾਬ ‘ਯਾਦੋਂ ਕਾ ਜਸ਼ਨ’ ਪੜ੍ਹੋ ਤਾਂ ਪਤਾ ਲੱਗਦਾ ਹੈ ਕਿ ਉਹ 1909 ਵਿਚ ਸਾਹੀਵਾਲ ਵਿਚ ਇਕ ਬੜੇ ਵੱਡੇ ਜਗੀਰਦਾਰ ਟੱਬਰ ਵਿਚ ਜੰਮੇ ਪਰ ਉਸ ਵੇਲੇ ਵੀ ਉਨ੍ਹਾਂ ਕੋਲ ਮੋਟਰਸਾਈਕਲ, ਕਾਰਾਂ ਤੇ ਪਾਣੀ ਕੱਢਣ ਲਈ ਟਿਊਬਵੈਲ ਲੱਗੇ ਹੋਏ ਸਨ। ਇਸ ਦਾ ਮਤਲਬ ਇਹ (ਤਕਨਾਲੋਜੀ ਤੇ ਆਧੁਨਿਕ ਸੰਦ) ਉਸ ਵੇਲੇ ਦੇ ਜਾਗੀਰਦਾਰੀ ਸਮਾਜ ਨੂੰ ਬਦਲ ਨਹੀਂ ਸਨ ਸਕਦੇ।

ਪਾਕਿਸਤਾਨ ਤੇ ਖ਼ਾਸ ਤੌਰ ’ਤੇ ਪੰਜਾਬ ਵਿਚ ਹੋਣ ਵਾਲੀ ਮੁੱਢਲੀ ਅਦਲਾ-ਬਦਲੀ ਦਾ ਨਕਸ਼ਾ ਖਿੱਚਣ ਲਈ ਮੈਂ ਆਪਣੇ ਪਿੰਡ ਤੇ ਆਪਣੇ ਟੱਬਰ ਨੂੰ ਹੀ ਮਿਸਾਲ ਰੱਖਾਂਗਾ ਕਿਉਂਜੋ ਇਹ ਸ਼ਹਿਰ ਤੋਂ ਦੂਰ ਆਮ ਜਿਹਾ ਪਿੰਡ ਸੀ ਤੇ ਸਾਡਾ ਪੂਰਾ ਟੱਬਰ ਵੀ ਵਾਹੀ ਬੀਜੀ ਤੋਂ ਵੱਖ ਹੋਰ ਕੁਝ ਨਹੀਂ ਸੀ ਕਰਦਾ। ਇਸ ਪਿੰਡ ਦਾ ਨਾਂ ਬੁਰਜਵਾਲਾ ਸੀ ਜਿਸ ਵਿਚ ਕੋਈ 3000 ਏਕੜ ਜਾਂ 120-122 ਮੁਰੱਬੇ ਜ਼ਮੀਨ ਸੀ। ਪਿੰਡ ਵਿਚ ਬੁਰਜਵਾਲੇ ਦੇ ਨਾਂ ਨਾਲ ਥਾਣਾ ਹੋਣ ਪਾਰੋਂ ਚੋਰੀਆਂ ਨਹੀਂ ਹੁੰਦੀਆਂ ਸਨ, ਹਾਲਾਂ ਉਨ੍ਹਾਂ ਦਿਨਾਂ ਵਿਚ ਮਾਲ ਡੰਗਰ ਦੀ ਚੋਰੀ ਆਮ ਸੀ। ਇਹ ਮਸ਼ਹੂਰ ਸੀ ਕਿ ਸਾਡੇ ਪਿੰਡ ਦੇ ਬੰਦੇ ਥਾਣੇ ਨਹੀਂ ਜਾਂਦੇ ਸਨ ਤੇ ਜੇ ਬਹੁਤਾ ਰੱਫੜ ਵੀ ਹੋ ਜਾਵੇ ਤਾਂ ਥਾਣੇ ਦੀ ਰਾਹ ਵਿਚ ਖਾਲੇ ਦੇ ਪੁਲ ਤੋਂ ਮੁੜ ਆਉਂਦੇ ਸਨ। ਸੁਣਦੇ ਸਾਂ, ਪਿੰਡ ਪੈਣ ਤੋਂ ਲੈ ਕੇ ਸਾਡੇ ਵੇਲਿਆਂ ਤੀਕਰ ਪਾਣੀ ਦੇ ਝਗੜੇ ਤੇ ਕਤਲ ਹੋਇਆ ਸੀ। ਦੂਜਾ ਕਤਲ ਮੇਰੇ ਵੱਡੇ ਭਰਾ ਇਸਮਾਈਲ ਨੇ ਨਾਲ ਲਗਦੇ ਪਿੰਡ ਵਿਚੋਂ ਆਏ ਇਕ ਚੋਰ ਦਾ ਕੀਤਾ ਸੀ। ਉਸ ਵਿਚ ਮੇਰੇ ਪਿਉ ਨੇ ਉਸ ਜ਼ਮਾਨੇ ਦੇ 5500 ਰੁਪਏ ਦੇ ਕੇ ਵੱਡਾ ਭਾਰੀ ਵਕੀਲ, ਚੌਧਰੀ ਨਜ਼ੀਰ ਅਹਿਮਦ ਕੀਤਾ ਸੀ ਜਿਹੜਾ ਬਾਅਦ ਵਿਚ ਅਟਾਰਨੀ ਜਨਰਲ ਵੀ ਬਣਿਆ ਸੀ। ਮੈਂ ਜਿਸ ਦਿਨ ਜੰਮਿਆ ਸਾਂ ਉਸੇ ਦਿਨ ਮੇਰਾ ਭਰਾ ਬਰੀ ਹੋਇਆ ਸੀ।

ਸਾਡੇ ਪਿੰਡ ਦਾ ਨਾਂ ਬੁਰਜਵਾਲਾ ਇਸ ਲਈ ਨਹੀਂ ਕਿ ਪਿੰਡ ਦੇ ਕਬਰਸਤਾਨ ਦੇ ਲਾਗੇ ਇਕ ਬਹੁਤ ਉੱਚਾ ਬੁਰਜ ਸੀ ਜਿਹੜਾ ਕਿਸੇ ਗੁਜ਼ਰੇ ਹਾਕਮ ਦੇ ਦੌਰ ਤਾਈਂ ਆਉਂਦੀਆਂ ਫ਼ੌਜਾਂ ਨੂੰ ਵੇਖਣ ਲਈ ਆਬਜ਼ਰਵੇਟਰੀ ਬਣਾਇਆ ਹੋਏਗਾ। ਬੁਰਜ ਦੇ ਵਿਚਕਾਰ ਇਕ ਉੱਤੇ ਨੂੰ ਜਾਂਦੀ ਮੋਰੀ ਸੀ ਜਿਸ ਰਾਹੀਂ ਸ਼ਾਇਦ ਉੱਤੇ ਬਹਿਣ ਵਾਲਿਆਂ ਲਈ ਰੋਟੀ ਟੁੱਕ ਘੱਲਿਆ ਜਾਂਦਾ ਹੋਵੇਗਾ। ਬੁਰਜ ਦੇ ਬਾਰੇ ਇਹ ਵੀ ਮਸ਼ਹੂਰ ਸੀ ਕਿ ਇਸ ਵਿਚ ਇਕ ਨਾਗ ਵੀ ਰਹਿੰਦਾ ਹੈ। ਸੱਪ ਦਾ ਵੀ ਡਰ ਹੋਵੇਗਾ ਪਰ ਬੁਰਜ ਇੰਨਾ ਉੱਚਾ ਹੈ ਕਿ ਅਜੇ ਤੀਕਰ ਪਿੰਡ ਦੇ ਕਿਸੇ ਬੰਦੇ ਵਿਚ ਵੀ ਇਸ ’ਤੇ ਚੜ੍ਹਨ ਦਾ ਹੌਸਲਾ ਨਹੀਂ ਸੀ ਪਿਆ। ਬੁਰਜ ਦੇ ਸੱਪ ਤੋਂ ਯਾਦ ਆਇਆ ਕਿ ਪਿੰਡ ਦੁਆਲੇ ਖਾਲੀ ਥਾਵਾਂ ਬਾਰੇ ਮਸ਼ਹੂਰ ਸੀ ਉੱਥੇ ਬਾਹਰਲੀਆਂ (ਜਿੰਨ, ਭੂਤ, ਚੁੜੇਲਾਂ) ਰਹਿੰਦੀਆਂ ਸਨ। ਮਸਲਨ ਸਾਡੇ ਪਿੰਡ ਦੇ ਬਾਹਰ ਸਰਕਾਰ ਨੇ ਕਾਫ਼ੀ ਸਾਰੀ ਜ਼ਮੀਨ ਖਾਲੀ ਛੱਡੀ ਹੋਈ ਸੀ ਜਿਹਨੂੰ ‘ਬਕਾਇਆ’ ਕਹਿੰਦੇ ਸਨ। ਮੇਰਾ ਖ਼ਿਆਲ ਹੈ ਇਹ ਜ਼ਮੀਨ ਆਉਣ ਵਾਲੇ ਵੇਲੇ ਦੀਆਂ ਲੋੜਾਂ ਲਈ ਛੱਡੀ ਗਈ ਹੋਵੇਗੀ। ਪਰ ਇਸ ਰੜੇ ਮੈਦਾਨ ਵਿਚ ਦਿਨ ਨੂੰ ਤੇ ਖੇਡਾਂ ਖੇਡੀਆਂ ਜਾਂਦੀਆਂ ਸਨ ਪਰ ਪਤਾ ਨਹੀਂ ਕਿਉਂ ਰਾਤ ਨੂੰ ਉੱਥੇ ਜਾਂਦਿਆਂ ਡਰ ਲੱਗਦਾ ਸੀ। ਸਿਖ਼ਰ ਦੁਪਹਿਰਾਂ ਵਿਚ ਵੀ ਉੱਥੇ ‘ਬਾਹਰਲੀਆਂ’ ਦਾ ਡਰ ਰਹਿੰਦਾ ਸੀ। ਉਦੋਂ ਅਜੇ ਖਾਲੀ ਥਾਵਾਂ ਤੇ ਬਾਰ ਦੇ ਕਰੀਰ, ਜੰਡ ਤੇ ਅੱਕ ਵਰਗੇ ਟਾਵੇਂ ਟਾਵੇਂ ਦਰਖ਼ਤ ਤੇ ਕਾਨਿਆਂ ਦੇ ਝਾੜ ਬੂਟੇ ਮਿਲ ਜਾਂਦੇ ਸਨ।

ਸਾਡੇ ਅੰਗਰੇਜ਼ਾਂ ਦੇ ਆਬਾਦ ਕੀਤੇ ਪਿੰਡ ਵਿਚ ਹਰ ਟੱਬਰ ਕੋਲ ਇਕ ਮੁਰੱਬਾ (ਪੰਝੀ ਏਕੜ) ਜ਼ਮੀਨ ਸੀ। ਪਿੰਡ ਦੇ ਨੰਬਰਦਾਰਾਂ ਕੋਲ ਥੋੜ੍ਹੀ ਵੱਧ ਜ਼ਮੀਨ ਹੁੰਦੀ ਸੀ। ਨੰਬਰਦਾਰ ਮਾਲੀਆ ਤੇ ਆਬਿਆਨਾ ਵੀ ਇਕੱਠਾ ਕਰਦੇ ਜਿਸ ਦਾ ਉਨ੍ਹਾਂ ਨੂੰ 5 ਫ਼ੀਸਦੀ ਮਿਲਦਾ ਸੀ ਜਿਹਨੂੰ ਪੰਜੋਰਤਾ ਕਿਹਾ ਜਾਂਦਾ ਸੀ। ਇੱਥੇ ਕੋਈ ਵੱਡਾ ਜ਼ਿਮੀਂਦਾਰ ਜਾਂ ਜਾਗੀਰਦਾਰ ਨਹੀਂ ਸੀ ਪਰ ਇਸ ਨਾਲ ਮੁੱਢਲੇ ਪੈਦਾਵਾਰੀ ਢੰਗ ਬਾਰੇ ਗੱਲਬਾਤ ਕਰਨ ਵਿਚ ਕੋਈ ਫ਼ਰਕ ਨਹੀਂ ਪੈਂਦਾ। ਵੱਡੇ ਜਾਗੀਰਦਾਰ ਦਿਆਂ ਪਿੰਡਾਂ ਵਿਚ ਲੋਕਾਂ ’ਤੇ ਭਾਰ ਚੋਖ਼ਾ ਹੋਵੇਗਾ ਪਰ ਪਿੰਡ ਦੀ ਮੁੱਢਲੀ ਬਣਤਰ ਤੇ ਇੱਕੋ ਜਿਹੀ ਹੋਵੇਗੀ। ਮਤਲਬ ਕੁਝ ਲੋਕ ਵਾਹੀ ਬੀਜੀ ਦਾ ਕੰਮ ਕਰਦੇ ਸਨ ਤੇ ਦੂਜੇ ਕੰਮੀ (ਦਸਤਕਾਰ) ਦੂਜੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ ਕਰਦੇ ਸਨ।