‘ਆਪ’ ਵਰਕਰਾਂ ਵੱਲੋਂ ਮਹਿਲਾ ਕਮਿਸ਼ਨ ਦੇ ਦਫ਼ਤਰ ਅੱਗੇ ਮੁਜ਼ਾਹਰਾ

ਗੋਪਾਲ ਇਟਾਲੀਆ ਨੂੰ ਹਿਰਾਸਤ ਵਿੱਚ ਲੈਣ ’ਤੇ ‘ਆਪ’ ਵਰਕਰਾਂ ਵਿੱਚ ਰੋਹ

ਨਵੀਂ ਦਿੱਲੀ-ਇੱਥੇ ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਹਿਲਾ ਕਮਿਸ਼ਨ ਦਫਤਰ ਦੇ ਬਾਹਰ ਮੁਜ਼ਾਹਰਾ ਕੀਤਾ। ਇਹ ਮੁਜ਼ਾਹਰਾ ਉਨ੍ਹਾਂ ਵਿਧਾਨ ਸਭਾ ਚੋਣ ਵਾਲੇ ਰਾਜ ਗੁਜਰਾਤ ਦੇ ‘ਆਪ’ ਦੇ ਮੁਖੀ ਗੋਪਾਲ ਇਟਾਲੀਆ ਨੂੰ ਕੌਮੀ ਮਹਿਲਾ ਕਮਿਸ਼ਨ ਵੱਲੋਂ ਤਲਬ ਕੀਤੇ ਜਾਣ ਖ਼ਿਲਾਫ਼ ਤੇ ਮਹਿਲਾ ਕਮਿਸ਼ਨ ਦੇ ਦਫ਼ਤਰ ਤੋਂ ਇਸੇ ਦੌਰਾਨ ਉਨ੍ਹਾਂ ਨੂੰ ਹਿਰਾਸਤ ਵਿੱਚ ਲੈਣ ਖ਼ਿਲਾਫ਼ ਕੀਤਾ ਗਿਆ। ‘ਆਪ’ ਦੇ ਪ੍ਰਦਰਸ਼ਨਕਾਰੀਆਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਜਿਨ੍ਹਾਂ ਉਪਰ ਗੁਜਰਾਤੀ ਭਾਸ਼ਾ ਵਿੱਚ ਵੀ ਨਾਹਰੇ ਲਿਖੇ ਹੋਏ ਸਨ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਦੀ ਤੇ ਗੁਜਰਾਤ ਦੀਆਂ ਭਾਜਪਾ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਗੋਪਾਲ ਗੁਜਰਾਤ ਦੇ ‘ਪਾਟੀਦਾਰ’ ਭਾਈਚਾਰੇ ਨਾਲ ਸਬੰਧਤ ਹਨ ਜਿਸ ਕਰਕੇ ਗੁਜਰਾਤ ਚੋਣਾਂ ਕਰਕੇ ਗੋਪਾਲ ਨੂੰ ਹਿਰਾਸਤ ਵਿੱਚ ਲੈਣ ਮਗਰੋਂ ‘ਆਪ’ ਦੇ ਸੀਨੀਅਰ ਆਗੂ ਇਟਾਲੀਆ ਦੇ ਹੱਕ ਵਿੱਚ ਨਿੱਤਰ ਆਏ ਹਨ। ਪ੍ਰਦਰਸ਼ਨਕਾਰੀਆਂ ਵਿੱਚੋਂ ਕਈਆਂ ਨੇ ਕਿਹਾ ਕਿ ਭਾਜਪਾ ਪਾਟੀਦਾਰ ਭਾਈਚਾਰੇ ਖ਼ਿਲਾਫ਼ ਹੈ ਇਸੇ ਕਰਕੇ ਉਹ ਇਸ ਭਾਈਚਾਰੇ ਵਿੱਚੋਂ ਕਿਸੇ ਨੂੰ ਉੱਭਰਦਾ ਦੇਖ ਕੇ ਨਹੀਂ ਸਕਦੀ।

ਨੈਸ਼ਨਲ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਦੱਸਿਆ ਕਿ ਜਦੋਂ ਗੋਪਾਲ ਇਟਾਲੀਆ ਨੂੰ ਤਲਬ ਕੀਤਾ ਗਿਆ ਤੇ ਕਈ ‘ਆਪ’ ਕਾਰਕੁਨ ਬੈਨਰ ਲੈ ਕੇ ਇੱਕਠੇ ਹੋ ਗਏ। ਉਨ੍ਹਾਂ ਦਫ਼ਤਰ ਵਿੱਚ ਦਾਖ਼ਲ ਹੋਣ ਲਈ ਗੇਟ ਨੂੰ ਧੱਕਾ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਬੜੀ ਮਸ਼ੱਕਤ ਮਗਰੋਂ ਉਨ੍ਹਾਂ ਨੂੰ ਦਾਖ਼ਲ ਹੋਣ ਤੋਂ ਰੋਕਿਆ। ਕਮਿਸ਼ਨ ਵੱਲੋਂ ਇਸੇ ਦੌਰਾਨ ਦਿੱਲੀ ਪੁਲੀਸ ਨੂੰ ਵੀ ਸੂਚਿਤ ਕੀਤਾ ਕਿ ਕਾਰਕੁਨ ਲੋਕਾਂ ਤੇ ਇਮਾਰਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਸੇ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੋਪਾਲ ਨੂੰ ਹਿਰਾਸਤ ਵਿੱਚ ਲੈਣ ਨੂੰ ਨਾਟਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਇਸ ਲਈ ਸੰਮਨ ਭੇਜੇ ਗਏ ਕਿ ਦਿੱਲੀ ਵਿੱਚ ਸਰਕਾਰ ਚੰਗਾ ਕੰਮ ਕਰ ਰਹੀ ਹੈ। ਕੇਂਦਰ ਸਰਕਾਰ ਤਾਂ ਸਕੂਲ ਵੀ ਨਹੀਂ ਚਲਾ ਸਕਦੀ। ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਇਹ ਨਹੀਂ ਪਤਾ ਕਿ ਕਿਵੇਂ ਪੜ੍ਹਾਉਣਾ ਹੈ। ਇੱਥੋਂ ਤੱਕ ਕਿ ਉਹ ਇੱਕ ਚੰਗਾ ਸਕੂਲ ਤੱਕ ਨਹੀਂ ਬਣਾ ਸਕੇ। ਉਨ੍ਹਾਂ ਹਿਰਾਸਤ ਨੂੰ ਇੱਕ ਨਾਟਕ ਕਰਾਰ ਦਿੱਤਾ।ਇਸ ਮੌਕੇ ਉਨ੍ਹਾਂ ਗੁਜਰਾਤ ਤੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਆਲੋਚਨਾ ਕੀਤਾ।

ਗੋਪਾਲ ਇਟਾਲੀਆ ਵਰਗੇ ਲੋਕ ਜੇਲ੍ਹ ਵਿੱਚ ਹੋਣ: ਭਾਜਪਾ

ਨਵੀਂ ਦਿੱਲੀ (ਪੱਤਰ ਪ੍ਰੇਰਕ):
ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅੱਜ ਜਿਸ ਤਰ੍ਹਾਂ ਨਾਲ ਗੁਜਰਾਤ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਗੋਪਾਲ ਇਟਾਲੀਆ ਦਾ ਹਿੰਦੂ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ ਤੇ ਜਿਸ ਨਾਲ ਖੁਦ ਗੁਜਰਾਤ ਦਾ ਪਾਰਟੀ ਸਮਾਜ ਵੀ ਸਹਿਮਤ ਨਹੀਂ ਹੈ, ਉਸ ‘ਤੇ ਇਹ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਸਿਰਫ ਇੱਕ ਖਾਸ ਵਰਗ ਨੂੰ ਸਮਰਥਨ ਦੇਣ ਦੀ ਰਾਜਨੀਤੀ ਕਰਦੀ ਹੈ। ਗੋਪਾਲ ਇਟਾਲੀਆ ਵਰਗੇ ਲੋਕਾਂ ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਸ੍ਰੀ ਗੁਪਤਾ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲਈ ਭੱਦੀ ਭਾਸ਼ਾ ਦੀ ਵਰਤੋਂ ਕਰਨਾ ਦਰਸਾਉਂਦਾ ਹੈ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦੀ ਭਾਸ਼ਾ ਪੂਰੀ ਤਰ੍ਹਾਂ ਨਾਲ ਗਲਤ ਹੈ। ਅੱਜ ‘ਆਪ’ ਆਗੂ ਉਸ ਆਗੂ ਦੇ ਬਚਾਅ ਵਿੱਚ ਲੱਗੇ ਹੋਏ ਹਨ ਜੋ ਹਿੰਦੂ ਵਿਰੋਧੀ ਬਿਆਨ ਦਿੰਦਾ ਹੈ, ਔਰਤਾਂ ਦਾ ਅਪਮਾਨ ਕਰਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਅਪਮਾਨਜਨਕ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਨੇ ਇਟਾਲੀਆ ਨੂੰ ਗ੍ਰਿਫ਼ਤਾਰ ਕਰਕੇ ਕੇਜਰੀਵਾਲ ਦੇ ਮੂੰਹ ’ਤੇ ਚਪੇੜ ਮਾਰੀ ਹੈ। ਅੱਜ ਪੂਰਾ ਦੇਸ਼ ਦੇਖ ਰਿਹਾ ਹੈ ਕਿ ‘ਆਪ’ ਆਗੂ ਦਿੱਲੀ ‘ਚ ਬੈਠ ਕੇ ਭਗਵਾਨ ਕ੍ਰਿਸ਼ਨ ਬਾਰੇ ਵਿਵਾਦਤ ਬਿਆਨ ਦੇਣ ਵਾਲੇ ਵਿਅਕਤੀ ਦੀ ਵਕਾਲਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਪਾਰਟੀ ਨੂੰ ਗੁਜਰਾਤ ਵਿੱਚ ਆਪਣੀ ਹਾਰ ਦਾ ਅਹਿਸਾਸ ਹੋ ਗਿਆ ਹੈ ਅਤੇ ਇਸ ਲਈ ਉਹ ਹੁਣ ਜਾਤ-ਪਾਤ ਦੀ ਰਾਜਨੀਤੀ ਕਰਨਾ ਚਾਹੁੰਦੇ ਹਨ।