ਵੋਟ ਬੈਂਕ ਕਾਰਨ ਕਦੇ ਨਹੀਂ ਮਨਾਇਆ ਗਿਆ ‘ਹੈਦਰਾਬਾਦ ਮੁਕਤੀ ਦਿਵਸ: ’ਸ਼ਾਹ

ਹੈਦਰਾਬਾਦ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਿਲੰਗਾਨਾ ’ਚ ਹਾਕਮ ਤਿਲੰਗਾਨਾ ਰਾਸ਼ਟਰ ਸਮਿਤੀ (ਟੀਆਰਐੱਸ) ਨੂੰ ਨਿਸ਼ਾਨੇ ’ਤੇ ਲੈਂਦਿਆਂ ਅੱਜ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਤਿਲੰਗਾਨਾ ’ਚ ਵੋਟ ਬੈਂਕ ਦੀ ਰਾਜਨੀਤੀ ਕਾਰਨ ‘ਹੈਦਰਾਬਾਦ ਮੁਕਤੀ ਦਿਵਸ’ ਅਜੇ ਤੱਕ ਅਧਿਕਾਰਤ ਤੌਰ ’ਤੇ ਨਹੀਂ ਮਨਾਇਆ ਗਿਆ ਜਦਕਿ ਕੁਝ ਆਗੂਆਂ ਨੇ ਅਜਿਹਾ ਕਰਨ ਦਾ ਵਾਅਦਾ ਕੀਤਾ ਸੀ। ਉਹ ਇੱਥੇ ਹੈਦਰਾਬਾਦ ਮੁਕਤੀ ਦਿਵਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ।

ਸ਼ਾਹ ਨੇ ਕਿਹਾ, ‘ਇਲਾਕੇ ਦੇ ਲੋਕਾਂ ਦੀ ਮੰਗ ਸੀ ਕਿ ਸਰਕਾਰ ਦੀ ਭਾਈਵਾਲੀ ਨਾਲ ‘ਹੈਦਰਾਬਾਦ ਮੁਕਤੀ ਦਿਵਸ’ ਮਨਾਇਆ ਜਾਵੇ ਪਰ ਇਹ ਦੁੱਖ ਦੀ ਗੱਲ ਹੈ ਕਿ 75 ਸਾਲ ਬੀਤ ਗਏ ਪਰ ਸੱਤਾ ਸੰਭਾਲਣ ਵਾਲੇ ਲੋਕ ਵੋਟ ਬੈਂਕ ਦੀ ਸਿਆਸਤ ਕਾਰਨ ‘ਹੈਦਰਾਬਾਦ ਮੁਕਤੀ ਦਿਵਸ’ ਮਨਾਉਣ ਦਾ ਹੌਸਲਾ ਨਾ ਕਰ ਸਕੇ।’ ਉਨ੍ਹਾਂ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦਾ ਸਪੱਸ਼ਟ ਢੰਗ ਨਾਲ ਜ਼ਿਕਰ ਕਰਦਿਆਂ ਕਿਹਾ, ‘ਕਈ ਲੋਕਾਂ ਨੇ ਚੋਣਾਂ ਤੇ ਵਿਰੋਧ ਪ੍ਰਦਰਸ਼ਨ ਦੌਰਾਨ ਮੁਕਤੀ ਦਿਵਸ ਮਨਾਉਣ ਦਾ ਵਾਅਦਾ ਕੀਤਾ ਪਰ ਜਦੋਂ ਉਹ ਸੱਤਾ ’ਚ ਆਏ ਤਾਂ ਰਜ਼ਾਕਾਰਾਂ (ਨਿਜ਼ਾਮ ਸ਼ਾਸਨ ਦੇ ਹਥਿਆਰਬੰਦ ਹਮਾਇਤੀਆਂ) ਦੇ ਡਰੋਂ ਆਪਣੇ ਵਾਅਦਿਆਂ ਤੋਂ ਮੁੱਕਰ ਗਏ।’