ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਗੁਰਮਤਿ ਸਮਾਗਮ ਤੇ ਸੈਮੀਨਾਰ

ਫ਼ਤਹਿਗੜ੍ਹ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਪਸਾਰ ਲਹਿਰ ਤਹਿਤ ਗੁਆਂਢੀ ਰਾਜਾਂ ਵਿਚ ਕੀਤੇ ਜਾ ਰਹੇ ਪ੍ਰਚਾਰ ਦੀ ਕੜੀ ਤਹਿਤ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਜਬਲਪੁਰ ਵੱਲੋਂ ਗੁਰਮਤਿ ਸਮਾਗਮ ਅਤੇ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ।

ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾਂ ਧਰਮ ਦੇ ਪ੍ਰਚਾਰ-ਪਸਾਰ ਦੇ ਨਾਲ ਸਿੱਖਿਆ ਅਤੇ ਮੈਡੀਕਲ ਦੇ ਖੇਤਰ ਵਿਚ ਨਵੇਂ ਇਤਿਹਾਸ ਰਚ ਰਹੀ ਹੈ, ਪਰ ਪੰਥ ਵਿਰੋਧੀ ਸ਼ਕਤੀਆਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਅਤੇ ਸਾਜਿਸ਼ਾਂ ਘੜਨ ’ਤੇ ਲੱਗੀਆਂ ਹੋਈਆਂ ਹਨ, ਜੋ ਕਦੇ ਸਫਲ ਨਹੀਂ ਹੋਣਗੀਆਂ। ਉਨ੍ਹਾਂ ਕੇਂਦਰ ਸਿੰਘ ਸਭਾ ਨੂੰ ਭਰੋਸਾ ਦਿੱਤਾ ਕਿ ਗੁਰਮਤਿ ਦੀ ਪ੍ਰਚਾਰ-ਪਸਾਰ ਲਹਿਰ ਨੂੰ ਪ੍ਰਚੰਡ ਰੂਪ ਵਿਚ ਚਲਾਉਣ ਲਈ ਸ਼੍ਰੋਮਣੀ ਕਮੇਟੀ ਹਰ ਸੰਭਵ ਸਹਿਯੋਗ ਕਰੇਗੀ। ਇਸ ਮੌਕੇ ਡਾ. ਹਰਭਜਨ ਸਿੰਘ, ਹਰਵਿੰਦਰ ਸਿੰਘ ਖਾਲਸਾ, ਪ੍ਰਿੰਸੀਪਲ ਮਨਜੀਤ ਕੌਰ ਨੇ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਇੱਕਮੁੱਠ ਰਹਿਣ ’ਤੇ ਜ਼ੋਰ ਦਿੱਤਾ ਅਤੇ ਸਭਾ ਦੇ ਪ੍ਰਧਾਨ ਹਰਪਾਲ ਸਿੰਘ ਭਾਟੀਆ ਨੇ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਭਾ ਦੇ ਅਹੁਦੇਦਾਰਾਂ ਵੱਲੋਂ ਜਥੇ: ਪੰਜੋਲੀ ਅਤੇ ਹੋਰ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ।