ਐੱਸਸੀਓ ਮੈਂਬਰ ਮੁਲਕਾਂ ’ਚ ਵਪਾਰ ਲਈ ਆਵਾਜਾਈ ਦੀ ਖੁੱਲ੍ਹ ਮਿਲੇ: ਮੋਦੀ

ਪ੍ਰਧਾਨ ਮੰਤਰੀ ਨੇ ਭਾਰਤ ਦੀ ਵਿਕਾਸ ਦਰ 7.5 ਫ਼ੀਸਦ ਰਹਿਣ ਦਾ ਕੀਤਾ ਦਾਅਵਾ

ਸਮਰਕੰਦ (ਉਜ਼ਬੇਕਿਸਤਾਨ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਨੂੰ ਸੱਦਾ ਦਿੱਤਾ ਹੈ ਕਿ ਕੋਵਿਡ-19 ਮਹਾਮਾਰੀ ਅਤੇ ਯੂਕਰੇਨ ਸੰਕਟ ਕਾਰਨ ਪਏ ਅੜਿੱਕਿਆਂ ਨੂੰ ਦੂਰ ਕਰਨ ਲਈ ਭਰੋਸੇਯੋਗ ਤੇ ਲਚਕੀਲੀਆਂ ਸਪਲਾਈ ਚੇਨਾਂ ਵਿਕਸਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਟੀਚਾ ਹਾਸਲ ਕਰਨ ਲਈ ਮੈਂਬਰ ਮੁਲਕਾਂ ਵੱਲੋਂ ਬਿਹਤਰ ਸੰਪਰਕ ਅਤੇ ਵਪਾਰ ਲਈ ਆਵਾਜਾਈ ਦੀ ਪੂਰੀ ਖੁੱਲ੍ਹ ਦੇਣੀ ਚਾਹੀਦੀ ਹੈ। ਉਜ਼ਬੇਕਿਸਤਾਨ ਦੇ ਇਤਿਹਾਸਕ ਸ਼ਹਿਰ ਸਮਰਕੰਦ ’ਚ ਅੱਠ ਮੁਲਕਾਂ ਵਾਲੇ ਐੱਸਸੀਓ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰਾ ਇਸ ਸਾਲ ਸਾਢੇ 7 ਫ਼ੀਸਦੀ ਦੀ ਦਰ ਨਾਲ ਵਿਕਸਤ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਐੱਸਸੀਓ ਮੈਂਬਰ ਮੁਲਕਾਂ ’ਚ ਵਧੇਰੇ ਸਹਿਯੋਗ ਅਤੇ ਆਪਸੀ ਭਰੋਸੇ ਦੀ ਭਾਰਤ ਹਮਾਇਤ ਕਰਦਾ ਹੈ। ਕਰੀਬ 28 ਮਹੀਨੇ ਪਹਿਲਾਂ ਪੂਰਬੀ ਲੱਦਾਖ ’ਚ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਹੈ ਕਿ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਇਕ ਮੰਚ ’ਤੇ ਇਕੱਠੇ ਨਜ਼ਰ ਆਏ। ਸਿਖਰ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਹੋਰ ਆਗੂ ਹਾਜ਼ਰ ਸਨ। ਸ੍ਰੀ ਮੋਦੀ ਵੱਲੋਂ ਵਪਾਰ ਲਈ ਮੁਲਕਾਂ ਦੇ ਰਾਹ ਖੋਲ੍ਹੇ ਜਾਣ ’ਤੇ ਉਸ ਸਮੇਂ ਜ਼ੋਰ ਦਿੱਤਾ ਗਿਆ ਹੈ ਜਦੋਂ ਪਾਕਿਸਤਾਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਪਾਰ ਦੀ ਅਜਿਹੀ ਸਹੂਲਤ ਪ੍ਰਦਾਨ ਕਰਨ ’ਤੇ ਆਪਣੀ ਝਿਜਕ ਜ਼ਾਹਿਰ ਕੀਤੀ ਹੈ। ਆਲਮੀ ਪੱਧਰ ’ਤੇ ਭੋਜਨ ਅਸੁਰੱਖਿਆ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਮੋਟੇ ਅਨਾਜ ਦੀ ਕਾਸ਼ਤ ਅਤੇ ਖਪਤ ਨੂੰ ਉਤਸ਼ਾਹਿਤ ਕਰਨ ਦਾ ਹੋਕਾ ਦਿੱਤਾ। ‘ਮੋਟੇ ਅਨਾਜ ਸੁਪਰ ਫੂਡ ਹੈ ਜੋ ਹਜ਼ਾਰਾਂ ਸਾਲਾਂ ਤੋਂ ਨਾ ਸਿਰਫ਼ ਐੱਸਸੀਓ ਮੁਲਕਾਂ ਸਗੋਂ ਦੇਸ਼ ਦੇ ਕਈ ਹਿੱਸਿਆਂ ’ਚ ਬੀਜਿਆ ਜਾ ਰਿਹਾ ਹੈ ਅਤੇ ਇਹ ਭੋਜਨ ਸੰਕਟ ਦਾ ਰਵਾਇਤੀ, ਪੌਸ਼ਟਿਕ ਅਤੇ ਘੱਟ ਲਾਗਤ ਵਾਲਾ ਬਦਲ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਸਸੀਓ ਨੂੰ ‘ਮਿਲੇਟ ਫੂਡ ਫੈਸਟੀਵਲ’ ਕਰਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਆਰਥਿਕ ਸਹਿਯੋਗ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਮਹਾਮਾਰੀ ਮਗਰੋਂ ਆਰਥਿਕ ਰਿਕਵਰੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਤਾਂ ਐੱਸਸੀਓ ਦੀ ਭੂਮਿਕਾ ਅਹਿਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਲਮੀ ਜੀਡੀਪੀ ’ਚ ਐੱਸਸੀਓ ਮੈਂਬਰ ਮੁਲਕਾਂ ਦਾ ਕਰੀਬ 30 ਫ਼ੀਸਦੀ ਯੋਗਦਾਨ ਹੈ ਅਤੇ ਦੁਨੀਆ ਦੀ 40 ਫ਼ੀਸਦ ਆਬਾਦੀ ਵੀ ਇਸ ਧੜੇ ਦੇ ਮੈਂਬਰ ਮੁਲਕਾਂ ’ਚ ਵਸਦੀ ਹੈ। ‘ਅਸੀਂ ਭਾਰਤ ਨੂੰ ਮੈਨੂੰਫੈਕਚਰਿੰਗ ਦਾ ਕੇਂਦਰ ਬਣਾਉਣ ਵੱਲ ਅੱਗੇ ਵਧ ਰਹੇ ਹਾਂ। ਭਾਰਤ ਦੇ ਨੌਜਵਾਨ ਅਤੇ ਹੁਨਰਮੰਦ ਕਾਮੇ ਸਾਨੂੰ ਕੁਦਰਤੀ ਤੌਰ ’ਤੇ ਮੁਕਾਬਲੇ ’ਚ ਖੜ੍ਹਾ ਕਰ ਰਹੇ ਹਨ। ਇਸ ਸਾਲ ਭਾਰਤ ਦੀ ਆਰਥਿਕ ਵਿਕਾਸ ਦਰ ਸਾਢੇ 7 ਫ਼ੀਸਦ ਰਹਿਣ ਦਾ ਅਨੁਮਾਨ ਹੈ ਜੋ ਦੁਨੀਆ ਦੇ ਵੱਡੇ ਅਰਥਚਾਰਿਆਂ ’ਚੋਂ ਸਭ ਤੋਂ ਵਧ ਰਹੇਗੀ।’ ਉਨ੍ਹਾਂ ਕਿਹਾ ਕਿ ਲੋਕਾਂ ’ਤੇ ਕੇਂਦਰਤ ਵਿਕਾਸ ਮਾਡਲ ’ਚ ਤਕਨਾਲੋਜੀ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਸੈਕਟਰ ’ਚ ਕਾਢਾਂ ਨੂੰ ਸਰਕਾਰ ਹਮਾਇਤ ਦੇ ਰਹੀ ਹੈ। ਭਾਰਤ ’ਚ ਅੱਜ 70 ਹਜ਼ਾਰ ਤੋਂ ਵਧ ਸਟਾਰਟ-ਅੱਪਜ਼ ਹਨ ਜਿਨ੍ਹਾਂ ’ਚੋਂ 100 ਤੋਂ ਵਧ ਯੂਨੀਕੌਰਨਜ਼ ਹਨ। ‘ਸਾਡਾ ਇਹ ਤਜਰਬਾ ਐੱਸਸੀਓ ਦੇ ਹੋਰ ਮੈਂਬਰਾਂ ਲਈ ਵੀ ਅਹਿਮ ਹੋ ਸਕਦਾ ਹੈ। ਅਸੀਂ ਸਟਾਰਟ-ਅੱਪਜ਼ ਅਤੇ ਕਾਢਾਂ ਬਾਰੇ ਨਵਾਂ ਵਿਸ਼ੇਸ਼ ਕਾਰਜਕਾਰੀ ਗਰੁੱਪ ਬਣਾ ਕੇ ਐੱਸਸੀਓ ਮੈਂਬਰ ਮੁਲਕਾਂ ਨਾਲ ਤਜਰਬਾ ਸਾਂਝਾ ਕਰ ਸਕਦੇ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਮੈਡੀਕਲ ਅਤੇ ਵੈੱਲਨੈਸ ਸੈਰ-ਸਪਾਟੇ ਲਈ ਦੁਨੀਆ ’ਚ ਸਭ ਤੋਂ ਸਸਤਾ ਸਥਾਨ ਬਣ ਗਿਆ ਹੈ। ਉਨ੍ਹਾਂ ਰਵਾਇਤੀ ਮੈਡੀਸਿਨ ਬਾਰੇ ਐੱਸਸੀਓ ਵਰਕਿੰਗ ਗਰੁੱਪ ਬਣਾਉਣ ਦਾ ਸੱਦਾ ਵੀ ਦਿੱਤਾ।

ਹੈੱਡਫੋਨ ਨਾਲ ਉਲਝੇ ਸ਼ਾਹਬਾਜ਼ ਸ਼ਰੀਫ਼ ਮਜ਼ਾਕ ਦਾ ਪਾਤਰ ਬਣੇ

ਸਮਰਕੰਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸੰਮੇਲਨ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਦੁਵੱਲੀ ਗੱਲਬਾਤ ਦੌਰਾਨ ਹੈੱਡਫੋਨ ਨਾ ਲਗਾ ਸਕਣ ਕਾਰਨ ਸੋਸ਼ਲ ਮੀਡੀਆ ’ਤੇ ਮਜ਼ਾਕ ਦਾ ਪਾਤਰ ਬਣ ਗਏ ਹਨ। ਰੂਸ ਦੀ ਸਰਕਾਰੀ ਨਿਊਜ਼ ਏਜੰਸੀ ਆਰਆਈਏ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਪੂਤਿਨ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਹਾਲਤ ’ਤੇ ਹੱਸਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਵੀ ਸਾਂਝਾ ਕੀਤਾ ਹੈ। ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਕਿ ਸ਼ਾਹਬਾਜ਼ ਸਹਾਇਕ ਨੂੰ ਮਦਦ ਲਈ ਕਹਿ ਰਹੇ ਸਨ ਅਤੇ ਸਹਾਇਤਾ ਲੈਣ ਤੋਂ ਬਾਅਦ ਵੀ ਉਨ੍ਹਾਂ ਦਾ ਹੈੱਡਫੋਨ ਮੁੜ ਡਿੱਗ ਪਿਆ।

ਪੀਟੀਆਈ ਦੇ ਮੈਂਬਰ ਨੇ ਕਿਹਾ ਕਿ ਸ਼ਾਹਬਾਜ਼ ਪਾਕਿਸਤਾਨ ਨੂੰ ਲਗਾਤਾਰ ਸ਼ਰਮਸਾਰ ਕਰ ਰਹੇ ਹਨ। ਨੈਸ਼ਨਲ ਅਸੈਂਬਲੀ ਦੇ ਸਾਬਕਾ ਡਿਪਟੀ ਸਪੀਕਰ ਕਾਸਿਮ ਖ਼ਾਨ ਸੂਰੀ ਨੇ ਸ਼ਾਹਬਾਜ਼ ਨਾਲ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ, ਵਿੱਤ ਮੰਤਰੀ ਮਿਫ਼ਤਾਹ ਇਸਮਾਈਲ ਅਤੇ ਰੱਖਿਆ ਮੰਤਰੀ ਖਵਾਜਾ ਆਸਿਫ਼ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਹੈ ਕਿ ਉਹ ‘ਭਿਖਾਰੀਆਂ ਵਾਂਗ ਬੈਠੇ’ ਹਨ। -ਏਐਨਆਈ

ਅਗਲੇ ਸਾਲ ਭਾਰਤ ’ਚ ਹੋਵੇਗਾ ਐੱਸਸੀਓ ਸਿਖਰ ਸੰਮੇਲਨ

ਸਮਰਕੰਦ: ਉਜ਼ਬੇਕਿਸਤਾਨ ਨੇ ਸ਼ੁੱਕਰਵਾਰ ਨੂੰ ਇਥੇ ਅੱਠ ਮੈਂਬਰੀ ਸ਼ੰਘਾਈ ਸਹਿਯੋਗ ਸੰਗਠਨ ਦੀ ਚੇਅਰਮੈਨੀ ਭਾਰਤ ਨੂੰ ਸੌਂਪ ਦਿੱਤੀ ਹੈ। ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓਯੇਵ ਨੇ ਸਮਰਕੰਦ ’ਚ 22ਵੇਂ ਐੱਸਸੀਓ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ। ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਵਲਾਦੀਮੀਰ ਨੋਰੋਵ ਨੇ ਟਵੀਟ ਕਰਕੇ ਕਿਹਾ ਕਿ ਭਾਰਤ 2023 ’ਚ ਐੱਸਸੀਓ ਦੇ ਚੇਅਰਮੈਨ ਵਜੋਂ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ। ਸਮਰਕੰਦ ਸਿਖਰ ਸੰਮੇਲਨ ’ਚ ਇਰਾਨ ਨੂੰ ਐੱਸਸੀਓ ਦੇ ਸਥਾਈ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।