ਐੱਨਐੱਸਸੀਐੱਸ ਤੇ ਐੱਨਐੱਸਏ ਦੀ ਸੂਚਨਾ ਨੂੰ ਅਣਗੌਲਿਆਂ ਨਾ ਕਰਨ ਮੰਤਰੀ: ਮੋਦੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਮੰਤਰੀਆਂ ਤੇ ਸਕੱਤਰਾਂ ਨੂੰ ਕਿਹਾ ਕਿ ਉਹ ਕੌਮੀ ਸੁਰੱਖਿਆ ਕੌਂਸਲ ਸਕੱਤਰੇਤ (ਐੱਨਐੱਸਐੱਸਸੀ) ਅਤੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਵੱਲੋਂ ਦਿੱਤੀਆਂ ਗਈਆਂ ਅਹਿਮ ਜਾਣਕਾਰੀਆਂ ਨੂੰ ਅਣਗੌਲਿਆਂ ਨਾ ਕਰਨ ਅਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਲੈਣ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਨੀਤੀ ਬਣਾਉਂਦੇ ਸਮੇਂ ਉਸ ਨੂੰ ਭਾਰਤ ਦੇ ਰਣਨੀਤਕ ਨਜ਼ਰੀਏ ਤੋਂ ਦੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮਿਸਾਲਾਂ ਮੌਜੂਦ ਹਨ ਜਦੋਂ ਕੌਮੀ ਸੁਰੱਖਿਆ ਕੌਂਸਲ ਵੱਲੋਂ ਦਿੱਤੀਆਂ ਗਈਆਂ ਜਾਣਕਾਰੀਆਂ ਨੂੰ ਢੁੱਕਵਾਂ ਮਹੱਤਵ ਨਹੀਂ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਲੰਘੇ ਸ਼ੁੱਕਰਵਾਰ ਨੂੰ ਮੰਤਰੀ ਮੰਡਲ ਦੀ ਪੰਜ ਘੰਟੇ ਤੱਕ ਚੱਲੀ ਮੀਟਿੰਗ ’ਚ ਕੇਂਦਰ ਸਰਕਾਰ ਦੇ ਸਾਰੇ ਸਕੱਤਰਾਂ ਨੇ ਵੀ ਹਿੱਸਾ ਲਿਆ ਸੀ। ਇਸ ਦੌਰਾਨ ਮੋਦੀ ਨੇ ਦਵਾਈਆਂ ਦੇ ਨਿਰਮਾਣ ਲਈ ਵਰਤੀ ਜਾਣ ਵਾਲੀ ਸਮੱਗਰੀ ’ਤੇ ਨਿਰਭਰਤਾ ਦੇ ਮਾਮਲੇ ਦਾ ਹਵਾਲਾ ਦਿੱਤਾ ਜਿਸ ਨੂੰ ਕਈ ਸਾਲ ਪਹਿਲਾਂ ਐੱਨਐੱਸਸੀਐੱਸ ਨੇ ਉਭਾਰਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਿਰਦੇਸ਼ ’ਤੇ ਉੱਪ ਕੌਮੀ ਸੁਰੱਖਿਆ ਸਲਾਹਕਾਰ ਵਿਕਰਮ ਮਿਸਰੀ ਨੇ ਸਕੱਤਰੇਤ ਬਾਰੇ ਜਾਣੂ ਕਰਾਉਣ ਲਈ ਐੱਨਐੱਸਸੀਐੱਸ ਬਾਰੇ ਇੱਕ ਪੇਸ਼ਕਾਰੀ ਦਿੱਤੀ ਸੀ। ਮਿਸਰੀ ਨੇ ਇਸ ਦੌਰਾਨ ਦੁਨੀਆ ਭਰ ਅਤੇ ਖਾਸ ਤੌਰ ’ਤੇ ਯੂਰੋਪ, ਰੂਸ ਤੇ ਅਮਰੀਕਾ ’ਚ ਹੋ ਰਹੀਆਂ ਤਬਦੀਲੀਆਂ ਅਤੇ ਭਾਰਤ ’ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਜਾਣਕਾਰੀ ਸਾਂਝੀ ਕੀਤੀ।