ਹੈਦਰਾਬਾਦ ’ਚ ਅੱਗ ਲੱਗਣ ਕਾਰਨ 8 ਵਿਅਕਤੀਆਂ ਦੀ ਮੌਤ: ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰਾਂ ਦੀ ਮਦਦ ਦਾ ਐਲਾਨ

ਹੈਦਰਾਬਾਦ – ਤਿਲੰਗਾਨਾ ਦੇ ਸਿਕੰਦਰਾਬਾਦ ਵਿੱਚ ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਇਲੈਕਟ੍ਰਾਨਿਕ ਬਾਈਕ ਸ਼ੋਅਰੂਮ ਵਿੱਚ ਲੱਗੀ ਅੱਗ ਉਸ ਦੇ ਉੱਪਰ ਬਣੇ ਹੋਟਲ ਵਿੱਚ ਫੈਲ ਗਈ, ਜਿਸ ਕਾਰਨ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਪਹਿਲਾਂ ਸ਼ੋਅਰੂਮ ‘ਚ ਅੱਗ ਲੱਗੀ, ਜੋ ਬਾਅਦ ‘ਚ ਉਸ ਦੇ ਉਪਰਲੇ ਹੋਟਲ ‘ਚ ਫੈਲ ਗਈ, ਜਿਸ ਸਮੇਂ ਹੋਟਲ ‘ਚ ਅੱਗ ਲੱਗੀ ਉਸ ਸਮੇਂ ਕਰੀਬ 25 ਤੋਂ 30 ਲੋਕ ਉੱਥੇ ਮੌਜੂਦ ਸਨ। ਫਾਇਰਫਾਈਟਰਜ਼ ਨੇ ਇਸ ਬਹੁ-ਮੰਜ਼ਿਲਾ ਇਮਾਰਤ ਵਿੱਚ ਫਸੇ ਵਿਅਕਤੀਆਂ ਨੂੰ ਬਚਾਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਿਲੰਗਾਨਾ ਦੇ ਮੰਤਰੀ ਕੇਟੀ ਰਾਮਾ ਰਾਓ ਨੇ ਜਾਨਾਂ ਦੇ ਨੁਕਸਾਨ ‘ਤੇ ਸੋਗ ਪ੍ਰਗਟ ਕੀਤਾ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਕ੍ਰਮਵਾਰ ਪੀੜਤਾਂ ਨੂੰ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।