ਅਮਰੀਕਾ ‘ਚ ਪੰਜਾਬੀ ਪਰਿਵਾਰ ਦੀ ਹੱਤਿਆ ‘ਚ ਇਕ ਤੋਂ ਵੱਧ ਲੋਕ ਸ਼ਾਮਿਲ-ਪੁਲਿਸ

ਗਿ੍ਫ਼ਤਾਰ ਸ਼ੱਕੀ ਵਿਰੁੱਧ ਅਜੇ ਤੱਕ ਨਹੀਂ ਹੋਇਆ ਮਾਮਲਾ ਦਰਜ
ਸੈਕਰਾਮੈਂਟੋ, -ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਪੰਜਾਬੀ ਪਰਿਵਾਰ ਦੀ ਇਕ 8 ਮਹੀਨਿਆਂ ਦੀ ਬੱਚੀ ਸਮੇਤ 4 ਜੀਆਂ ਨੂੰ ਅਗਵਾ ਕਰਕੇ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਗਿ੍ਫ਼ਤਾਰ ਕੀਤੇ 48 ਸਾਲਾ ਮੈਕਸੀਕਨ ਮੂਲ ਦੇ ਹਸੂਸ ਮੈਨੂਅਲ ਸਲਗਾਡੋ ਵਿਰੁੱਧ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ | ਪੁਲਿਸ ਦਾ ਕਹਿਣਾ ਹੈ ਕਿ ਇਹ ਕੰਮ ਇਕੱਲੇ ਸਲਗਾਡੋ ਦਾ ਨਹੀਂ ਹੈ | ਇਸ ਅਤਿ ਘਿਣਾਉਣੇ ਜੁਰਮ ਵਿਚ ਉਸ ਨਾਲ ਹੋਰ ਲੋਕ ਸ਼ਾਮਿਲ ਹੋ ਸਕਦੇ ਹਨ, ਜਿਸ ਦਾ ਪਹਿਲਾਂ ਹੀ ਸ਼ੱਕ ਕੀਤਾ ਜਾ ਰਿਹਾ ਸੀ | ਮਰਸਡ ਕਾਊਾਟੀ ਦੇ ਸ਼ੈਰਫ ਮੁਖੀ ਵੇਰਨ ਵੇਰਨਕੀ ਦਾ ਮੰਨਣਾ ਹੈ ਕਿ ਪੁਲਿਸ ਵਲੋਂ ਅਧਿਕਾਰਤ ਤੌਰ ‘ਤੇ ਪਰਿਵਾਰ ਦੇ ਲਾਪਤਾ ਹੋਣ ਦੀ ਸੂਚਨਾ ਜਾਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੀ ਹੱਤਿਆ ਹੋ ਗਈ ਸੀ | ਉਨ੍ਹਾਂ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਜਿਸ ਸਥਾਨ ਤੋਂ ਲਾਸ਼ਾਂ ਮਿਲੀਆਂ ਹਨ, ਉਸ ਜਗ੍ਹਾ ‘ਤੇ ਹੀ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੋਵੇ | ਪਰਿਵਾਰ ਦੇ ਜੀਆਂ ਨੂੰ ਮਾਰਨ ਲਈ ਕੀ ਢੰਗ-ਤਰੀਕਾ ਵਰਤਿਆ ਗਿਆ, ਇਸ ਬਾਰੇ ਵੀ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ | ਪੁਲਿਸ ਅਨੁਸਾਰ ਸਲਗਾਡੋ ਮੁੱਖ ਦੋਸ਼ੀ ਹੈ, ਪਰੰਤੂ ਜਾਂਚ ਕਰਨ ਵਾਲਿਆਂ ਦਾ ਵਿਸ਼ਵਾਸ ਹੈ ਕਿ ਪਰਿਵਾਰ ਦੀ ਹੱਤਿਆ ‘ਚ ਹੋਰ ਲੋਕ ਵੀ ਸ਼ਾਮਿਲ ਹੋ ਸਕਦੇ ਹਨ, ਜਿਨ੍ਹਾਂ ਦਾ ਪਤਾ ਲਾਇਆ ਜਾ ਰਿਹਾ ਹੈ | ਹੱਤਿਆਵਾਂ ਕਿਉਂ ਕੀਤੀਆਂ ਗਈਆਂ, ਇਸ ਬਾਰੇ ਵੀ ਪੁਲਿਸ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ | ਪੁਲਿਸ ਦਾ ਕਹਿਣਾ ਹੈ ਕਿ ਉਹ ਹੱਤਿਆ ਪਿੱਛੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਮਿ੍ਤਕਾਂ ਵਿਚ 8 ਮਹੀਨੇ ਦੀ ਬੱਚੀ ਅਰੂਹੀ ਢੇਰੀ, ਉਸ ਦੇ ਮਾਤਾ-ਪਿਤਾ ਜਸਲੀਨ ਕੌਰ ਅਤੇ ਜਸਦੀਪ ਸਿੰਘ ਤੇ ਤਾਇਆ ਅਮਨਦੀਪ ਸਿੰਘ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਜਸਦੀਪ ਦੇ ਭਰਾ ਅਮਨਦੀਪ ਸਿੰਘ ਦੇ ਪਰਿਵਾਰ ਵਿਚ ਪਤਨੀ ਅਤੇ ਦੋ ਬੱਚੇ ਹਨ | ਇਕ ਰਿਸ਼ਤੇਦਾਰ ਦੇ ਹਵਾਲੇ ਨਾਲ ਮੀਡੀਆ ਵਿਚ ਆਈਆਂ ਖਬਰਾਂ ਅਨੁਸਾਰ ਅਗਵਾ ਅਤੇ ਹੱਤਿਆ ਦੇ ਮਾਮਲੇ ਵਿਚ ਸ਼ੱਕੀ ਸਾਲਗਾਡੋ ਪਰਿਵਾਰ ਦੀ ਕੰਪਨੀ ਵਿਚ ਪਹਿਲਾਂ ਡਰਾਈਵਰ ਵਜੋਂ ਕੰਮ ਕਰਦਾ ਸੀ | ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਤਭੇਦ ਹੋ ਗਏ ਅਤੇ ਦੋਵੇਂ ਅਲੱਗ ਹੋ ਗਏ ਸਨ | ਖਬਰ ਅਨੁਸਾਰ ਬੱਚੀ ਆਰੂਹੀ ਢੇਰੀ ਨੂੰ ਉਸ ਨੇ ਮਰਨ ਲਈ ਛੱਡ ਦਿੱਤਾ ਸੀ ਅਤੇ ਉਸ ਦੀ ਮੌਤ ਬੇਹੱਦ ਖਰਾਬ ਮੌਸਮ ਕਾਰਨ ਹੋਈ ਹੈ | ਦੱਸਿਆ ਜਾ ਰਿਹਾ ਹੈ ਕਿ ਕਥਿਤ ਦੋਸ਼ੀ ਅਤੇ ਸਿੱਖ ਪਰਿਵਾਰ ਵਿਚ ਪੁਰਾਣਾ ਵਿਵਾਦ ਸੀ | ਰਿਸ਼ਤੇਦਾਰਾਂ ਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਸਾਲਗਾਡੋ ਨੇ ਪਰਿਵਾਰ ਨਾਲ ਕੰਮ ਕਰਨ ਤੋਂ ਬਾਅਦ ਲਗਪਗ ਇਕ ਸਾਲ ਪਹਿਲਾਂ ਕੁਝ ਇਤਰਾਜ਼ਯੋਗ ਸੰਦੇਸ਼ ਅਤੇ ਈ-ਮੇਲ ਵੀ ਭੇਜੀਆਂ ਸਨ |
ਮੋਮਬੱਤੀ ਮਾਰਚ
ਸਾਨ ਫਰਾਂਸਿਸਕੋ, (ਏਜੰਸੀ)-ਅਮਰੀਕਾ ਵਿਚ ਇਕ ਸਿੱਖ ਪਰਿਵਾਰ ਨੂੰ ਅਗਵਾ ਕਰਕੇ ਮਾਰਨ ਦੀ ਘਟਨਾ ਤੋਂ ਬਾਅਦ ਵੱਖ-ਵੱਖ ਭਾਈਚਾਰਿਆਂ ਦੇ ਲੋਕ ਸਦਮੇ ਵਿਚ ਹਨ | ਵੀਰਵਾਰ ਨੂੰ ਸੈਂਕੜੇ ਲੋਕਾਂ ਨੇ ਸਿੱਖ ਪਰਿਵਾਰ ਨੂੰ ਸ਼ਰਧਾਂਜਲੀ ਦੇਣ ਲਈ ਨਮ ਅੱਖਾਂ ਨਾਲ ਮੋਮਬੱਤੀ ਮਾਰਚ ਕੱਢਿਆ | ਜਾਣਕਾਰੀ ਅਨੁਸਾਰ ਅਮਰੀਕਾ ਦੇ ਸ਼ਹਿਰ ਮਰਸਿਡ ਵਿਚ 6 ਅਕਤੂਬਰ ਤੋਂ 9 ਅਕਤੂਬਰ ਤੱਕ ਰੋਜ਼ਾਨਾ ਸ਼ਾਮ ਨੂੰ ਮੋਮਬੱਤੀ ਮਾਰਚ ਕੱਢ ਕੇ ਉਕਤ ਪਰਿਵਾਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ | ਵੀਰਵਾਰ ਨੂੰ ਬੋਬ ਹਾਰਟ ਸੁਕੇਅਰ ਵਿਖੇ ਇਕੱਠੇ ਹੋਏ ਵੱਖ-ਵੱਖ ਭਾਈਚਾਰੇ ਦੇ ਲੋਕਾਂ ਨੇ ਸਿੱਖ ਪਰਿਵਾਰ ਅਤੇ ਭਾਈਚਾਰੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ |
ਹੈਰਾਨ ਕਰਨ ਵਾਲਾ ਹਾਦਸਾ-ਭਾਰਤੀ ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, (ਏਜੰਸੀ)- ਕੈਲੀਫੋਰਨੀਆ ‘ਚ ਸਿੱਖ ਪਰਿਵਾਰ ਨੂੰ ਮਾਰੇ ਜਾਣ ਦੀ ਘਟਨਾ ਤੋਂ ਕੁਝ ਦਿਨਾਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਹੈਰਾਨ ਕਰਨ ਵਾਲੀ ਖ਼ਬਰ ਦੱਸਿਆ ਹੈ ਅਤੇ ਕਿਹਾ ਕਿ ਉਸ ਦੇ ਸਾਨ ਫਰਾਂਸਿਸਕੋ ਵਿਚ ਭਾਰਤੀ ਅਧਿਕਾਰੀ ਸਥਾਨਕ ਅਧਿਕਾਰੀਆਂ ਨਾਲ ਇਸ ਮਾਮਲੇ ਵਿਚ ਸੰਪਰਕ ਵਿਚ ਹਨ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਇਕ ਹੈਰਾਨ ਕਰਨ ਵਾਲਾ ਹਾਦਸਾ ਹੈ ਅਤੇ ਅਸੀਂ ਹਰ ਉਹ ਮਦਦ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ |