ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਜਲਦੀ ਹੋਣਗੀਆਂ ਰੈਗੂਲਰ: ਭਗਵੰਤ ਮਾਨ

ਪਾਵਰਕੌਮ ਤੇ ਲੋਕ ਨਿਰਮਾਣ ਵਿਭਾਗ ਦੇ ਨਵ-ਨਿਯੁਕਤ 360 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਨੇ ਠੇਕਾ ਪ੍ਰਣਾਲੀ ਵਾਲੇ ਮੁਲਾਜ਼ਮਾਂ ਨੂੰ ਅੱਜ ਭਰੋਸਾ ਦਿੱਤਾ ਕਿ 28 ਹਜ਼ਾਰ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਛੇਤੀ ਰੈਗੂਲਰ ਹੋਣਗੀਆਂ। ਇਸ ਵਾਸਤੇ ਢੁਕਵੀਂ ਪ੍ਰਕਿਰਿਆ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ 8736 ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾ ਚੁੱਕਾ ਹੈ ਜਦੋਂਕਿ ਬਾਕੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਪੈਰੀਂ ਰੈਗੂਲਰ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੀਆਂ ਸੇਵਾਵਾਂ ਅੱਗੇ ਕੋਈ ਕਾਨੂੰਨੀ ਅੜਿੱਕਾ ਨਾ ਬਣੇ। ਮੁੱਖ ਮੰਤਰੀ ਨੇ ਸੇਵਾਵਾਂ ਰੈਗੂਲਰ ਕਰਨ ਵਾਸਤੇ ਥੋੜ੍ਹਾ ਸਮਾਂ ਮੰਗਿਆ ਹੈ। ਉਨ੍ਹਾਂ ਨੇ ਅੱਜ ਇੱਥੇ ਮਿਉਂਸਿਪਲ ਭਵਨ ’ਚ ਪੰਜਾਬ ਰਾਜ ਬਿਜਲੀ ਨਿਗਮ ਤੇ ਲੋਕ ਨਿਰਮਾਣ ਵਿਭਾਗ ਦੇ 360 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ।

ਇਨ੍ਹਾਂ ਵਿੱਚ ਪੀਐੱਸਪੀਸੀਐੱਲ ਦੇ 249 ਅਤੇ ਲੋਕ ਨਿਰਮਾਣ ਵਿਭਾਗ ਦੇ 111 ਉਮੀਦਵਾਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਸਮੁੱਚੀ ਪ੍ਰਕਿਰਿਆ ਨੂੰ ਕਾਨੂੰਨੀ ਨਜ਼ਰੀਏ ਤੋਂ ਘੋਖਿਆ ਜਾ ਰਿਹਾ ਹੈ। ਕਾਹਲੀ ਵਿਚ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਾਂਗੇ, ਜੋ ਭਵਿੱਖ ’ਚ ਇਨ੍ਹਾਂ ਮੁਲਾਜ਼ਮਾਂ ਦੇ ਰਾਹ ਵਿੱਚ ਕਾਨੂੰਨੀ ਅੜਿੱਕਾ ਪੈਦਾ ਕਰੇ। ਮੁੱਖ ਮੰਤਰੀ ਨੇ ਕਿਹਾ ਕਿ ਆਊਟਸੋਰਸਿੰਗ ਨੀਤੀ ਜ਼ਰੀਏ ਪਹਿਲਾਂ ਨੌਜਵਾਨਾਂ ਦੀ ਵਿੱਤੀ ਲੁੱਟ ਹੁੰਦੀ ਹੈ। ਸਰਕਾਰੀ ਖ਼ਜ਼ਾਨੇ ਵਿੱਚੋਂ ਆਊਟਸੋਰਸਿੰਗ ਉੱਤੇ ਰੱਖੇ ਮੁਲਾਜ਼ਮ ਦੀ 25,000 ਰੁਪਏ ਤਨਖ਼ਾਹ ਲੈ ਲਈ ਜਾਂਦੀ ਸੀ ਪਰ ਮੁਲਾਜ਼ਮ ਨੂੰ ਸਿਰਫ਼ 5000 ਤੋਂ 7000 ਰੁਪਏ ਹੀ ਦਿੱਤੇ ਜਾਂਦੇ ਸਨ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਟਾਟਾ ਗਰੁੱਪ ਵੱਲੋਂ ਦੇਸ਼ ਦਾ ਦੂਜਾ ਸਟੀਲ ਪਲਾਂਟ ਲੁਧਿਆਣਾ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ। ਵਰਬੀਓ ਕੰਪਨੀ ਨੇ ਸੰਗਰੂਰ ’ਚ ਬਾਇਓ-ਸੀਐੱਨਜੀ ਪ੍ਰਾਜੈਕਟ ਸਥਾਪਤ ਕੀਤਾ ਹੈ ਜਿਸ ਦਾ 18 ਅਕਤੂਬਰ ਨੂੰ ਉਦਘਾਟਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਮਾਰਚ 2023 ਵਿੱਚ ਹੋ ਰਹੇ ‘ਜੀ-20’ ਸੰਮੇਲਨ ਵਿਚ ਦੁਨੀਆਂ ਦੇ 20 ਮੁਲਕਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ ਜਿਸ ਨਾਲ ਪੰਜਾਬ ਨੂੰ ਕੌਮਾਂਤਰੀ ਪੱਧਰ ਉੱਤੇ ਪਛਾਣ ਮਿਲੇਗੀ। ਇਸ ਮੌਕੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਸੂਬੇ ਵਿਚ ਕੁੱਲ 72 ਲੱਖ ਪਰਿਵਾਰਾਂ ਵਿੱਚੋਂ 50 ਲੱਖ ਪਰਿਵਾਰਾਂ ਨੂੰ ਬਿਜਲੀ ਦਾ ਜ਼ੀਰੋ ਬਿੱਲ ਆਇਆ ਹੈ। ਪੀਐੱਸਟੀਸੀਐੱਲ ਦੀ ਟਰਾਂਸਮਿਸ਼ਨ ਸਮਰੱਥਾ ਵਿਚ ਵੀ ਵਾਧਾ ਹੋਇਆ ਹੈ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ, ਬਿਜਲੀ ਮਹਿਕਮੇ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪੀਐੱਸਪੀਸੀਐੱਲ ਦੇ ਚੇਅਰਮੈਨ-ਕਮ-ਐੱਮਡੀ ਬਲਦੇਵ ਸਿੰਘ ਸਰਾਂ ਸਣੇ ਹੋਰ ਅਧਿਕਾਰੀ ਹਾਜ਼ਰ ਸਨ।

ਸੂਬੇ ਵਿੱਚ ਬੇਰੁਜ਼ਗਾਰੀ ਖ਼ਤਮ ਕਰਨ ਦਾ ਵਾਅਦਾ

ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਕਿ ਸੂਬੇ ਵਿੱਚ ਬੇਰੁਜ਼ਗਾਰੀ ਦੀ ਆਲਮਤ ਨੂੰ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਵਰਕੌਮ ਵਿੱਚ ਅਸਿਸਟੈਂਟ ਲਾਈਨਮੈਨਾਂ ਦੀਆਂ 2100 ਅਸਾਮੀਆਂ ਦੀ ਭਰਤੀ ਵੀ ਛੇਤੀ ਮੁਕੰਮਲ ਕੀਤੀ ਜਾ ਰਹੀ ਹੈ। ਹਰ ਵਿਭਾਗ ਵਿਚ ਖ਼ਾਲੀ ਅਸਾਮੀਆਂ ਉੱਤੇ ਛੇਤੀ ਭਰਤੀ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ 18,543 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੀ ਹੈ। ਅਕਤੂਬਰ ਮਹੀਨੇ ਵਿਚ ਪੁਲੀਸ ਮਹਿਕਮੇ ਵਿਚ 2500 ਹੋਰ ਮੁਲਾਜ਼ਮਾਂ ਦੀ ਪ੍ਰੀਖਿਆ ਹੋ ਰਹੀ ਹੈ।