ਜੋੜ ਮੇਲੇ ਦੇ ਪਹਿਲੇ ਦਿਨ ਨਗਰ ਕੀਰਤਨ ਸਜਾਇਆ

ਸ੍ਰੀ ਗੋਇੰਦਵਾਲ ਸਾਹਿਬ – ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਗੁਰਦੁਆਰਾ ਚੁਬਾਰਾ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਏ ਗਏ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਬਾਉਲੀ ਸਾਹਿਬ ਲਈ ਰਵਾਨਾ ਹੋਇਆ। ਨਿਹੰਗ ਜਥੇਬੰਦੀਆਂ ਪੂਰੇ ਲਾਮ ਲਸ਼ਕਰ ਅਤੇ ਜਾਹੋ ਜਲਾਲ ਨਾਲ ਅੱਜ ਮਹੱਲਾ ਕੱਢਣਗੀਆਂ। ਇਸ ਮੌਕੇ ਮੈਨੇਜਰ ਯੁਵਰਾਜ ਸਿੰਘ, ਜਥੇਦਾਰ ਕੁਲਦੀਪ ਸਿੰਘ ਔਲਖ, ਮੀਤ ਮੈਨੇਜਰ ਭਗਵੰਤ ਸਿੰਘ ਕਾਹਲਵਾਂ, ਹੈਂਡ ਗ੍ਰੰਥੀ ਭਾਈ ਗੁਰਮੁੱਖ ਸਿੰਘ, ਸਰਬਜੀਤਸਿੰਘ ਮੁੰਡਾਪਿੰਡ, ਕੁਲਦੀਪ ਸਿੰਘ ਲਾਹੌਰੀਆ ਹਾਜ਼ਰ ਸਨ। ਇਸ ਮੌਕੇ ਸੰਗਤ ਗੁਰਦੁਆਰਾ ਬਾਉਲੀ ਸਾਹਿਬ ਨਤਮਸਤਕ ਹੋਈ ਅਤੇ ਪਵਿੱਤਰ ਬਾਉਲੀ ਵਿੱਚ ਇਸ਼ਨਾਨ ਕੀਤਾ। ਇਸ ਮੌਕੇ ਗੁਰਦੁਆਰੇ ਵਿੱਚ ਫੁੱਲਾਂ ਦੀ ਮਨਮੋਹਕ ਸਜਾਵਟ ਅਤੇ ਸਮੁੱਚੇ ਕੰਪਲੈਕਸ ਵਿੱਚ ਦੀਪਮਾਲਾ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਮਰਜੀਤ ਸਿੰਘ ਭਲਾਈਪੁਰ ਨੇ ਦੱਸਿਆ ਕਿ ਜੋੜ ਮੇਲੇ ਦੇ ਅਖੀਰਲੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਵੱਖ ਵੱਖ ਧਾਰਮਿਕ ਤੇ ਨਿਹੰਗ ਜਥੇਬੰਦੀਆਂ ਦੇ ਮੁਖੀ ਜੋੜ ਮੇਲੇ ਵਿੱਚ ਵਿੱਚ ਹਾਜ਼ਰੀ ਭਰਨਗੀਆਂ।