ਐਂਟੀਬਾਈਟਿਕ: ਮੁਨਾਫ਼ਾਖ਼ੋਰੀ ਕਾਰਨ ਮਹਾਨ ਲੱਭਤ ਹੀ ਘਾਤਕ ਬਣੀ

ਡਾ. ਅਮਨਦੀਪ ਸੰਤਨਗਰ

ਐਂਟੀਬਾਈਟਿਕ ਦਵਾਈਆਂ ਦਾ ਵਿਕਾਸ ਕਿਸੇ ਸਮੇਂ ਸਿਹਤ ਵਿਗਿਆਨ ਵਿੱਚ ਅਜਿਹੀ ਮਹਾਨ ਪ੍ਰਾਪਤੀ ਸੀ, ਜਿਸਨੇ ਮਹੱਤਵਪੂਰਨ ਜੀਵਨ-ਰੱਖਿਅਕ ਦਵਾਈਆਂ ਵਜੋਂ ਆਪਣੀ ਭੂਮਿਕਾ ਨਿਭਾਈ। ਪਰ ਸਰਮਾਏਦਾਰਾ ਪ੍ਰਬੰਧ ਅੰਦਰ ਵਿਗਿਆਨ ਦੀ ਹਰ ਲੱਭਤ ਮਨੁੱਖਤਾ ਦੇ ਹੱਕ ਵਿੱਚ ਭੁਗਤਣ ਦੀ ਬਜਾਏ ਮੁੱਠੀ ਭਰ ਲੋਕਾਂ ਦੇ ਮੁਨਾਫੇ ਦਾ ਜ਼ਰੀਆ ਬਣ ਜਾਂਦੀ ਹੈ ਅਤੇ ਇਹੋ ਕੁੱਝ ਐਂਟੀਬਾਈਟਿਕ ਵਰਗੀ ਮਹੱਤਵਪੂਰਨ ਖੋਜ ਨਾਲ਼ ਵਾਪਰਿਆ। ਉਹੋ ਐਂਟੀਬਾਈਟਿਕ ਜੋ ਕਿਸੇ ਵੇਲ਼ੇ ਇੱਕ ਜੀਵਨ ਰੱਖਿਅਕ ਦਵਾਈ ਵਜੋਂ ਹੋਂਦ ਵਿੱਚ ਆਏ ਸਨ, ਅੱਜ ਮਨੁੱਖੀ ਜੀਵਨ ਲਈ ਨੁਕਸਾਨਦੇਹ ਸਾਬਤ ਹੋ ਰਹੇ ਹਨ। ਡਾਕਟਰੀ ਦੇ ਆਧੁਨਿਕ ਇਤਿਹਾਸ ਦੀ ਇਹ ਮਹਾਨ ਪ੍ਰਾਪਤੀ ਅੱਜ ਸਾਡੇ ਲਈ ਵੱਡੀ ਚਿੰਤਾ ਦਾ ਸਬੱਬ ਬਣੀ ਹੋਈ ਹੈ।

ਐਂਟੀਬਾਈਟਿਕ ਦਵਾਈਆਂ ਦੀ ਦੁਰਵਰਤੋਂ ਨੇ ਬੈਕਟੀਰੀਆ ਅਤੇ ਉੱਲੀ ਦੇ ਅਜਿਹੇ ਨਵੇਂ ਰੂਪਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਉੱਤੇ ਇਨ੍ਹਾਂ ਐਂਟੀਬਾਈਟਿਕ ਦਵਾਈਆਂ ਦਾ ਹੁਣ ਕੋਈ ਅਸਰ ਨਹੀਂ ਹੁੰਦਾ। ਇਸ ਵਰਤਾਰੇ ਨੂੰ ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਵਜੋਂ ਜਾਣਿਆ ਜਾਂਦਾ ਹੈ। ਐਂਟੀਮਾਈਕ੍ਰੋਬੀਅਲ-ਪ੍ਰਤੀਰੋਧੀ ਜੀਵਾਂ ਦਾ ਤੇਜ਼ੀ ਨਾਲ਼ ਉਭਾਰ ਹੋਇਆ ਹੈ ਅਤੇ ਇਸ ਦੇ ਨਤੀਜੇ ਵਜੋਂ ਪੂਰੀ ਦੁਨੀਆਂ ਵਿੱਚ ਲਾਇਲਾਜ ਲਾਗ ਵਾਲ਼ੀਆਂ ਬਿਮਾਰੀਆਂ ਵਿੱਚ ਨਿੱਤ ਦਿਨ ਵਾਧਾ ਹੋ ਰਿਹਾ ਹੈ। ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਵਧਣ ਪਿੱਛੇ ਜੈਵ-ਰਸਾਇਣਿਕ ਕਾਰਕਾਂ ਨਾਲ਼ੋਂ ਕਿਤੇ ਵੱਧ ਭੂਮਿਕਾ ਸਮਾਜਕ-ਆਰਥਕ ਕਾਰਕਾਂ ਦੀ ਹੈ। ਸਰਮਾਏ ਦੇ ਇਸ ਮੌਜੂਦਾ ਦੌਰ ਵਿੱਚ ਜਦ ਸਮੁੱਚਾ ਸਿਹਤ ਪ੍ਰਬੰਧ ਮੁਨਾਫੇ ਦਾ ਇੱਕ ਸਾਧਨ ਬਣ ਕੇ ਰਹਿ ਗਿਆ ਹੈ ਤਾਂ ਇਸ ਵਿੱਚ ਦਵਾਈਆਂ ਵੀ ਲੋਕਾਂ ਦੀ ਬਿਮਾਰੀ ਨੂੰ ਧਿਆਨ ਵਿੱਚ ਰੱਖ ਕੇ ਘੱਟ ਅਤੇ ਮੁਨਾਫੇ ਖਾਤਰ ਵੱਧ ਖਵਾਈਆਂ ਜਾਂਦੀਆਂ ਹਨ। ਸਿੱਟੇ ਵਜੋਂ ਐਂਟੀਬਾਈਟਿਕ ਬਣਾਉਣ ਵਾਲ਼ੀਆਂ ਕੰਪਨੀਆਂ ਵੱਲੋਂ ਵੱਧ ਤੋਂ ਵੱਧ ਐਂਟੀਬਾਈਟਿਕ ਲਿਖਣ ਲਈ ਡਾਕਟਰਾਂ ਉੱਤੇ ਦਬਾਅ ਪਾਇਆ ਜਾਂਦਾ ਹੈ, ਦਵਾਈਆਂ ਲਿਖਣ ਲਈ ਉਨ੍ਹਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਕਨੂੰਨ ਦੀਆਂ ਧੱਜੀਆਂ ਉਡਾਉਂਦੇ ਹੋਏ ਗੈਰ ਮਨਜ਼ੂਰਸ਼ੁਦਾ ਐਂਟੀਬਾਈਟਿਕ ਵੀ ਵੱਡੇ ਪੱਧਰ ’ਤੇ ਲੋਕਾਂ ਨੂੰ ਖਵਾ ਕੇ ਉਨ੍ਹਾਂ ਦੀ ਸਿਹਤ ਨਾਲ਼ ਖਿਲਵਾੜ ਕੀਤਾ ਜਾ ਰਿਹਾ।

ਡਾਕਟਰੀ ਦੇ ਹੀ ਮੰਨੇ ਪ੍ਰਮੰਨੇ ਰਸਾਲੇ ‘ਲੈਂਸੇਟ’ ਦੇ ਇੱਕ ਤਾਜ਼ਾ ਅਧਿਐਨ ਮੁਤਾਬਕ ਭਾਰਤ ਵਿੱਚ ਲੋਕਾਂ ਨੂੰ ਖਵਾਈਆਂ ਜਾ ਰਹੀਆਂ ਕੁੱਲ ਐਂਟੀਬਾਈਟਿਕ ਦਵਾਈਆਂ ਵਿੱਚੋਂ 47% ਗੈਰ-ਮਨਜ਼ੂਰਸ਼ੁਦਾ ਹਨ। ਭਾਰਤ ਵਿੱਚ ਐਂਟੀਬਾਈਟਿਕ ਦੀ ਕੁੱਲ ਖਪਤ ਦਾ 85-90% ਨਿੱਜੀ ਸਿਹਤ ਖੇਤਰ ਮੁਹੱਈਆ ਕਰਾਉਂਦਾ ਹੈ। ‘ਲੈਂਸੇਟ’ ਦੇ ਇਸੇ ਖੁਲਾਸੇ ਮੁਤਾਬਕ ਐਜੀਥਰੋਮਾਈਸਿਨ 500 ਮਿਲੀਗ੍ਰਾਮ ਦੀ ਗੋਲ਼ੀ ਦੀ ਸਭ ਤੋਂ ਵੱਧ ਖਪਤ (7.6%) ਹੁੰਦੀ ਹੈ ਅਤੇ ਇਸ ਤੋਂ ਬਾਅਦ ਦੂਜੇ ਨੰਬਰ ਸਿਫਿਕਸੀਮ 200 ਮਿਲੀਗ੍ਰਾਮ (6.5%) ਦੀ। ਜੇ ਐਂਟੀਬਾਈਟਿਕ ਦਵਾਈਆਂ ਦੀ ਵਿਗਿਆਨਕ ਸ਼੍ਰੇਣੀ ਵੰਡ ਦੇ ਹਿਸਾਬ ਨਾਲ਼ ਵੇਖੀਏ ਤਾਂ ਸਿਫੈਲੋਸਪੋਰਿਨ ਸਭ ਤੋਂ ਵੱਧ ਵਰਤੀ ਜਾਣ ਵਾਲ਼ੀ ਐਂਟੀਬਾਈਟਿਕ ਸ਼੍ਰੇਣੀ (29.5%) ਹੈ ਜਿਸ ਤੋਂ ਬਾਅਦ ਪੈਨਸਿਲੀਨ (17%) ਅਤੇ ਮੈਕਰੋਲਾਈਡ (16.5%) ਦਾ ਨੰਬਰ ਆਉਂਦਾ ਹੈ। ਨਿੱਜੀ ਕੰਪਨੀਆਂ ਦੇ ਮੁਨਾਫੇ ਖਾਤਰ ਐਂਟੀਬਾਈਟਿਕ ਦੀ ਇਸ ਗੈਰ-ਜਰੂਰੀ ਲੋੜੋਂ ਵੱਧ ਵਰਤੋਂ ਦਾ ਸਿੱਟਾ ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਵਜੋਂ ਨਿਕਲਦਾ ਹੈ।

ਇੱਕ ਹੋਰ ਸਮਾਜਕ-ਆਰਥਕ ਕਾਰਕ ਐਂਟੀਬਾਈਟਿਕ ਦਵਾਈਆਂ ਦੀ ਬੇਲੋੜੀ ਵਰਤੋਂ ਪਿੱਛੇ ਇਹ ਹੈ ਕਿ ਭਾਰਤ ਵਰਗੇ ਮੁਲਕ ਵਿੱਚ ਇੱਕ ਪਾਸੇ ਤਾਂ ਮਰੀਜ਼ਾਂ ਦੇ ਮੁਕਾਬਲੇ ਡਾਕਟਰਾਂ ਦੀ ਗਿਣਤੀ ਹੀ ਬਹੁਤ ਘੱਟ ਹੈ, ਸਿਹਤ ਖੇਤਰ ਦੇ ਵਿਆਪਕ ਪੈਮਾਨੇ ਉੱਤੇ ਨਿੱਜੀਕਰਨ ਕਾਰਨ ਉਨ੍ਹਾਂ ਵਿੱਚੋਂ ਵੀ ਬਹੁਤੇ ਡਾਕਟਰਾਂ ਤੱਕ ਵੱਡੀ ਕਿਰਤੀ ਅਬਾਦੀ ਦੀ ਪਹੁੰਚ ਹੀ ਨਹੀਂ ਹੈ। ਇਸ ਕਾਰਨ ਇੱਕ ਵੱਡੀ ਕਿਰਤੀ ਅਬਾਦੀ ਆਪਮੁਹਾਰੇ ਮੈਡੀਕਲ ਸਟੋਰਾਂ ਆਦਿ ਤੋਂ ਹੀ ਦਵਾਈ ਲੈ ਕੇ ਬੁੱਤਾ ਸਾਰਨ ਲਈ ਮਜਬੂਰ ਹੈ। ਜਿਥੇ ਦਵਾਈਆਂ ਦੀ ਵੰਡ ਸਬੰਧੀ ਭਾਰਤ ਵਿੱਚ ਪਹਿਲਾਂ ਤਾਂ ਕੋਈ ਕਨੂੰਨ ਹੀ ਨਹੀਂ ਹਨ ਅਤੇ ਜੇ ਕੋਈ ਹਨ ਵੀ ਤਾਂ ਉਨ੍ਹਾਂ ਨੂੰ ਛਿੱਕੇ ਟੰਗਦੇ ਹੋਏ ਦਵਾਈਆਂ ਦੀ ਵੰਡ ’ਤੇ ਦਵਾਈ ਕੰਪਨੀਆਂ ਦਾ ਇੱਕ ਤਰ੍ਹਾਂ ਪੂਰਾ ਕੰਟਰੋਲ ਹੈ। ਉੱਤੋਂ ਬੇਰੁਜ਼ਗਾਰੀ ਦੇ ਇਸ ਭਿਅੰਕਰ ਦੌਰ ਵਿੱਚ ਕੰਮ ਤੋਂ ਕੱਢੇ ਜਾਣ ਦਾ ਡਰ ਹਰ ਵਿਅਕਤੀ ਨੂੰ ਚੌਵੀ ਘੰਟੇ ਸਤਾਉਂਦਾ ਰਹਿੰਦਾ ਹੈ, ਜਿਸ ਕਾਰਨ ਜੇ ਉਹ ਬਿਮਾਰ ਹੋ ਵੀ ਜਾਵੇ ਅਤੇ ਔਖਾ ਸੌਖਾ ਡਾਕਟਰ ਕੋਲ਼ ਪਹੁੰਚ ਵੀ ਜਾਵੇ ਤਾਂ ਉਸ ਵੱਲੋਂ ਵੀ ਡਾਕਟਰ ਉੱਤੇ ਇਹੋ ਦਬਾਅ ਪਾਇਆ ਜਾਂਦਾ ਹੈ ਕਿ ਭਾਵੇਂ ਤੇਜ਼ ਤੋਂ ਤੇਜ਼ ਦਵਾਈ ਦੇਵੋ, ਬੱਸ ਉਹ ਛੇਤੀ ਤੋਂ ਛੇਤੀ ਕੰਮ ’ਤੇ ਜਾਣ ਜੋਗਾ ਹੋ ਸਕੇ ਤਾਂ ਕਿ ਉਹ ਨੌਕਰੀ ਤੋਂ ਨਾ ਕੱਢਿਆ ਜਾਵੇ। ਉਸ ਦੀ ਇਸ ਮਜਬੂਰੀ ਨੂੰ ਕੈਸ਼ ਕਰਨ ਲਈ ਨਿੱਜੀ ਦਵਾਈ ਕੰਪਨੀਆਂ ਤਾਂ ਪਹਿਲਾਂ ਹੀ ਤਿਆਰ ਬੈਠੀਆਂ ਹੁੰਦੀਆਂ ਹਨ। ਨਤੀਜਾ ਭਾਰਤ ਵਿੱਚ ਬ੍ਰੋਡ ਸਪੈਕਟ੍ਰਮ ਐਂਟੀਬਾਈਟਿਕ (ਜ਼ਿਆਦਾ ਵੱਡੇ ਘੇਰੇ ਵਿੱਚ ਮਾਰ ਕਰਨ ਵਾਲ਼ੇ, ਜੋ ਕਿ ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਨੂੰ ਤੇਜ਼ ਕਰਨ ਦੀ ਵੀ ਸੰਭਾਵਨਾ ਰੱਖਦੇ ਹਨ) ਦੀ ਵਰਤੋਂ ਭਾਰਤ ਵਿੱਚ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ। ਇੰਝ ਬਹੁਗਿਣਤੀ ਕਿਰਤੀ ਲੋਕਾਈ ਨੂੰ ਦੋਵੇਂ ਪਾਸਿਆਂ ਤੋਂ ਮਾਰ ਝੱਲਣੀ ਪੈ ਰਹੀ ਹੈ, ਨਾ ਤਾਂ ਉਸ ਨੂੰ ਬਿਮਾਰੀ ਵੇਲ਼ੇ ਕੰਮ ਤੋਂ ਛੁੱਟੀ ਮਿਲ਼ਦੀ ਹੈ ਅਤੇ ਨਾਲ਼ ਹੀ ਉਹ ਦਵਾਈ ਕੰਪਨੀਆਂ ਦੇ ਮੱਕੜਜਾਲ ਦਾ ਸ਼ਿਕਾਰ ਹੋ ਜਾਂਦਾ ਹੈ।

ਐਂਟੀਬਾਈਟਿਕ ਦਵਾਈਆਂ ਨਾ ਸਿਰਫ ਰੋਗੀਆਂ ਲਈ ਹੀ ਵਿਆਪਕ ਪੈਮਾਨੇ ਉੱਤੇ ਵਰਤੀਆਂ ਜਾਂਦੀਆਂ ਹਨ ਸਗੋਂ ਇਨ੍ਹਾਂ ਨੂੰ ਪੂਰੇ ਸੰਸਾਰ ਪੱਧਰ ਉੱਤੇ ਮਾਸ ਆਦਿ ਵਜੋਂ ਖਾਧੇ ਜਾਂ ਪਾਲ਼ੇ ਪਸ਼ੂਆਂ ਵਿੱਚ ਲਾਗ ਦੀ ਰੋਕਥਾਮ ਲਈ ਅਤੇ ਉਨ੍ਹਾਂ ਦੇ ਤੇਜ਼ ਸਰੀਰਕ ਵਿਕਾਸ ਲਈ ਵੀ ਵਰਤਿਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ ਵੇਚੀਆਂ ਜਾਣ ਵਾਲ਼ੀਆਂ ਐਂਟੀਬਾਈਟਿਕ ਦਵਾਈਆਂ ਦਾ 80% ਜਾਨਵਰਾਂ ’ਤੇ ਵਰਤਿਆ ਜਾਂਦਾ ਹੈ ਅਤੇ ਇੰਗਲੈਂਡ ਵਿੱਚ ਵੇਚੇ ਗਏ 78% ਤਾਜ਼ੇ ਚਿਕਨ ਦੇ ਟੈਸਟ ਵਿੱਚ ਅਜਿਹੀ ਰੋਗਜਨਕ ਲਾਗ ਪਾਈ ਗਈ, ਜਿਸ ਉੱਤੇ ਐਂਟੀਬਾਈਟਿਕ ਦਵਾਈਆਂ ਦਾ ਕੋਈ ਅਸਰ ਨਹੀਂ ਹੁੰਦਾ। ਮੀਟ ਲਈ ਪਾਲ਼ੇ ਜਾਂਦੇ ਅਜਿਹੇ ਜਾਨਵਰਾਂ ਵਿੱਚੋਂ ਦਵਾਈਆਂ ਖਿਲਾਫ ਪ੍ਰਤੀਰੋਧਕ ਸਮਰੱਥਾ ਵਿਕਸਤ ਕਰ ਚੁੱਕੇ ਬੈਕਟੀਰਿਆ, ਇਨ੍ਹਾਂ ਨੂੰ ਖਾਧੇ ਜਾਣ ਤੋਂ ਬਾਅਦ ਇਨਸਾਨਾਂ ਵਿੱਚ ਆ ਕੇ ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਦੇ ਵਧਣ ਦਾ ਕਾਰਨ ਬਣਦੇ ਹਨ। ਇੱਥੇ ਵੀ ਆਪਾਂ ਇਹੋ ਵੇਖਦੇ ਹਾਂ ਕਿ ਇਨ੍ਹਾਂ ਜਾਨਵਰਾਂ ਨੂੰ ਜ਼ਿਆਦਾ ਐਂਟੀਬਾਈਟਿਕ ਦਵਾਈਆਂ ਖਵਾਉਣ ਪਿੱਛੇ ਮੁੱਖ ਕਾਰਕ ਉਨ੍ਹਾਂ ਤੋਂ ਵੱਧ ਮੁਨਾਫਾ ਕਮਾਉਣਾ ਹੀ ਹੈ।

ਇੱਕ ਹੋਰ ਕਾਰਨ ਬਾਰੇ ਇੱਥੇ ਚਰਚਾ ਕਰਨਾ ਜ਼ਰੂਰੀ ਹੈ। ਐਂਟੀਬਾਈਟਿਕ ਵਿਧੀ ਰਾਹੀਂ ਇਲਾਜ ਦੀ ਇੱਕ ਸੀਮਾ ਇਹ ਹੈ ਕਿ ਜੀਵਾਂ ਵਿੱਚ ਇਨ੍ਹਾਂ ਖਿਲਾਫ ਪ੍ਰਤੀਰੋਧਕ ਸਮਰੱਥਾ ਵਿਕਸਤ ਕਰਨ ਦਾ ਗੁਣ ਕੁਦਰਤ ਵੱਲੋਂ ਹੀ ਮੌਜੂਦ ਹੈ। ਹੋ ਸਕਦਾ ਹੈ ਕਿ ਭਵਿੱਖ ਵਿੱਚ ਇਲਾਜ ਦੀ ਐਂਟੀਬਾਈਟਿਕ ਵਿਧੀ ਨਾਲ਼ੋਂ ਬਿਹਤਰ ਕੋਈ ਵਿਧੀ ਖੋਜ ਲਈ ਜਾਵੇ, ਜਿਸ ਵਿੱਚ ਇਸ ਸਮੱਸਿਆ ਉੱਤੇ ਕਾਬੂ ਪਾਇਆ ਜਾ ਸਕੇ। ਪਰ ਅਜਿਹੀਆਂ ਖੋਜਾਂ ਦੀ ਸੰਭਾਵਨਾ ਅਜੇ ਫੌਰੀ ਤੌਰ ’ਤੇ ਮੌਜੂਦਾ ਸਰਮਾਏਦਾਰਾ ਪ੍ਰਬੰਧ ਅੰਦਰ ਘੱਟ ਹੀ ਹੈ ਜਿਸਨੂੰ ਮੁਨਾਫੇ ਤੋਂ ਬਿਨਾ ਹੋਰ ਕੁਝ ਨਜ਼ਰ ਨਹੀਂ ਆਉਂਦਾ। ਉਂਨਾ ਚਿਰ ਤਾਂ ਐਂਟੀਬਾਈਟਿਕ ਦਵਾਈਆਂ ਦੀ ਹੀ ਸਹੀ ਤਰੀਕੇ ਨਾਲ਼ ਵਰਤੋਂ ਨੂੰ ਯਕੀਨੀ ਬਣਾਉਣ ਲਈ ਯਤਨ ਕਰਨੇ ਹੋਣਗੇ। ਕਿਸੇ ਵੀ ਐਂਟੀਬਾਈਟਿਕ ਦੀ ਬਹੁਤ ਲੰਮਾ ਸਮਾਂ ਵਰਤੋਂ ਕਿਸੇ ਜੀਵ ਵਿੱਚ ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਦੇ ਵਿਗਸਣ ਦਾ ਕਾਰਨ ਬਣਦੀ ਹੈ। ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਦੇ ਨਤੀਜੇ ਵਜੋਂ ਹਰ ਸਾਲ ਨਵੇਂ ਰੋਗਾਣੂ ਉੱਭਰਦੇ ਹਨ, ਪਰ 80 ਦੇ ਦਹਾਕੇ ਦੇ ਅਖੀਰ ਤੋਂ ਲੈ ਕੇ ਹੁਣ ਤੱਕ, ਕਈ ਦਹਾਕੇ ਗੁਜ਼ਰ ਜਾਣ ਦੇ ਬਾਵਜੂਦ ਐਂਟੀਬਾਈਟਿਕਸ ਦੀਆਂ ਗੁਣਾਤਮਕ ਤੌਰ ’ਤੇ ਕੋਈ ਨਵੀਆਂ ਸ਼੍ਰੇਣੀਆਂ ਨਹੀਂ ਤਿਆਰ ਕੀਤੀਆਂ ਗਈਆਂ ਅਤੇ ਪਹਿਲਾਂ ਤੋਂ ਮੌਜੂਦ ਦਵਾਈਆਂ ਪ੍ਰਤੀਰੋਧਕਤਾ ਵਧਣ ਦੇ ਨਾਲ਼ ਘੱਟ ਅਸਰਦਾਰ ਹੁੰਦੀਆਂ ਜਾ ਰਹੀਆਂ ਹਨ। ਇਸ ਲਈ ਸਮਾਂ ਬੀਤਣ ਨਾਲ਼, ਸਮੇਂ ਸਮੇਂ ਨਵੇਂ ਕਿਸਮ ਦੇ ਐਂਟੀਬਾਈਟਿਕ ਖੋਜੇ ਜਾਣੇ ਜ਼ਰੂਰੀ ਹਨ। ਪਰ ਦਵਾਈ ਕੰਪਨੀਆਂ ਨੂੰ ਇਸ ਖੋਜ ਉੱਤੇ ਖ਼ਰਚ ਕਰਨਾ ਘਾਟੇ ਦਾ ਸੌਦਾ ਲੱਗਦਾ ਹੈ। ਇਸਦਾ ਕਾਰਨ ਇਹ ਹੈ ਕਿ ਇੱਕ ਤਾਂ ਐਂਟੀਬਾਈਟਿਕ ਦਵਾਈਆਂ ਨੂੰ ਮਰੀਜ਼ਾਂ ਨੂੰ ਲੰਮਾ ਸਮਾਂ ਵਰਤੀਆਂ ਜਾਣ ਵਾਲ਼ੀਆਂ ਦਵਾਈਆਂ ਦੇ ਮੁਕਾਬਲੇ ਸਿਰਫ ਥੋੜੇ ਸਮੇਂ ਲਈ ਹੀ ਦਿੱਤਾ ਜਾਂਦਾ ਹੈ ਅਤੇ ਦੂਸਰਾ ਕੁਝ ਦੇਰ ਬਾਅਦ ਪ੍ਰਤੀਰੋਧਕਤਾ ਵਿਕਸਤ ਹੋਣ ਦੇ ਖਤਰੇ ਕਾਰਨ ਇਨ੍ਹਾਂ ਦੀ ਉਮਰ ਵੀ ਸੀਮਤ ਹੁੰਦੀ ਹੈ, ਜਿਸ ਕਾਰਨ ਦਵਾਈ ਕੰਪਨੀਆਂ ਐਂਟੀਬਾਈਟਿਕ ਦਵਾਈਆਂ ਉੱਤੇ ਖਰਚਾ ਕਰਨ ਨੂੰ ਆਪਣੀ ਪਹਿਲੀ ਤਰਜੀਹ ਵਿੱਚ ਨਹੀਂ ਰੱਖਦੀਆਂ। ਇਹੋ ਕਾਰਨ ਹੈ ਕਿ 1980ਵਿਆਂ ਤੋਂ ਬਾਅਦ ਗੁਣਾਤਮਕ ਤੌਰ ’ਤੇ ਕੋਈ ਨਵੀਂ ਐਂਟੀਬਾਈਟਿਕ ਦਵਾਈ ਨਹੀਂ ਈਜ਼ਾਦ ਕੀਤੀ ਗਈ ਅਤੇ ਪੁਰਾਣੀਆਂ ਖਿਲਾਫ ਐਂਟੀਮਾਈਕ੍ਰੋਬੀਅਲ ਪ੍ਰਤੀਰੋਧਕਤਾ ਤੇਜ਼ੀ ਨਾਲ਼ ਵਿਕਸਤ ਹੋ ਰਹੀ ਹੈ। ਸਾਲ 2013 ਵਿੱਚ ਕੀਤੇ ਗਏ ਇੱਕ ਅਧਿਐਨ ਮੁਤਾਬਕ 18 ਸਭ ਤੋਂ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ ਵਿੱਚੋਂ 15 ਨੇ ਸਮੁੱਚੇ ਤੌਰ ’ਤੇ ਇਸ ਖੇਤਰ ਨੂੰ ਛੱਡ ਦਿੱਤਾ ਸੀ ਅਤੇ ਅਕੈਡਮਿਕ ਖੇਤਰ ਵਿੱਚ ਕੀਤੀ ਜਾਣ ਵਾਲ਼ੀ ਐਂਟੀਬਾਈਟਿਕ ਖੋਜ ਵਿੱਚ ਵੀ ਫੰਡਾਂ ਵਿੱਚ ਕਟੌਤੀ ਕਾਰਨ ਕਾਫੀ ਕਮੀ ਆਈ ਹੈ। ਪਰ ਇੱਥੇ ਅਸੀਂ ਹੋਰਨਾਂ ਦਵਾਈਆਂ ਦੇ ਮੁਕਾਬਲੇ ਐਂਟੀਬਾਈਟਿਕ ਦਵਾਈਆਂ ਵਿੱਚ ਸਾਪੇਖਕ ਕਮੀ ਦੀ ਗੱਲ ਕਰ ਰਹੇ ਹਾਂ ਜਿਸ ਦੇ ਬਾਵਜੂਦ ਲੋਕਾਂ ਵਿੱਚ ਵੱਡੇ ਪੱਧਰ ਉੱਤੇ ਐਂਟੀਬਾਈਟਿਕ ਦਵਾਈਆਂ ਦੀ ਬੇਲੋੜੀ ਖਪਤ ਇੱਕ ਤਲਖ਼ ਹਕੀਕਤ ਹੈ।