ਟੈਕਨੋ-ਪੂੰਜੀਵਾਦ ਤੇ ਮਾਨਸਿਕ ਹਿੰਸਾ

ਅਵਿਜੀਤ ਪਾਠਕ

ਹਰ ਸਾਲ ਇਨ੍ਹਾਂ ਦਿਨਾਂ ਵਿਚ ਜਦੋਂ ਅਸੀਂ ਮਹਾਤਮਾ ਗਾਂਧੀ ਦੇ ਜਨਮ ਦੀ ਵਰ੍ਹੇਗੰਢ ਮਨਾਉਂਦੇ ਹਾਂ ਤਾਂ ਇਕ ਸਵਾਲ ਮੈਨੂੰ ਪ੍ਰੇਸ਼ਾਨ ਕਰਦਾ ਹੈ: ਕੀ ਸਾਡੇ ਚਾਰੇ ਪਾਸੇ ਪਸਰੀ ਹਿੰਸਾ ਅਤੇ ਜਿਸ ਦੁਨੀਆ ਵਿਚ ਅਸੀਂ ਰਹਿ ਰਹੇ ਹਾਂ, ਉਸ ਬਾਰੇ ਅਸੀਂ ਕੁਝ ਕਰ ਸਕਦੇ ਹਾਂ? ਜੇ ਅਸੀਂ ਅਹਿੰਸਾ ਤੇ ਸ਼ਾਂਤੀ ਵੱਲ ਜਾਣਾ ਹੀ ਨਹੀਂ ਚਾਹੁੰਦੇ ਤਾਂ ਆਖ਼ਰਕਾਰ ਰਾਜ ਘਾਟ ’ਤੇ ਕਤਾਰਾਂ ਬੰਨ੍ਹ ਕੇ ਗਾਂਧੀ ਦੇ ਬੁੱਤ ਨੂੰ ਹਾਰ ਪਾਉਣ ਦੀ ਕੀ ਤੁਕ ਬਣਦੀ ਹੈ?

ਹਾਲਾਂਕਿ ਅਸੀਂ ਜਿਸਮਾਨੀ, ਹੋਂਦ ਤੇ ਸੱਭਿਆਚਾਰਕ ਪੱਖ ਤੋਂ ਹਿੰਸਾ ਦਾ ਸੰਤਾਪ ਹੰਢਾਉਂਦੇ ਹਾਂ ਪਰ ਫਿਰ ਵੀ ਅਸੀਂ ਹਿੰਸਾ ਨੂੰ ਨਜ਼ਰਅੰਦਾਜ਼ ਕਰਦੇ ਅਤੇ ਪਾਵਨ ਬਣਾਉਣ ਦੇ ਯਤਨ ਕਰਦੇ ਰਹਿੰਦੇ ਹਾਂ। ਇਹ ਸੱਚ ਹੈ ਕਿ ਅਸੀਂ ਹੁਣ ਗੁਲਾਮਦਾਰੀ ਤੇ ਜਗੀਰੂ ਨਿਜ਼ਾਮ ਤੋਂ ਅਗਾਂਹ ਨਿਕਲ ਕੇ ਪੂੰਜੀਵਾਦ ਤੇ ਆਧੁਨਿਕ ਸਮਾਜਵਾਦ ਦੇ ਯੁੱਗ ਵਿਚ ਪਹੁੰਚ ਗਏ ਹਾਂ। ਮਨੁੱਖੀ ਹੱਕਾਂ ਦੀ ਸੋਝੀ ਨੇ ਸਾਡੀ ਰਚਨਾਤਮਿਕ ਕਿਰਿਆ ਨੂੰ ਪ੍ਰਚੰਡ ਕਰਨ, ਸਾਡੀ ਚੇਤਨਾ ਦੇ ਜਮਹੂਰੀਕਰਨ ਅਤੇ ਜਾਤ ਤੇ ਪਿੱਤਰਸੱਤਾ/ਮਰਦ ਪ੍ਰਧਾਨਤਾ ਜਿਹੀਆਂ ਦਮਨਕਾਰੀ ਸੰਸਥਾਵਾਂ ਦਾ ਵਿਰੋਧ ਕਰਨ ਵਿਚ ਮਦਦ ਦਿੱਤੀ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਆਧੁਨਿਕ ਯੁੱਗ ਨੂੰ ਅਕਸਰ ਆਜ਼ਾਦੀ ਦਾ ਯੁੱਗ ਸਮਝਿਆ ਜਾਂਦਾ ਹੈ ਪਰ ਇਤਿਹਾਸ ਦਾ ਸਫ਼ਰ ਕਦੇ ਵੀ ਸਿੱਧ ਪੱਧਰਾ ਨਹੀਂ ਰਿਹਾ। ਹਾਲਾਂਕਿ ਆਧੁਨਿਕਤਾ ਨੇ ਸਾਨੂੰ ਅਮੀਰ ਕੀਤਾ ਹੈ ਪਰ ਫਾਸ਼ੀਵਾਦ ਤੋਂ ਲੈ ਕੇ ਤਬਾਹਕਾਰੀ ਜੰਗਾਂ ਤੱਕ ਅਸੀਂ ਸਾਡੇ ਸਮਿਆਂ ਦੀ ਹਿੰਸਾ ਦੇ ਸਭ ਤੋਂ ਘਿਣਾਉਣੇ ਰੂਪਾਂ ਦਾ ਅਨੁਭਵ ਵੀ ਕੀਤਾ ਹੈ। ਦਰਅਸਲ, ਹਿੰਸਾ ਦਾ ਖ਼ਾਤਮਾ ਤਾਂ ਦੂਰ ਰਿਹਾ, ਸਗੋਂ ਆਧੁਨਿਕਤਾ ਨਾਲ ਇਸ ਦਾ ਪਸਾਰਾ ਵਧ ਗਿਆ ਹੈ ਅਤੇ ਹੁਣ ਹਿੰਸਾ ਨੂੰ ਸੂਖਮ ਤੇ ਦਿਲਕਸ਼ ਵੀ ਬਣਾ ਦਿੱਤਾ ਹੈ।

ਇਸ ਅੱਤ ਦੇ ਮੁਕਾਬਲੇ ਭਰੇ ਦੌਰ ਵਿਚ ਲੁਕੀ ਹੋਈ ਮਾਨਸਿਕ ਹਿੰਸਾ ਦੀ ਸ਼ਿੱਦਤ ਬਾਰੇ ਸੋਚੋ। ਸਮਾਜਕ ਡਾਰਵਿਨਵਾਦ ਜਾਂ ਸਭ ਤੋਂ ਤਾਕਤਵਰ ਦੇ ਬਚੇ ਰਹਿਣ ਦੇ ਨੇਮ ਨੂੰ ਹੁਸ਼ਿਆਰੀ ਦਾ ਟੋਕਨ ਗਿਣਿਆ ਜਾਂਦਾ ਹੈ ਤੇ ਅਸੀਂ ਹੰਕਾਰੇ ਹੋਏ ਲੜਾਕੂ ਬਣਦੇ ਜਾ ਰਹੇ ਹਾਂ। ਹੰਕਾਰ ਦਾ ਬੋਝ (ਆਪਣੀ ਯੂਨੀਵਰਸਿਟੀ ਦੀ ਡਿਗਰੀ ਦਾ ਮਾਣ, ਵੱਡੀ ਤਨਖ਼ਾਹ ਜਾਂ ਸੰਪਤੀ ਦਾ ਦਿਖਾਵਾ; ਸਰਕਾਰੀ ਅਹੁਦੇ ਦਾ ਮਾਣ; ਜਾਂ ਆਪਣੇ ਸਾਜ਼ੋ ਸਾਮਾਨ ਦੀ ਵਡਿਆਈ) ਆਪਸਦਾਰੀ, ਸਨੇਹ ਤੇ ਸੰਵਾਦ ਦੀ ਭਾਵਨਾ ਦਾ ਖ਼ਾਤਮਾ ਕਰਦਾ ਹੈ ਤੇ ਉਸ ਨੂੰ ਪਿੱਛੇ ਹਟਾਉਂਦਾ ਹੈ। ਜੇ ਤੁਸੀਂ ਹਰ ਬੰਦੇ ਨਾਲ ਸ਼ਰੀਕੇਬਾਜ਼ੀ ਵਿੱਢ ਲਓਗੇ ਤਾਂ ਤੁਹਾਡੇ ਆਸ ਪਾਸ ਸ਼ਾਂਤੀ, ਪਿਆਰ ਤੇ ਸਨੇਹ ਕਿਵੇਂ ਪਣਪ ਸਕਦਾ ਹੈ? ਸਕੂਲ ਤੋਂ ਲੈ ਕੇ ਯੂਨੀਵਰਸਿਟੀ ਜਾਂ ਦਫ਼ਤਰਾਂ ਤੇ ਫੈਕਟਰੀਆਂ ਤੱਕ ਅਸੀਂ ਦਿਖਾਵੇਬਾਜ਼ੀ, ਮਾਅਰਕੇਬਾਜ਼ੀ ਤੇ ਹਉਂਬਾਜ਼ੀ ਦੀ ਇਹੀ ਤਕਨੀਕ ਸਿੱਖਦੇ ਹਾਂ। ਸਖ਼ਤ ਬਣੋ, ਅੱਗੇ ਵਧੋ, ਦੂਜਿਆਂ ਨੂੰ ਮਾਤ ਦਿਓ, ਠਿੱਬੀ ਲਾਓ ਤੇ ਫਿਰ ਹਰ ਆਪਣੇ ਮਨ ਨੂੰ ਬੇਚੈਨ ਰੱਖੋ ਤੇ ਇੰਝ ਮਿਰਗ ਤ੍ਰਿਸ਼ਨਾ ਵਾਲੀ ਸਫਲਤਾ ਪਿੱਛੇ ਦੌੜਦੇ ਰਹੋ! ਇਹ ਇਕਾਂਗੀ ਹੋਂਦ ਹੋਰ ਕੁਝ ਵੀ ਨਹੀਂ ਸਗੋਂ ਸਾਫ਼ ਤੌਰ ’ਤੇ ਇਹ ਹਿੰਸਾ ਦਾ ਹੀ ਰੂਪ ਹੈ।

ਟੈਕਨੋ-ਪੂੰਜੀਵਾਦ ਨੇ ਸਾਡੇ ਨਾਲ ਜੋ ਖੇਡ ਖੇਡੀ ਹੈ, ਬਿਨਾਂ ਸ਼ੱਕ ਇਹ ਮਾਨਸਿਕ ਹਿੰਸਾ ਉਸ ਨਾਲ ਧੁਰ ਅੰਦਰੋਂ ਜੁੜੀ ਹੋਈ ਹੈ। ਇਸ ਮੰਡੀ ਵਿਚ ਅਸੀਂ ਸਾਰੇ ਜਿਣਸ ਮਾਤਰ ਹਾਂ, ਜਿਨ੍ਹਾਂ ‘ਤੇ ਕੀਮਤਾਂ ਦੇ ਟੈਗ ਲੱਗੇ ਹੋਏ ਹਨ; ਅਸੀਂ ਮਸ਼ੀਨੀ ਤੇ ਰਣਨੀਤਕ ਸਬੰਧਾਂ ਤੋਂ ਪਰੇ ਸੋਚ ਹੀ ਨਹੀਂ ਸਕਦੇ। ਹਰ ਸ਼ੈਅ ਇਕ ਸਾਧਨ ਬਣ ਗਈ ਹੈ ਜਿਸ ਨੂੰ ਆਪਣੇ ਮੰਤਵ ਦੀ ਖਾਤਰ ਵਰਤਿਆ, ਸੋਧਿਆ ਜਾਂ ਤੋੜਿਆ ਮਰੋੜਿਆ ਜਾ ਸਕਦਾ ਹੈ। ਦਰਖ਼ਤ ਇਕ ਸਰੋਤ ਹੈ, ਨਦੀ ਇਕ ਸਰੋਤ ਹੈ ਤੇ ਇਕ ਦੋਸਤ ਵੀ ਸਾਧਨ ਹੈ। ਅੱਜ ਸਾਡੇ ਸਾਹਮਣੇ ਆ ਰਿਹਾ ਜਲਵਾਯੂ ਸੰਕਟ ਟੈਕਨੋ ਪੂੰਜੀਵਾਦ ਦੀ ਮਸ਼ੀਨੀ ਤਰਕ ਜਾਂ ਕੁਦਰਤੀ ਸਰੋਤਾਂ ਦੀ ਲੁੱਟ ਖਸੁੱਟ ਦਾ ਨਤੀਜਾ ਹੈ। ਇਸ ਚੂਹਾ ਦੌੜ ਵਿਚ ਸ਼ਾਮਲ ਹੋਣ ਬਦਲੇ ਅਸੀਂ ਵਧ ਰਹੇ ਇਕਲਾਪੇ ਅਤੇ ਅੰਦਰੂਨੀ ਖਾਲੀਪਣ ਦੇ ਰੂਪ ਵਿਚ ਕੀਮਤ ਅਦਾ ਕਰ ਰਹੇ ਹਾਂ। ਸ਼ਹਿਰੀ ਝੌਂਪੜਪੱਟੀਆਂ ਵਿਚ ਹਨੇਰ ਤੇ ਹਿੰਸਾ ਦਾ ਪਸਾਰਾ ਹੈ ਜਦਕਿ ਸ਼ਾਨਦਾਰ ਰਿਹਾਇਸ਼ੀ ਖੇਤਰਾਂ ਵਿਚ ਰਹਿਣ ਵਾਲੇ ਲੋਕ ਕਲੱਬ ਹਾਊਸ ਤੇ ਤਰਨ ਤਾਲ ਜਿਹੀਆਂ ਸਾਰੀਆਂ ਸੁੱਖ ਸੁਵਿਧਾਵਾਂ ਦੇ ਹੁੰਦੇ ਸੁੰਦੇ ਸੰਨ੍ਹੇ ਤੇ ਉਦਾਸ ਹਨ। ਧਨ ਆ ਰਿਹਾ ਹੈ ਪਰ ਰਿਸ਼ਤੇ ਨਾਤੇ ਖਤਮ ਹੋ ਗਏ ਹਨ।

ਸਾਡੇ ਸਮਿਆਂ ਦੀ ਗਤੀ ਦੇ ਜਸ਼ਨ ਦਾ ਅੰਦਾਜ਼ਾ ਲਾ ਕੇ ਦੇਖੋ। ਮਹਾਮਾਰਗਾਂ ‘ਤੇ ਸਾਡੀਆਂ ਕਾਰਾਂ ਫਰਾਟਾ ਦੌੜਦੀਆਂ ਹਨ; ਸਾਡੇ ਬੱਚੇ ਸਕੂਲਾਂ ਤੋਂ ਕੋਚਿੰਗ ਕੇਂਦਰਾਂ ਤੱਕ ਦੌੜਦੇ ਰਹਿੰਦੇ ਹਨ ਤੇ ਸਮੇਂ ਦੀ ਬਚਤ ਦੇ ਸਾਰੇ ਉਪਕਰਨਾਂ ਦੀ ਚਕਾਚੌਂਧ ਦੇ ਬਾਵਜੂਦ ਸਾਡੇ ‘ਚੋਂ ਕਿਸੇ ਕੋਲ ਵੀ ਆਪਣੇ ਕਿਸੇ ਬਿਮਾਰ ਦੋਸਤ ਦੀ ਖ਼ਬਰ ਲੈਣ ਜਾਂ ਚੰਦ ਅਤੇ ਉਡਦੇ ਬੱਦਲਾਂ ਨਾਲ ਅਠਖੇਲੀਆਂ ਕਰਨ ਦਾ ਵਕਤ ਨਹੀਂ ਮਿਲਦਾ। ਇਸ ਕਾਹਲ ਭਰੀ ਹੋਂਦ ਮਾਨਸਿਕ ਟਿਕਾਅ ਨਹੀਂ ਬਣਨ ਦਿੰਦੀ, ਜੋ ਸਾਡੇ ਠਹਿਰਾਓ, ਖਾਮੋਸ਼ੀ ਤੇ ਗਹਿਰੇ ਸੰਵਾਦ ਦੇ ਰੂਪ ਵਿਚ ਸਾਡੇ ਆਤਮ ਵਿਗਾਸ ਲਈ ਜ਼ਰੂਰੀ ਹੁੰਦਾ ਹੈ। ਸਿਤਮਜ਼ਰੀਫ਼ੀ ਇਹ ਹੈ ਕਿ ਧਰਮ ਦੇ ਦਾਇਰੇ ਵੀ ਕਾਫ਼ੀ ਹਿੰਸਕ ਬਣਦੇ ਜਾ ਰਹੇ ਹਨ। ਇਸ ਦੇ ਉਲਟ ਧਰਮਨਿਰਲੇਪਤਾ ਦੇ ਅਲੰਬਰਦਾਰ ਆਪਣੀ ਅਧਿਆਤਮਕ ਛੋਹ ਗੁਆ ਰਹੇ ਹਨ। ਅੰਧ ਰਾਸ਼ਟਰਵਾਦੀਆਂ ਨੇ ਜਿੱਥੇ ਧਰਮ ਨੂੰ ਫੁੱਟ-ਪਾਊ ਪਛਾਣ ਦੀ ਗੰਦੀ ਸਿਆਸਤ ਦਾ ਔਜ਼ਾਰ ਬਣਾ ਧਰਿਆ ਹੈ, ਉੱਥੇ ਪਿੱਤਰਸੱਤਾਵਾਦੀ ਮੂਲਵਾਦੀਆਂ ਨੇ ਇਸ ਅਧਿਆਤਮਕ ਖੋਜ ਦੇ ਮੁਕਤੀਜਨਕ ਖਾਸੇ ਦੀ ਸੰਘੀ ਘੁੱਟ ਦਿੱਤੀ ਹੈ। ਨਵੇਂ ਜ਼ਮਾਨੇ ਦੇ ਗੁਰੂਆਂ ਦੀ ਤੇਜ਼ੀ ਨਾਲ ਵਧ ਫੁੱਲ ਰਹੀ ਸਨਅਤ ਅੰਦਰੋਂ ‘ਧਿਆਨ’ ਦੀ ਪੈਕੇਜਿੰਗ, ਬ੍ਰਾਂਡਿੰਗ ਤੇ ਵਿਕਰੀ ਦੀ ਬਹੁ-ਪਰਤੀ ਵਿਧਾ ਨਾਲ ਜੁੜੀ ਹੋਈ ਹੈ। ਧਰਮ ਨੂੰ ਮੰਡੀ ਦੀ ਇਕ ਜਿਣਸ ਵਾਂਗ ਸਿਆਸਤ ਦਾ ਔਜ਼ਾਰ ਬਣਾ ਦਿੱਤਾ ਗਿਆ ਹੈ ਜਿਸ ਵਿਚ ਮੁਹੱਬਤ ਤੇ ਸਨੇਹ ਦਾ ਕੋਈ ਅੰਸ਼ ਨਜ਼ਰ ਨਹੀਂ ਆਉਂਦਾ। ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਮਸ਼ੀਨੀ ਸਿਆਸਤ, ਮਾਰਖੋਰਾ ਰਾਸ਼ਟਰਵਾਦ, ਧਾਰਮਿਕ ਮੂਲਵਾਦ, ਤਕਨੀਕੀ ਧੌਂਸ, ਚੌਤਰਫ਼ਾ ਜਾਸੂਸੀ, ਅੱਤ ਦਾ ਖ਼ਪਤਵਾਦ, ਜੰਗ ਤੇ ਫ਼ੌਜਪੁਣਾ ਸਾਡੀ ਇਸ ਦੁਨੀਆ ਦੇ ਨੈਣ ਨਕਸ਼ ਬਣ ਗਏ ਹਨ।

ਕੀ ਹੁਣ ਕੋਈ ਗਾਂਧੀ ਦੀ ਗੱਲ ਸੁਣਨ ਵਾਲਾ ਬਚਿਆ ਹੈ? ਗਾਂਧੀ ਦੀ ਅਹਿੰਸਾ ਤੇ ਸਤਿਆਗ੍ਰਹਿ ਮਹਿਜ਼ ਬਸਤੀਵਾਦੀ ਸਾਮਰਾਜ ਦੇ ਟਾਕਰੇ ਦੀ ਵਿਧਾ ਨਹੀਂ ਸੀ ਤੇ ਨਾ ਹੀ ਇਹ ਕੋਈ ਰਣਨੀਤਕ ਪੈਂਤੜਾ ਸੀ। ਉਨ੍ਹਾਂ ਦੀ ਇਹ ਕੋਸ਼ਿਸ਼ ਸੀ ਕਿ ਅਸੀਂ ਇਹ ਮਹਿਸੂਸ ਕਰੀਏ ਕਿ ਸ਼ਾਂਤਮਈ ਤੇ ਅਹਿੰਸਕ ਸਮਾਜਕ ਵਿਵਸਥਾ ਕਾਇਮ ਕਰਨ ਲਈ ਆਤਮਿਕ ਤੌਰ ‘ਤੇ ਬਲਸ਼ਾਲੀ ਇਕ ਨਵੇਂ ਪ੍ਰਾਣੀ, ਕਬਜ਼ੇ ਤੋਂ ਮੁਕਤ ਜਾਂ ਸੰਜਮੀ ਵਿਹਾਰ, ਸਰਵੋਦਯ ਜਾਂ ਖਲੂਸ ਦੇ ਇਖ਼ਲਾਕ ਦੀ ਲੋੜ ਪਵੇਗੀ। ਲਾਲਚ ਨੂੰ ਹਵਾ ਦੇਣ ਵਾਲੀ, ਲੋਕਾਂ ਨੂੰ ਕੁਦਰਤ ਅਤੇ ਆਪਣੇ ਸਮਾਜਕ ਆਲੇ ਦੁਆਲੇ ਨਾਲੋਂ ਤੋੜਨ ਵਾਲੀ ਅਤੇ ਆਤਮ ਨਿਰਭਰਤਾ ਦੇ ਅਸੂਲਾਂ ਦਾ ਖੰਡਨ ਕਰਨ ਵਾਲੀ ‘ਸ਼ੈਤਾਨੀ’ ਸਭਿਅਤਾ ਹਿੰਸਾ ਨੂੰ ਪੱਠੇ ਪਾਉਂਦੀ ਹੈ ਅਤੇ ਬੇਗਾਨਗੀ ਪੈਦਾ ਕਰਦੀ ਹੈ। ਇਸੇ ਤਰ੍ਹਾਂ ਨਿਸ਼ਕਾਮ ਕਰਮ ਅਤੇ ਪਿਆਰ ਦੀ ਮਰਹਮੀ ਤਾਕਤ ਦੇ ਮਿਸ਼ਰਣ ਵਾਲੀ ਧਾਰਮਿਕਤਾ ਦੇ ਆਸਰੇ ਗਾਂਧੀ ਸਿਆਸੀ ਤੇ ਅਧਿਆਤਮਕ ਠਹਿਰਾਓ ਤੇ ਸਮਾਜਕ ਸਿਆਸੀ ਸਰਗਰਮੀ ਨੂੰ ਇਕਜੁੱਟ ਕਰਨ ਵਿਚ ਸਫਲ ਰਹੇ ਸਨ। ਸੰਭਵ ਹੈ ਕਿ ਅਸੀਂ ਜਿਸ ਯੁੱਗ ਵਿਚ ਜੀਅ ਰਹੇ ਹਾਂ ਉਹ ਗਾਂਧੀ ਨੂੰ ਗੰਭੀਰਤਾ ਨਾਲ ਨਾ ਲੈਂਦੀ ਹੋਵੇ। ਇਵੇਂ ਲਗਦਾ ਹੈ ਜਿਵੇਂ ਇਸ ਨੇ ਉਨ੍ਹਾਂ ਨੂੰ ਮਹਿਜ਼ ਕੰਕਰੀਟ ਦੇ ਬੁੱਤ ਵਿਚ ਸਮੇਟ ਦਿੱਤਾ ਹੋਵੇ।

ਪਰ ਫਿਰ ਵੀ ਜਿਵੇਂ ਕਿ ਬੋਧੀ ਭਿਖਸ਼ੂ ਤਿਕ ਨਾਤ ਹਾਨ੍ਹ ਕਿਹਾ ਕਰਦੇ ਸਨ ਕਿ ਤੁਸੀਂ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਵਰਗਿਆਂ ਨੂੰ ਮਾਰ ਕੇ ਖ਼ਤਮ ਨਹੀਂ ਕਰ ਸਕਦੇ। ਉਹ ਪਿਆਰ, ਸਨੇਹ, ਸੰਵਾਦ ਤੇ ਸੁਲ੍ਹਾ ਦਾ ਸੰਦੇਸ਼ ਦਿੰਦੇ ਹਨ। ਮੰਡੀ ਮੂਲਵਾਦ ਤੇ ਫ਼ੌਜੀ ਰਾਸ਼ਟਰਵਾਦ ਨਾਲ ਗ੍ਰਸੀ ਇਸ ਦੁਨੀਆ ਅੰਦਰ ਸਾਡੇ ਜਿਹੇ ਕੁਝ ਅਹਿੰਸਾਵਾਦੀ ਤੇ ਵਾਤਾਵਰਨਵਾਦੀ, ਸਮਾਜਵਾਦੀ ਤੇ ਰੂਹਾਨੀ ਜਗਿਆਸੂਆਂ ਨੇ ਅਜੇ ਤੱਕ ਇਕ ਮਾਨਵੀ, ਵਾਤਾਵਰਨੀ, ਸਮਤਾਵਾਦੀ ਤੇ ਸ਼ਾਂਤਮਈ ਦੁਨੀਆ ਸਿਰਜਣ ਦੇ ਆਦਰਸ਼ ਦੀ ਉਮੀਦ ਨਹੀਂ ਗੁਆਈ। ਤੇ ਹੋ ਸਕਦਾ ਹੈ ਕਿ ਇਸ ਸਿਆਸੀ ਰੂਹਾਨੀ ਸਫ਼ਰ ‘ਤੇ ਤੁਰਦਿਆਂ ਅਸੀਂ ਗਾਂਧੀ ਦੀ ਰੂਹ ਨੂੰ ਸਜੀਵ ਕਰ ਲਈਏ।