ਆਡੀਓ ਲੀਕ: ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆਏ ਸਰਾਰੀ

ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਵੱਲੋਂ ਆਡੀਓ ਦੀ ਜਾਂਚ ਕਰਾ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ
ਚੰਡੀਗੜ੍ਹ-ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਲੀਕ ਹੋਈ ਆਡੀਓ ਕਲਿੱਪ ਨਾਲ ‘ਆਪ’ ਸਰਕਾਰ ਲਈ ਨਵਾਂ ਸਿਆਸੀ ਸੰਕਟ ਖੜ੍ਹਾ ਹੋ ਗਿਆ ਹੈ। ਖੁਰਾਕ ਤੇ ਸਪਲਾਈ ਵਿਭਾਗ ਬਾਬਤ ਸੌਦਾਬਾਜ਼ੀ ਵੱਲ ਸੰਕੇਤ ਕਰਦੀ ਇਹ ਕਥਿਤ ਆਡੀਓ ਕਲਿੱਪ ਦੇ ਲੀਕ ਹੋਣ ਮਗਰੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਲੀਕ ਹੋਈ ਆਡੀਓ ’ਚ ਕੈਬਨਿਟ ਮੰਤਰੀ ਅਤੇ ਉਸ ਦੇ ਓਐੱਸਡੀ ਦਰਮਿਆਨ ਗੱਲਬਾਤ ਹੋਣ ਦੀ ਗੱਲ ਆਖੀ ਜਾ ਰਹੀ ਹੈ, ਜਿਸ ਦੀ ਪੁਸ਼ਟੀ ਹੋਣੀ ਬਾਕੀ ਹੈ।

ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਕੈਬਨਿਟ ਮੰਤਰੀ ਸਰਾਰੀ ਨੂੰ ਅਹੁਦੇ ਤੋਂ ਬਰਖ਼ਾਸਤ ਕੀਤਾ ਜਾਵੇ। ਸ੍ਰੀ ਬਾਜਵਾ ਨੇ ਮੰਗ ਕੀਤੀ ਹੈ ਕਿ ਉਸ ਆਡੀਓ ਕਲਿੱਪ ਦੀ ਜਾਂਚ ਕਰਾਈ ਜਾਵੇ, ਜਿਸ ਵਿੱਚ ਸਰਾਰੀ ਨੂੰ ਕਥਿਤ ਤੌਰ ’ਤੇ ਆਪਣੇ ਕਰੀਬੀ ਸਾਥੀ ਨਾਲ ਸੌਦਾ ਤੈਅ ਕਰਦੇ ਸੁਣਿਆ ਗਿਆ ਹੈ। ਆਡੀਓ ਕਲਿੱਪ ਦੀ ਪ੍ਰਮਾਣਿਕਤਾ ਦੀ ਜਾਂਚ ਕਰਨਾ ਅਤੇ ਮੁੱਦੇ ਦੀ ਤਹਿ ਤੱਕ ਜਾਣਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਨਿਰਪੱਖ ਜਾਂਚ ਉਦੋਂ ਹੀ ਸੰਭਵ ਹੋਵੇਗੀ, ਜਦੋਂ ਕੈਬਨਿਟ ਮੰਤਰੀ ਅਸਤੀਫਾ ਦੇਣ ਜਾਂ ਫਿਰ ਮੁੱਖ ਮੰਤਰੀ ਉਨ੍ਹਾਂ ਨੂੰ ਕੈਬਨਿਟ ’ਚੋਂ ਬਰਖ਼ਾਸਤ ਕਰਨ।

ਇਸੇ ਦੌਰਾਨ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਵੀ ਆਡੀਓ ਦੇ ਸਬੰਧ ਵਿੱਚ ਕੈਬਨਿਟ ਮੰਤਰੀ ਸਰਾਰੀ ਨੂੰ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਂਗਰਸੀ ਆਗੂਆਂ ਨੂੰ ਤਾਂ ਝੂਠੇ ਕੇਸਾਂ ਵਿੱਚ ਫਸਾ ਰਹੀ ਹੈ ਤੇ ਹੁਣ ਉਹ ਦੇਖਣਗੇ ਕਿ ‘ਆਪ’ ਸਰਕਾਰ ਆਪਣੇ ਮੰਤਰੀ ਖ਼ਿਲਾਫ਼ ਕੀ ਕਾਰਵਾਈ ਕਰਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਇਹ ਮਹਿਜ਼ ਦੋਸ਼ ਨਹੀਂ ਖੁਲਾਸੇ ਹਨ, ਜਿਨ੍ਹਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।