ਕਾਂਸਟੀਚੁਐਂਟ ਕਾਲਜਾਂ ’ਚ ਸਹਾਇਕ ਪ੍ਰੋਫੈਸਰ ਬਣੇ ‘ਦਿਹਾੜੀਦਾਰ’

ਛੁੱਟੀ ਵਾਲੇ ਦਿਨ ਦੀ ਕੱਟੀ ਜਾਂਦੀ ਹੈ ਤਨਖਾਹ; ਅਧਿਆਪਕਾਂ ਨੂੰ ਨਹੀਂ ਮਿਲਦਾ ਅਧਿਆਪਨ ਦਾ ਤਜਰਬਾ
ਚੰਡੀਗੜ੍ਹ – ਪੰਜਾਬ ਦੇ ਕਾਂਸਟੀਚੁਐਂਟ ਕਾਲਜਾਂ ਦੇ ਸਹਾਇਕ ਪ੍ਰੋਫੈਸਰਾਂ ਦਾ ਦਰਦ-ਏ-ਹਾਲ ਇਹ ਹੈ ਕਿ ਉਨ੍ਹਾਂ ਨੂੰ ਨਾ ਪੂਰੀ ਤਨਖ਼ਾਹ ਮਿਲਦੀ ਹੈ, ਨਾ ਅਧਿਆਪਨ ਦਾ ਕੋਈ ਤਜਰਬਾ ਮਿਲਦਾ ਹੈ। ਇੱਥੋਂ ਤੱਕ ਕਿ ਛੁੱਟੀ ਵਾਲੇ ਦਿਨ ਦੀ ਤਨਖ਼ਾਹ ਵੀ ਨਹੀਂ ਮਿਲਦੀ ਹੈ। ਪੰਜਾਬ ’ਚ ਇਸ ਵੇਲੇ ਕੁੱਲ ਤਿੰਨ ਦਰਜਨ ਕਾਂਸਟੀਚੁਐਂਟ ਕਾਲਜ ਹਨ, ਜਿਨ੍ਹਾਂ ਵਿੱਚ ਸੈਂਕੜੇ ਸਹਾਇਕ ਪ੍ਰੋਫੈਸਰ ਵਰ੍ਹਿਆਂ ਤੋਂ ਪੜ੍ਹਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਿੱਧੇ ਤੌਰ ’ਤੇ ਇਨ੍ਹਾਂ ਕਾਲਜਾਂ ਨੂੰ ਕੋਈ ਫ਼ੰਡ ਨਹੀਂ ਦਿੱਤਾ ਜਾਂਦਾ ਬਲਕਿ ਯੂਨੀਵਰਸਿਟੀਆਂ ਨੂੰ ਇਨ੍ਹਾਂ ਕਾਲਜਾਂ ਲਈ ਸਾਲਾਨਾ ਡੇਢ ਕਰੋੜ ਰੁਪਏ ਦੀ ਗਰਾਂਟ ਦਿੱਤੀ ਜਾਂਦੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਜੁੜੇ ਕਾਂਸਟੀਚੁਐਂਟ ਕਾਲਜਾਂ ਦੇ ਸਹਾਇਕ ਪ੍ਰੋਫੈਸਰ ਆਖਦੇ ਹਨ ਕਿ ਉਨ੍ਹਾਂ ਨੂੰ ਬੱਝਵੀਂ ਤਨਖ਼ਾਹ ਦੀ ਥਾਂ ਪ੍ਰਤੀ ਲੈਕਚਰ ਦੇ ਹਿਸਾਬ ਨਾਲ ਤਨਖ਼ਾਹ ਦਿੱਤੀ ਜਾਂਦੀ ਹੈ। ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦੇ ਕਾਂਸਟੀਚੁਐਂਟ ਕਾਲਜ ਚੂੰਗ ਦੇ ਸਹਾਇਕ ਪ੍ਰੋਫੈਸਰ ਗੁਰਸਿਮਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਕਾਲਜ ਵਿੱਚ 25 ’ਚੋਂ ਦੋ ਅਧਿਆਪਕ ਰੈਗੂਲਰ ਹਨ। ਗੁਰੂ ਨਾਨਕ ਦੇਵ ’ਵਰਸਿਟੀ ਵੱਲੋਂ ਇਨ੍ਹਾਂ ਸਹਾਇਕ ਪ੍ਰੋਫੈਸਰਾਂ ਲਈ ਤਨਖ਼ਾਹ ਦੀ ਵੱਧ ਤੋਂ ਵੱਧ ਹੱਦ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿੱਥੀ ਗਈ ਹੈ। ਇਨ੍ਹਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ ਕਾਲਜਾਂ ਦੀਆਂ ਫ਼ੀਸਾਂ ਵਿੱਚ ਤਾਂ ਵਾਧਾ ਕੀਤਾ ਜਾ ਰਿਹਾ ਹੈ ਪਰ ਤਨਖ਼ਾਹ ਦੇ ਮਾਮਲੇ ਵਿੱਚ ਸੋਸ਼ਣ ਕੀਤਾ ਜਾ ਰਿਹਾ ਹੈ। ਪੰਜਾਬੀ ’ਵਰਸਿਟੀ ਪਟਿਆਲਾ ਅਧੀਨ 20 ਕਾਂਸਟੀਚੁਐਂਟ ਤੇ ਨੇਬਰਹੁੱਡ ਕੈਂਪਸ ਪੈਂਦੇ ਹਨ। ਪੰਜਾਬੀ ’ਵਰਸਿਟੀ ਗੈਸਟ ਫੈਕਲਟੀ ਐਸੋਸੀਏਸ਼ਨ (ਕਾਂਸਟੀਚੁਐਂਟ ਕਾਲਜ) ਦੇ ਆਗੂ ਪਰਗਟ ਸਿੰਘ ਦਾ ਕਹਿਣਾ ਸੀ ਕਿ ਸਹਾਇਕ ਪ੍ਰੋਫੈਸਰਾਂ ਨੂੰ ਤਜਰਬਾ ਸਰਟੀਫਿਕੇਟ ਵੀ ਨਹੀਂ ਦਿੱਤਾ ਜਾਂਦਾ ਹੈ। ਅਧਿਆਪਕਾਂ ਦਾ ਗਿਲਾ ਹੈ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕਾਂਸਟੀਚੁਐਂਟ ਕਾਲਜਾਂ ਦਾ ਪ੍ਰਬੰਧਨ ਸਰਕਾਰ ਆਪਣੇ ਹੱਥਾਂ ਵਿੱਚ ਲਵੇਗੀ। ਪੰਜਾਬੀ ’ਵਰਸਿਟੀ ਨੇ ਅੱਜ ਕਾਂਸਟੀਚੁਐਂਟ ਕਾਲਜਾਂ ’ਚ ਕੰਮ ਕਰ ਰਹੇ ਗੈਸਟ ਫੈਕਲਟੀ ਅਧਿਆਪਕਾਂ ਲਈ ਪ੍ਰਤੀ ਲੈਕਚਰ 525 ਰੁਪਏ ਦੇ ਹਿਸਾਬ ਨਾਲ ਪ੍ਰਤੀ ਮਹੀਨਾ ਅਦਾਇਗੀ ਦੀ ਕੈਂਪਿੰਗ ਹੁਣ 35 ਹਜ਼ਾਰ ਰੁਪਏ ਕੀਤੀ ਹੈ, ਜੋ ਪਹਿਲਾਂ 30 ਹਜ਼ਾਰ ਰੁਪਏ ਸੀ।

ਅਧਿਆਪਕਾਂ ਦੀਆਂ ਮੁਸ਼ਕਲਾਂ ’ਤੇ ਗ਼ੌਰ ਕਰਾਂਗੇ : ਮੀਤ ਹੇਅਰ

ਉਚੇਰੀ ਸਿੱਖਿਆ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਸੀ ਕਿ ਅਸਲ ਵਿੱਚ ਕਾਂਸਟੀਚੁਐਂਟ ਕਾਲਜਾਂ ਦਾ ਸਮੁੱਚਾ ਪ੍ਰਬੰਧਨ ਯੂਨੀਵਰਸਿਟੀਆਂ ਵੱਲੋਂ ਕੀਤਾ ਜਾਂਦਾ ਹੈ ਅਤੇ ਸਰਕਾਰ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ’ਵਰਸਿਟੀਆਂ ਨਾਲ ਤਾਲਮੇਲ ਕਰ ਕੇ ਇਨ੍ਹਾਂ ਅਧਿਆਪਕਾਂ ਦੀਆਂ ਮੁਸ਼ਕਲਾਂ ’ਤੇ ਗ਼ੌਰ ਕਰੇਗੀ।