ਸੰਯੁਕਤ ਰਾਸ਼ਟਰ ਚ ਹੜ੍ਹ ਪ੍ਰਭਾਵਿਤ ਪਾਕਿਸਤਾਨ ਦੀ ਮਦਦ ਦਾ ਮਤਾ ਪਾਸ

ਸੰਯੁਕਤ ਰਾਸ਼ਟਰ ਮਹਾਸਭਾ ਨੇ ਸ਼ੁੱਕਰਵਾਰ ਨੂੰ ਹੜ੍ਹ ਪ੍ਰਭਾਵਿਤ ਪਾਕਿਸਤਾਨ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਨੂੰ ਸਥਿਤੀ ਤੋਂ ਉਭਰਨ ਵਿਚ ਮਦਦ ਲਈ ਰਾਜਨੀਤਿਕ ਇੱਛਾ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਕਿਹਾ। ਮਹਾਸਭਾ ਵਿੱਚ ਪਾਸ ਕੀਤੇ ਗਏ ਮਤੇ ਵਿੱਚ ਸਾਰੇ ਸਬੰਧਤ ਨੁਕਤੇ ਸ਼ਾਮਲ ਕੀਤੇ ਗਏ ਸਨ। ਮਤੇ ‘ਚ ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੀਆਂ ਲੋੜਾਂ ਪ੍ਰਤੀ “ਅੰਤਰਰਾਸ਼ਟਰੀ ਭਾਈਚਾਰੇ ਨੂੰ ਸੰਵੇਦਨਸ਼ੀਲ” ਬਣਾਉਣ ਅਤੇ ਪ੍ਰਭਾਵੀ, ਤੁਰੰਤ ਅਤੇ ਢੁਕਵੇਂ ਅੰਤਰਰਾਸ਼ਟਰੀ ਸਮਰਥਨ ਅਤੇ ਸਹਾਇਤਾ ਜੁਟਾਉਣ ਲਈ ਯਤਨ ਤੇਜ਼ ਕਰਨ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਹੜ੍ਹ ਕਾਰਨ ਕਰੀਬ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ। ਮੱਧ ਜੂਨ ਵਿੱਚ ਹੜ੍ਹਾਂ ਕਾਰਨ 1,700 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਲਗਭਗ 80 ਲੱਖ ਲੋਕ ਬੇਘਰ ਹੋ ਗਏ ਅਤੇ ਸੈਂਕੜੇ ਅਜੇ ਵੀ ਸ਼ਰਨਾਰਥੀ ਕੈਂਪਾਂ ਵਿੱਚ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ ਕਿ ਪਾਕਿਸਤਾਨ ਵਿੱਚ ਹੜ੍ਹਾਂ ਕਾਰਨ 20 ਲੱਖ ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਤਬਾਹੀ ਡੇਢ ਕਰੋੜ ਤੋਂ ਵੱਧ ਲੋਕਾਂ ਨੂੰ ਗਰੀਬੀ ਵੱਲ ਧੱਕ ਸਕਦੀ ਹੈ।

ਇਸ ਦੌਰਾਨ ਸੰਯੁਕਤ ਰਾਸ਼ਟਰ ਨੇ ਹੜ੍ਹਾਂ ਤੋਂ ਬਾਅਦ ਪਾਕਿਸਤਾਨ ‘ਚ ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਅਤੇ ਹੋਰ ਭਿਆਨਕ ਬੀਮਾਰੀਆਂ ਦੇ ਇੱਕ ਹੋਰ ਸੰਕਟ ਦੀ ਸੰਭਾਵਨਾ ਦੀ ਚਿਤਾਵਨੀ ਦਿੱਤੀ ਹੈ। ਗੁਟੇਰੇਸ ਨੇ ਕਿਹਾ ਕਿ ਸਥਿਤੀ ਵਿਗੜਦੀ ਜਾ ਰਹੀ ਹੈ,” ਪਾਕਿਸਤਾਨ ਇਕ ਜਨਤਕ ਸਿਹਤ ਆਫ਼ਤ ਦੇ ਕੰਢੇ ‘ਤੇ ਹੈ।’ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਪਾਕਿਸਤਾਨ ਨੂੰ ਲਗਭਗ 81.6 ਕਰੋੜ ਰੁਪਏ ਦੀ ਸਹਾਇਤਾ ਦੀ ਅਪੀਲ ਕੀਤੀ ਹੈ, ਹਾਲਾਂਕਿ ਗੁਟੇਰੇਸ ਨੇ ਕਿਹਾ ਕਿ ਇਹ ਰਕਮ ਹਰ ਮੋਰਚੇ ‘ਤੇ ਲੋੜ ਤੋਂ ਘੱਟ ਹੈ।