ਆਲਮੀ ਆਗੂਆਂ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ

ਕੁਝ ਨੇ ਮਹਾਰਾਣੀ ਨਾਲ ਬਿਤਾਏ ਪਲਾਂ ਨੂੰ ਯਾਦ ਕੀਤਾ, ਕੁਝ ਨੇ ਲੱਖਾਂ ਲੋਕਾਂ ਲਈ ਰੋਲ ਮਾਡਲ ਤੇ ਪ੍ਰੇਰਨਾ ਦਾ ਸੋਮਾ ਦੱਸਿਆ

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਣੇ ਵਿਸ਼ਵ ਦੇ ਹੋਰਨਾਂ ਆਲਮੀ ਆਗੂਆਂ ਨੇ ਐਲਿਜ਼ਾਬੈੱਥ ਦੋਇਮ ਦੇ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਬਰਤਾਨੀਆ ਦੇ ਤਖ਼ਤ ’ਤੇ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਹੈ। ਬਾਇਡਨ 13ਵੇਂ ਤੇ ਆਖਰੀ ਅਮਰੀਕੀ ਰਾਸ਼ਟਰਪਤੀ ਹਨ, ਜਿਨ੍ਹਾਂ ਨੂੰ ਮਹਾਰਾਣੀ ਨੂੰ ਮਿਲਣ ਦਾ ਮਾਣ ਹਾਸਲ ਹੈ। ਬਾਇਡਨ ਪਹਿਲੀ ਵਾਰ 1982 ਵਿੱਚ ਮਹਾਰਾਣੀ ਨੂੰ ਮਿਲੇ ਸਨ ਤੇ ਪਿਛਲੇ ਸਾਲ ਯੂਕੇ ਦੀ ਫੇਰੀ ਮੌਕੇ ਐਲਿਜ਼ਾਬੈੱਥ ਦੋਇਮ ਨੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਸੀ। ਜੋਅ ਬਾਇਡਨ ਮਹਾਰਾਣੀ ਦੀਆਂ ਅੰਤਿਮ ਰਸਮਾਂ ਵਿੱਚ ਵੀ ਸ਼ਾਮਲ ਹੋਣਗੇ। ਸਾਬਕਾ ਅਮਰੀਕੀ ਰਾਸ਼ਟਰਪਤੀਆਂ- ਜਿਮੀ ਕਾਰਟਰ, ਬਿਲ ਕਲਿੰਟਨ, ਜੌਰਜ ਡਬਲਿਊ ਬੁਸ਼, ਬਰਾਕ ਓਬਾਮਾ ਤੇ ਡੋਨਲਡ ਟਰੰਪ ਨੇ ਵੀ ਸ਼ਾਹੀ ਪਰਿਵਾਰ ਨੂੰ ਸ਼ੋਕ ਸੁਨੇਹੇ ਭੇਜੇ ਹਨ। ਮਹਾਰਾਣੀ ਐਲਿਜ਼ਾਬੈੱਥ 25 ਸਾਲ ਦੀ ਉਮਰ ਵਿੱਚ ਇਕ ਸ਼ਹਿਜ਼ਾਦੀ ਵਜੋਂ 1951 ਵਿੱਚ ਵਾਸ਼ਿੰਗਟਨ ਆਈ ਸੀ। ਜਰਮਨ ਚਾਂਸਲਰ ਓਲਫ ਸ਼ੁਲਜ਼ ਨੇ ਮਹਾਰਾਣੀ ਨੂੰ ‘ਲੱਖਾਂ ਲੋਕਾਂ ਲਈ ਰੋਲ ਮਾਡਲ ਤੇ ਪ੍ਰੇਰਨਾ’ ਦੱਸਿਆ। ਸ਼ੁਲਜ਼ ਨੇ ਕਿਹਾ ਕਿ ਦੂਜੀ ਆਲਮੀ ਜੰਗ ਦੇ ਖ਼ੌਫ਼ ਮਗਰੋਂ ਮਹਾਰਾਣੀ ਨੇ ਯੂਕੇ ਤੇ ਜਰਮਨੀ ਦੇ ਰਿਸ਼ਤਿਆਂ ਨੂੰ ਸੁਧਾਰਨ ’ਚ ਅਹਿਮ ਭੂਮਿਕਾ ਨਿਭਾਈ। ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮਹਾਰਾਣੀ ਐਲਿਜ਼ਾਬੈੱਥ ਉਨ੍ਹਾਂ ਦੇ ਪਸੰਦੀਦਾ ਆਲਮੀ ਆਗੂਆਂ ਵਿੱਚੋਂ ਇਕ ਸੀ। ਆਸਟਰੇਲੀਅਨ ਪ੍ਰਧਾਨ ਐਂਥਨੀ ਐਲਬਨੀਜ਼ ਨੇ ਕਿਹਾ ਕਿ ਬਹੁਤੇ ਲੋਕਾਂ ਨੇ ਮਹਾਰਾਣੀ ਬਿਨਾਂ ਜੱਗ ਦੀ ਕਲਪਨਾ ਵੀ ਨਹੀਂ ਕੀਤੀ ਹੈ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕੁਈਨ ਨੂੰ ‘ਅਸਾਧਾਰਨ’ ਸ਼ਖ਼ਸੀਅਤ ਦੱਸਿਆ। ਇਜ਼ਰਾਇਲੀ ਸਦਰ ਇਸਾਕ ਹਰਜ਼ੋਗ ਨੇ ਕਿਹਾ, ‘‘ਕੁਈਨ ਐਲਿਜ਼ਾਬੈੱਥ ਇਤਿਹਾਸਕ ਸ਼ਖ਼ਸੀਅਤ ਸਨ, ਜਿਨ੍ਹਾਂ ਨਾ ਸਿਰਫ਼ ਇਤਿਹਾਸ ਨੂੰ ਜੀਵਿਆ, ਬਲਕਿ ਇਤਿਹਾਸ ਬਣਾਇਆ ਵੀ। ਉਹ ਆਪਣੇ ਪਿੱਛੇ ਸ਼ਾਨਦਾਰ ਤੇ ਪ੍ਰੇਰਨਾਦਾਇਕ ਵਿਰਾਸਤ ਛੱਡ ਗਏ ਹਨ।’’ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ, ਜੋ ਮਹਾਰਾਣੀ ਨੂੰ ਕਈ ਵਾਰ ਮਿਲੇ ਹਨ, ਨੇ ਕਿੰਗ ਚਾਰਲਸ 3 ਨੂੰ ਭੇਜੇ ਸ਼ੋਕ ਸੁਨੇਹੇ ਵਿਚ ਦੁੱਖ ਪ੍ਰਗਟਾਇਆ ਹੈ। ਇਸੇ ਤਰ੍ਹਾਂ ਯੂਕਰੇਨੀ ਸਦਰ ਵਲੋਦੀਮੀਰ ਜ਼ੈਲੇਂਸਕੀ, ਜੌਰਡਨ ਦੇ ਸਮਰਾਟ ਅਬਦੁੱਲਾ ਦੋਇਮ, ਅਫ਼ਰੀਕੀ ਆਗੂਆਂ, ਸਾਊਦੀ ਅਰਬ ਦੇ ਸਮਰਾਟ ਸਲਮਾਨ ਤੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ, ਜਪਾਨੀ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ, ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਸਣੇ ਹੋਰਨਾਂ ਆਲਮੀ ਆਗੂਆਂ ਨੇ ਸ਼ੋਕ ਸੁਨੇਹੇ ਭੇਜ ਦੇ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ ਹੈ।