ਸਾਰਾਗੜ੍ਹੀ ਦਿਹਾੜੇ ’ਤੇ ਵਿਸ਼ੇਸ਼ – ਯਾਦਗਾਰ ਲਈ ਜਾਰੀ ਇਕ ਕਰੋੜ ਦੀ ਗ੍ਰਾਂਟ ਤਿੰਨ ਸਾਲ ਬਾਅਦ ਵੀ ਅਣਵਰਤੀ

ਫ਼ਿਰੋਜ਼ਪੁਰ-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਇਤਿਹਾਸਕ ਸਾਰਾਗੜ੍ਹੀ ਯਾਦਗਾਰ ਦੇ ਸੁੰਦਰੀਕਰਨ ਤੇ ਵਿਕਾਸ ਲਈ ਛੋਟੀਆਂ ਬੱਚਤਾਂ ਸਕੀਮ ’ਚੋਂ ਇਕ ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਜਾਰੀ ਕੀਤੀ ਸੀ, ਜੋ ਅਜੇ ਤੱਕ ਸਰਕਾਰੀ ਖ਼ਜ਼ਾਨੇ ਵਿੱਚ ਅਣਵਰਤੀ ਪਈ ਹੈ। ‘ਦਿ ਟ੍ਰਿਬਿਊਨ’ ਨੇ 9 ਸਤੰਬਰ 2019 ਨੂੰ ਇਕ ਰਿਪੋੋਰਟ ਛਾਪੀ ਸੀ, ਜਿਸ ਵਿੱਚ ਮੁੱਖ ਮੰਤਰੀ ਵੱਲੋੋਂ ਸਾਲ ਪਹਿਲਾਂ (12 ਸਤੰਬਰ 2018) ਕੀਤੇ ਐਲਾਨ ਦੇ ਬਾਵਜੂਦ ਗਰਾਂਟ ਜਾਰੀ ਨਾ ਕੀਤੇ ਜਾਣ ਦੇ ਮਸਲੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ। ਹਾਲਾਂਕਿ ਰਿਪੋਰਟ ਪ੍ਰਕਾਸ਼ਿਤ ਹੋਣ ਵਾਲੇ ਦਿਨ ਹੀ ਸਰਕਾਰ ਨੇ ਗਰਾਂਟ ਰਿਲੀਜ਼ ਕਰ ਦਿੱਤੀ। ਅਮਲੀ ਅੜਿੱਕਿਆਂ ਕਰਕੇ ਇਹ ਰਕਮ ਅਜੇ ਵੀ ਸਰਕਾਰੀ ਖ਼ਜ਼ਾਨੇ ਵਿੱਚ ਅਣਵਰਤੀ ਪਈ ਹੈ।

ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਸਾਲ ਜੂਨ ਵਿੱਚ ਯਾਦਗਾਰ ਦੇ ਸੁੰਦਰੀਕਰਨ ਤੇ ਵਿਕਾਸ ਨਾਲ ਜੁੜੇ ਪ੍ਰਾਜੈਕਟ ਲਈ ਟੈਂਡਰ ਵੀ ਮੰਗੇ ਸਨ, ਪਰ ਇਸ ਤੋਂ ਅੱਗੇ ਕੁਝ ਨਹੀਂ ਹੋਇਆ। ਕੇਂਦਰ ਸਰਕਾਰ ਵੱਲੋਂ ਫੰਡਿਡ ‘ਸਵਦੇਸ਼ ਦਰਸ਼ਨ’ ਸਕੀਮ ਤਹਿਤ ਯਾਦਗਾਰ ਵਿਖੇ ਸੈਲਾਨੀ ਕੇਂਦਰ ਦੀ ਉਸਾਰੀ ਨਾਲ ਜੁੜਿਆ ਪ੍ਰਾਜੈਕਟ ਮੁਕੰਮਲ ਹੋ ਚੁੱਕਾ ਹੈ, ਪਰ ਅਜੇ ਤੱਕ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਵਾਅਦੇ ਵਫ਼ਾ ਨਹੀਂ ਹੋਏ। ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਸੰਸਥਾ ਦੇ ਗਠਨ, ਸਾਰਾਗੜ੍ਹੀ ਕਲੱਬ, ਨਸ਼ੇ ਦੇ ਆਦੀ ਲੋਕਾਂ ਦੇ ਮੁੜ ਵਸੇਬੇ ਲਈ ਕੇਂਦਰ ਆਦਿ ਕਈ ਐਲਾਨ ਹੋਏ, ਪਰ ਕੋਈ ਹਕੀਕੀ ਰੂਪ ’ਚ ਅਮਲ ਵਿੱਚ ਨਹੀਂ ਆਇਆ। 12 ਸਤੰਬਰ 1897 ਨੂੰ ਉੱਤਰੀ ਪੱਛਮੀ ਫਰੰਟੀਅਰ ਸੂਬੇ ਵਿੱਚ ਲੜੀ ਸਾਰਾਗੜ੍ਹੀ ਦੀ ਲੜਾਈ ਦੌਰਾਨ ਬ੍ਰਿਟਿਸ਼ ਇੰਡੀਆ ਫ਼ੌਜ ਦੀ 36 ਸਿੱਖ ਰਜਮੈਂਟ ਦੇ 22 ਜਵਾਨ, 10 ਹਜ਼ਾਰ ਤੋਂ ਵੱਧ ਅਫ਼ਗਾਨਾਂ ਦਾ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ ਸਨ।