ਗੁਜਰਾਤ ਦੇ ਲੋਕਾਂ ਨੇ ਮੇਰੀ ਜਾਤ ਦੇਖੇ ਬਿਨਾਂ ਮੈਨੂੰ ਚੋਣਾਂ ਜਿਤਵਾਈਆਂ: ਮੋਦੀ

ਮੋਢੇਰਾ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ’ਚ ਵਿਧਾਨ ਸਭਾ ਚੋਣਾਂ ਦਾ ਅਖਾੜਾ ਭਖਾਉਂਦਿਆਂ ਅੱਜ ਕਿਹਾ ਕਿ ਸੂਬੇ ਦੇ ਲੋਕਾਂ ਨੇ ਬੀਤੇ ਦੋ ਦਹਾਕਿਆਂ ਤੋਂ ਜਾਤ ਦੇਖੇ ਬਿਨਾਂ ਉਨ੍ਹਾਂ ਨੂੰ ਆਸ਼ੀਰਵਾਦ ਦਿੱਤਾ ਹੈ। ਗੁਜਰਾਤ ਦੇ ਤਿੰਨ ਦਿਨਾਂ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਇਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘‘ਗੁਜਰਾਤ ਦੇ ਲੋਕਾਂ ਨੇ ਮੇਰੀ ਜਾਤ ਅਤੇ ਸਿਆਸੀ ਪਿਛੋਕੜ ਦੇਖੇ ਬਿਨਾਂ ਮੈਨੂੰ ਪਿਛਲੇ ਦੋ ਦਹਾਕਿਆਂ ਤੋਂ ਆਸ਼ੀਰਵਾਦ ਦਿੱਤਾ ਹੈ।’’ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸ੍ਰੀ ਮੋਦੀ ਗੁਜਰਾਤ ਦੇ 2001 ਤੋਂ 2014 ਦੌਰਾਨ ਮੁੱਖ ਮੰਤਰੀ ਰਹੇ ਸਨ। ਆਪਣੇ ਦੌਰੇ ਦੌਰਾਨ ਸ੍ਰੀ ਮੋਦੀ ਵੱਲੋਂ 14,600 ਕਰੋੜ ਰੁਪਏ ਤੋਂ ਜ਼ਿਆਦਾ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਮੇਹਸਾਨਾ ਜ਼ਿਲ੍ਹੇ ਦੇ ਪਿੰਡ ਮੋਢੇਰਾ ਨੂੰ ਮੁਲਕ ਦਾ ਪਹਿਲਾ ਸੂਰਜੀ ਊਰਜਾ ਵਾਲਾ ਪਿੰਡ ਐਲਾਨਿਆ। ਸ੍ਰੀ ਮੋਦੀ ਨੇ ਕਿਹਾ ਕਿ ਮੋਢੇਰਾ ਨੂੰ ਸੂਰਜ ਮੰਦਰ ਵਜੋਂ ਜਾਣਿਆ ਜਾਂਦਾ ਸੀ ਪਰ ਹੁਣ ਇਹ ਸੂਰਜੀ ਊਰਜਾ ਵਾਲੇ ਪਿੰਡ ਵਜੋਂ ਜਾਣਿਆ ਜਾਵੇਗਾ। ਮੋਢੇਰਾ ’ਚ ਸੋਲਰ ਪਾਵਰ ਪਲਾਂਟ ਹੋਣ ਦੇ ਨਾਲ ਨਾਲ 1300 ਤੋਂ ਜ਼ਿਆਦਾ ਘਰਾਂ ਅਤੇ ਸਰਕਾਰੀ ਇਮਾਰਤਾਂ ਦੀਆਂ ਛੱਤਾਂ ’ਤੇ ਸੋਲਰ ਸਿਸਟਮ ਲੱਗੇ ਹੋਏ ਹਨ।