ਆਜ਼ਾਦ ਵੱਲੋਂ ਨਵੀਂ ਪਾਰਟੀ ਦਾ ਐਲਾਨ

ਜੰਮੂ – ਸਾਬਕਾ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਅੱਜ ਆਪਣੇ ਨਵੇਂ ਸਿਆਸੀ ਸੰਗਠਨ ‘ਡੈਮੋਕਰੈਟਿਕ ਆਜ਼ਾਦ ਪਾਰਟੀ’ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਜੰਮੂ ਕਸ਼ਮੀਰ ਵਿੱਚ ਧਾਰਾ 370 ਦੀ ਬਹਾਲੀ ਨੂੰ ਚੋਣ ਮੁੱਦਾ ਨਹੀਂ ਬਣਾਉਣਗੇ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਧਰਮ-ਨਿਰਪੱਖ ਤੇ ਜਮਹੂਰੀ ਰਹੇਗੀ ਅਤੇ ਕਿਸੇ ਵੀ ਪ੍ਰਭਾਵ ਤੋਂ ਆਜ਼ਾਦ ਹੋਵੇਗੀ। ਆਜ਼ਾਦ ਨੇ ਕਿਹਾ ਕਿ ਸੜਕਾਂ, ਪਾਣੀ ਦੀ ਸਪਲਾਈ ਤੇ ਮਹਿੰਗਾਈ ਜਿਹੇ ਮੁੱਦੇ ਚੋਣਾਂ ਲਈ ਹੁੰਦੇ ਹਨ। ਆਜ਼ਾਦ ਨੇ ਇਸ ਮੌਕੇ ਪਾਰਟੀ ਦਾ ਝੰਡਾ ਵੀ ਲਾਂਚ ਕੀਤਾ ਜਿਸ ਵਿੱਚ ਪੀਲਾ, ਸਫੈਦ ਅਤੇ ਨੀਲਾ ਤਿੰਨ ਰੰਗ ਹਨ। ਆਜ਼ਾਦ ਨੇ ਕਸ਼ਮੀਰ ’ਤੇ ਕੇਂਦਰਿਤ ਪਾਰਟੀਆਂ, ਖਾਸ ਕਰਕੇ ਪੀਡੀਪੀ ਜਿਸ ਨੇ ਧਾਰਾ 370 ਬਾਰੇ ਉਨ੍ਹਾਂ ਦੇ ਬਿਆਨ ਦੀ ਨੁਕਤਾਚੀਨੀ ਕੀਤੀ ਸੀ, ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਤੁਸੀਂ ਜਾ ਕੇ ਸੰਸਦੀ ਰਿਕਾਰਡ ਚੈੱਕ ਕਰੋ ਕਿ ਧਾਰਾ 370 ਬਾਰੇ ਕੌਣ ਬੋਲਿਆ ਹੈ, ਕੌਣ ਨਹੀਂ। ਕਿਸੇ ਦੇ ਨਾਂ ’ਤੇ ਸੰਸਦ ਦਾ ਰਿਕਾਰਡ ਹਾਸਲ ਕੀਤਾ ਜਾ ਸਕਦਾ ਹੈ। ਪਰ ਸਾਫ਼ ਕਰ ਦਿਆਂ ਕਿ ਮੈਂ ਅਜਿਹੇ ਮੁੱਦਿਆਂ ਨੂੰ ਚੋਣਾਂ ਲਈ ਨਹੀਂ ਵਰਤਦਾ।’’ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ, ‘‘ਮੈਂ ਅੱਜ ਤੋਂ ਡੈਮਕੋਰੈਟਿਕ ਆਜ਼ਾਦ ਪਾਰਟੀ (ਡੀੲੇਪੀ) ਦਾ ਆਗਾਜ਼ ਕਰ ਰਿਹਾ ਹਾਂ। ਇਹ ਜਮਹੂਰੀਅਤ ਅਤੇ ਬੋਲਣ ਤੇ ਸੋਚਣ ਦੀ ਆਜ਼ਾਦੀ ਦਾ ਪ੍ਰਤੀਕ ਹੋਵੇਗੀ। ਸਾਡੀ ਵਿਚਾਰਧਾਰਾ ਮਹਾਤਮਾ ਗਾਂਧੀ ਦੇ ਆਦਰਸ਼ਾਂ ’ਤੇ ਆਧਾਰਿਤ ਹੋਵੇਗੀ।’’ ਉਨ੍ਹਾਂ ਕਿਹਾ ਕਿ ਡੀਏਪੀ ਦਾ ਕਿਸੇ ਵੀ ਹੋਰ ਸਿਆਸੀ ਪਾਰਟੀ ਨਾਲ ‘ਕੋਈ ਮੁਕਾਬਲਾ’ ਨਹੀਂ ਹੋਵੇਗਾ ਤੇ ਇਸ ਦਾ ਇਕੋ-ਇਕ ਮਕਸਦ ਜੰਮੂ ਕਸ਼ਮੀਰ ਵਿੱਚ ਅਮਨ ਤੇ ਸ਼ਾਂਤੀ ਨੂੰ ਮਜ਼ਬੂਤ ਕਰਨਾ ਤੇ ਹਾਲਾਤ ਆਮ ਵਾਂਗ ਕਰਨਾ ਹੋਵੇਗਾ। ਆਜ਼ਾਦ ਨੇ ਕਿਹਾ ਕਿ ਉਨ੍ਹਾਂ ਕਦੇ ਨਹੀਂ ਕਿਹਾ ਕਿ ਧਾਰਾ 370 ਦੀ ਬਹਾਲੀ ਸੰਭਵ ਨਹੀਂ ਸੀ। ਉਨ੍ਹਾਂ ਕਿਹਾ, ‘‘ਮੈਂ ਸਿਰਫ਼ ਇਹੀ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮਨਾਉਣ ਵਿੱਚ ਨਾਕਾਮ ਰਿਹਾ। ਜੇਕਰ ਕੋਈ ਮੋਦੀ ਜੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਨਾ ਲਵੇ ਤਾਂ ਉਹ ਕਰ ਦੇਣਗੇ। ਇਹ ਸਵਾਗਤਯੋਗ ਕਦਮ ਹੋਵੇਗਾ। ਮੇਰਾ ਮੋਦੀ ਜੀ ਉੱਤੇ ਇੰਨਾ ਪ੍ਰਭਾਵ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਸੰਸਦ ਹੀ ਧਾਰਾ 370 ਨੂੰ ਬਹਾਲ ਕਰ ਸਕਦੀ ਹੈ, ਪਰ ਇਸ ਲਈ ‘ਸਾਨੂੰ ਬਹੁਮਤ ਦੀ ਲੋੜ ਹੈ।’ ਆਜ਼ਾਦ ਨੇ ਕਿਹਾ ਕਿ ਸੁਪਰੀਮ ਕੋਰਟ 10 ਅਕਤੂਬਰ ਨੂੰ ਧਾਰਾ 370 ਬਾਰੇ ਪਟੀਸ਼ਨਾਂ ਦੀ ਸੁਣਵਾਈ ਕਰੇਗੀ, ਜਿਸ ਦਾ ਸਵਾਗਤ ਕਰਨਾ ਬਣਦਾ ਹੈ।

ਕਾਂਗਰਸ ਵੱਲੋਂ ਆਜ਼ਾਦ ਦੀ ਨਵੀਂ ਪਾਰਟੀ ’ਤੇ ਵਿਅੰਗ

ਨਵੀਂ ਦਿੱਲੀ: ਕਾਂਗਰਸ ਨੇ ਗ਼ੁਲਾਮ ਨਬੀ ਆਜ਼ਾਦ ਵੱਲੋਂ ਬਣਾਈ ਨਵੀਂ ਸਿਆਸੀ ਧਿਰ ‘ਡੈਮੋਕਰੈਟਿਕ ਆਜ਼ਾਦ ਪਾਰਟੀ’ (ਡੀਏਪੀ) ’ਤੇ ਵਿਅੰਗ ਕਸਿਆ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਕਸ਼ਮੀਰੀ ਭਾਸ਼ਾ ਵਿਚ ‘ਡੀਏਪੀ’ ਦਾ ਮਤਲਬ ਆਲਸੀ ਹੋਣਾ ਹੈ, ਜਿਹੜਾ ਕਿ ਉਨ੍ਹਾਂ ਦੇ ਸਾਬਕਾ ਸਾਥੀ (ਆਜ਼ਾਦ) ਪਹਿਲਾਂ ਹੀ ਹੋ ਚੁੱਕੇ ਹਨ। ਜੰਮੂ ਤੇ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਕਿਹਾ ਕਿ ਆਜ਼ਾਦ ਦੀ ਪਾਰਟੀ ਦੀ ਦਲ-ਬਦਲੂਆਂ ਦੀ ਪਾਰਟੀ ਹੈ, ਜੋ ਬੇਨਕਾਬ ਹੋ ਗਈ ਹੈ। ਵਾਨੀ ਨੇ ਕਿਹਾ ਕਿ ਕਾਂਗਰਸ ਨੇ ਸਾਰੇ 90 ਹਲਕਿਆਂ ਵਿੱਚ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਛੇੜੀ ਹੈ ਤੇ ਦਲ-ਬਦਲੂਆਂ ਦੀ ਹਾਰ ਯਕੀਨੀ ਬਣਾਉਣ ਲਈ ਨੌਜਵਾਨ ਚਿਹਰੇ ਲਿਆਂਦੇ ਜਾਣਗੇ।