ਲਾਲੂ ਪ੍ਰਸਾਦ ਸਰਬਸੰਮਤੀ ਨਾਲ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਬਣੇ

ਕੌਮੀ ਕਨਵੈਨਸ਼ਨ ਨੇ ਸਾਬਕਾ ਮੁੱਖ ਮੰਤਰੀ ਦੇ ਨਾਂ ’ਤੇ ਮੋਹਰ ਲਾਈ; 2024 ’ਚ ਭਾਜਪਾ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਦਾ ਦਾਅਵਾ
ਨਵੀਂ ਦਿੱਲੀ- ਰਾਸ਼ਟਰੀ ਜਨਤਾ ਦਲ (ਆਰਜੇਡੀ) ਦੀ ਕੌਮੀ ਕਨਵੈਨਸ਼ਨ ਵਿੱਚ ਅੱਜ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਆਗੂਆਂ ਨੇ ਕਿਹਾ ਕਿ ਵਿਰੋਧੀ ਧਿਰਾਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਇਕੱਠੀਆਂ ਹੋਣ ਲੱਗੀਆਂ ਹਨ ਤੇ ਭਾਜਪਾ ਦੀ ਦੋ ਤੋਂ 303 ਸੀਟਾਂ ਜਿੱਤਣ ਦੇ ਸਫ਼ਰ ਦੀ 2024 ਤੋਂ ਪੁੱਠੀ ਗਿਣਤੀ ਸ਼ੁਰੂ ਹੋ ਜਾਵੇਗੀ। ਆਰਜੇਡੀ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਇਕਜੁੱਟ ਹੋ ਕੇ ਪੇਸ਼ ਕੀਤੇ ਜਾਣ ਵਾਲਾ ਬਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਵੈ-ਕੇਂਦਰਿਤ’ ਸਿਆਸਤ ਦੇ ਰਾਜ ਨੂੰ ਬਦਲ ਦੇਵੇਗਾ। ਆਗੂਆਂ ਨੇ ਇਹ ਟਿੱਪਣੀਆਂ ਅੱਜ ਇਥੇ ਆਪਣੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਕੀਤੀਆਂ, ਜਿਸ ਵਿੱਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਪ੍ਰਸਾਦ ਸਣੇ ਹੋਰ ਸਿਖਰਲੇ ਆਗੂ ਸ਼ਾਮਲ ਹੋੲੇ। ਪਾਰਟੀ ਦੀ ਬਿਹਾਰ ਯੂਨਿਟ ਦੇ ਮੁਖੀ ਜਗਦਾਨੰਦ ਸਿੰਘ, ਜੋ ਆਪਣੇ ਪੁੱਤਰ ਸੁਧਾਕਰ ਸਿੰਘ ਨੂੰ ਨਿਤੀਸ਼ ਕੁਮਾਰ ਸਰਕਾਰ ਤੋਂ ਅਸਤੀਫ਼ਾ ਦੇਣ ਲਈ ਮਜਬੂਰ ਕੀਤੇ ਜਾਣ ਕਰਕੇ ਨਿਰਾਸ਼ ਸਨ, ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ। ਇਸ ਦੌਰਾਨ ਬਿਹਾਰ ਸਰਕਾਰ ’ਚ ਮੰਤਰੀ ਤੇ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਕਾਹਲੀ ਵਿੱਚ ਮੀਟਿੰਗ ਛੱਡ ਕੇ ਚਲੇ ਗਏ। ਤੇਜ ਪ੍ਰਤਾਪ ਨੇ ਪਾਰਟੀ ਆਗੂ ਸ਼ਿਆਮ ਰਜਾਕ ’ਤੇ ਗਾਲ੍ਹਾਂ ਕੱਢਣ ਤੇ ਆਪਣੇ ਸਟਾਫ਼ ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ। ਉਂਝ ਮੀਟਿੰਗ ਦੌਰਾਨ ਵਿਦੇਸ਼ ਨੀਤੀ ਤੇ ਦੇਸ਼ ਦੇ ਆਰਥਿਕ ਹਾਲਾਤ ਬਾਰੇ ਤਿੰਨ ਅਹਿਮ ਮਤੇ ਪੇਸ਼ ਕੀਤੇ ਗਏ। ਮੀਟਿੰਗ ਨੂੰ ਲਾਲੂ ਪ੍ਰਸਾਦ ਤੇ ਤੇਜਸਵੀ ਯਾਦਵ, ਸੀਨੀਅਰ ਆਗੂ ਸ਼ਰਦ ਯਾਦਵ ਨੇ ਸੰਬੋਧਨ ਕੀਤਾ।