ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ: ਮੋਦੀ

‘ਨਵਾਂ ਭਾਰਤ ਚੁਣੌਤੀਆਂ ਨਾਲ ਸਿੱਝ ਕੇ ਤੇਜ਼ੀ ਨਾਲ ਅੱਗੇ ਵਧ ਰਿਹੈ’

ਊਨਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਪਿਛਲੀਆਂ ਸਰਕਾਰਾਂ ’ਤੇ ਲੋਕਾਂ ਨੂੰ ਉਹ ਸਹੂਲਤਾਂ ਵੀ ਨਾ ਦੇਣ ਦਾ ਦੋਸ਼ ਲਾਇਆ ਜੋ ਦੁਨੀਆ ਦੇ ਹੋਰ ਮੁਲਕਾਂ ਦੇ ਲੋਕਾਂ ਨੂੰ 20ਵੀਂ ਸਦੀ ਅਤੇ ਗੁਜਰਾਤ ਦੇ ਲੋਕਾਂ ਨੂੰ ਕੁਝ ਸਾਲ ਪਹਿਲਾਂ ਮਿਲ ਗਈਆਂ ਸਨ। ਉਨ੍ਹਾਂ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਊਨਾ ਜ਼ਿਲ੍ਹੇ ਦੇ ਇੰਦਰਾ ਗਾਂਧੀ ਸਟੇਡੀਅਮ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਸ੍ਰੀ ਮੋਦੀ ਨੇ ਬਲਕ ਡਰੱਗ ਪਾਰਕ ਦਾ ਨੀਂਹ ਪੱਥਰ ਰੱਖਿਆ ਅਤੇ ਊਨਾ ’ਚ ਇੰਡੀਅਨ ਇੰਸਟੀਚਿਊਟ ਆਫ਼ ਇਨਫਰਮੇਸ਼ਨ ਤਕਨਾਲੋਜੀ ਦਾ ਉਦਘਾਟਨ ਵੀ ਕੀਤਾ। ਲੋਕਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਤੁਹਾਨੂੰ 20ਵੀਂ ਸਦੀ ਦੇ ਨਾਲ ਨਾਲ 21ਵੀਂ ਸਦੀ ਦੀਆਂ ਸਹੂਲਤਾਂ ਵੀ ਪ੍ਰਦਾਨ ਕਰਾਂਗੇ। ਸਾਡੀ ਸਰਕਾਰ 21ਵੀਂ ਸਦੀ ਦੇ ਭਾਰਤ ਦੀਆਂ ਖਾਹਿਸ਼ਾਂ ਨੂੰ ਪੂਰਾ ਕਰ ਰਹੀ ਹੈ। ਨਵਾਂ ਭਾਰਤ ਬੀਤੇ ਦੀਆਂ ਚੁਣੌਤੀਆਂ ਨਾਲ ਸਿੱਝ ਕੇ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਹੁਣ ਹਰੇਕ ਚੋਣਾਂ ’ਚ ਵੱਖੋ ਵੱਖਰੀਆਂ ਪਾਰਟੀਆਂ ਨੂੰ ਸੱਤਾ ’ਚ ਲਿਆਉਣ ਦੇ ਰੁਝਾਨ ਨੂੰ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਊਨਾ ’ਚ ਫਾਰਮਾ, ਸਿੱਖਿਆ ਅਤੇ ਰੇਲ ਪ੍ਰਾਜੈਕਟਾਂ ਦੀ ਸ਼ੁਰੂਆਤ ਹੋਣ ਨਾਲ ਖ਼ਿੱਤੇ ਦੇ ਵਿਕਾਸ ’ਤੇ ਹਾਂ-ਪੱਖੀ ਅਸਰ ਪਵੇਗਾ। ‘ਮੈਨੂੰ ਧੰਨਤੇਰਸ ਅਤੇ ਦੀਵਾਲੀ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਲਈ ਕਈ ਹਜ਼ਾਰ ਕਰੋੜ ਰੁਪਏ ਦੇ ਤੋਹਫ਼ਿਆਂ ਦਾ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ।’ ਵਿਰੋਧੀ ਧਿਰ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ‘ਦੇਵਭੂਮੀ’ ਹਿਮਾਚਲ ’ਤੇ ਕੁਦਰਤ ਦੀ ਮਿਹਰ ਰਹੀ ਹੈ ਪਰ ਪਿਛਲੀਆਂ ਸਰਕਾਰਾਂ ਨੇ ਵਿਕਾਸ ਲਈ ਕੋਈ ਕੰਮ ਨਹੀਂ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਉਹ ਹਮੇਸ਼ਾ ਹਿਮਾਚਲ ਪ੍ਰਦੇਸ਼ ’ਚ ਕੁਨੈਕਟੀਵਿਟੀ ਨੂੰ ਲੈ ਕੇ ਫਿਕਰਮੰਦ ਸਨ ਪਰ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਸੂਬੇ ਦੇ ਵਿਕਾਸ ’ਚ ਇਕ ਨਵਾਂ ਰਿਕਾਰਡ ਬਣਾਏਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇ ਪੂਰੀ ਦੁਨੀਆ ਨੂੰ ਦਵਾਈਆਂ ਦੀ ਤਾਕਤ ਦਿਖਾਈ ਅਤੇ ਹਿਮਾਚਲ ਪ੍ਰਦੇਸ਼ ਨੇ ਕਰੋਨਾ ਮਹਾਮਾਰੀ ਦੌਰਾਨ ਇਸ ਕੰਮ ’ਚ ਸ਼ਲਾਘਾਯੋਗ ਯੋਗਦਾਨ ਦਿੱਤਾ। ਉਨ੍ਹਾਂ ਕਿਹਾ ਕਿ ਬਲਕ ਡਰੱਗ ਫਾਰਮਾ ਪਾਰਕ ਸੂਬੇ ਦੇ ਵਿਕਾਸ ’ਚ ਇਕ ਨਵਾਂ ਅਧਿਆਏ ਜੋੜੇਗਾ ਅਤੇ ਦਵਾਈਆਂ ਦੇ ਉਤਪਾਦਨ ਲਈ ਕੱਚੇ ਮਾਲ ਦੀ ਉਪਲੱਬਧਤਾ ਹੋਣ ਨਾਲ ਹੋਰ ਮੁਲਕਾਂ ’ਤੇ ਨਿਰਭਰਤਾ ਖ਼ਤਮ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਕ ਨਾਲ ਸੂਬੇ ’ਚ 10 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਵੇਗਾ ਅਤੇ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣਗੇ।