ਸਿੱਖ ਜਥੇਬੰਦੀਆਂ ਵੱਲੋਂ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਸ਼ਿਕਾਇਤ

ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਨਾਲ ਸਫ਼ਰ ਤੋਂ ਰੋਕਣ ਦਾ ਮਾਮਲਾ ਭਖਿਆ
ਅੰਮ੍ਰਿਤਸਰ-ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਕਿਰਪਾਨ ਪਾ ਕੇ ਸਫ਼ਰ ਕਰਨ ਤੋਂ ਰੋਕਣ ਦਾ ਮਾਮਲਾ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਪੁੱਜ ਗਿਆ ਹੈ। ਸਿੱਖ ਜਥੇਬੰਦੀ ਪੰਥਕ ਅਸੈਂਬਲੀ ਅਤੇ ਪੰਥਕ ਤਾਲਮੇਲ ਸੰਗਠਨ ਦੇ ਆਗੂਆਂ ਨੇ ਇਸ ਮਾਮਲੇ ’ਚ ਜਾਂਚ ਦੀ ਮੰਗ ਕੀਤੀ ਹੈ। ਇਸ ਸਬੰਧੀ ਪੰਥਕ ਤਾਲਮੇਲ ਸੰਗਠਨ ਦੇ ਕੋ-ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਅਤੇ ਪੰਥਕ ਅਸੈਂਬਲੀ ਦੇ ਸੁਖਦੇਵ ਸਿੰਘ ਭੌਰ ਤੇ ਨਵਕਿਰਨ ਸਿੰਘ ਐਡਵੋਕੇਟ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਇਕ ਸ਼ਿਕਾਇਤ ਭੇਜੀ ਹੈ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅੱਠ ਸਤੰਬਰ ਦੀ ਸ਼ਾਮ ਮੈਟਰੋ ਸਟੇਸ਼ਨ ਦਵਾਰਕਾ (ਦਿੱਲੀ) ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਨੂੰ ਕਿਰਪਾਨ ਪਾਈ ਹੋਣ ਕਾਰਨ ਮੈਟਰੋ ਵਿੱਚ ਸਫ਼ਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਕਿਰਪਾਨ ਦੇ ਆਕਾਰ ’ਤੇ ਕੋਈ ਪਾਬੰਦੀ ਨਹੀਂ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਮੈਟਰੋ ਵਿੱਚ ਬੈਠਣ ਤੋਂ ਰੋਕ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਸਾਬਕਾ ਜਥੇਦਾਰ ਨੇ ਗਾਤਰੇ ਵਿੱਚ ਇੱਕ ਫੁੱਟ ਦੀ ਕਿਰਪਾਨ ਪਾਈ ਹੋਈ ਸੀ। ਇਸ ਦੌਰਾਨ ਉਨ੍ਹਾਂ ਨੇ ਸੰਵਿਧਾਨ ਦੀ ਧਾਰਾ 25 ਦਾ ਹਵਾਲਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਧਰਮ ਨੂੰ ਮੰਨਣ ਦਾ ਪੂਰਾ ਅਧਿਕਾਰ ਦਿੱਤਾ ਗਿਆ ਹੈ। ਧਾਰਾ ਵਿੱਚ ਇਹ ਵਿਆਖਿਆ ਕੀਤੀ ਗਈ ਹੈ ਕਿ ਕਿਰਪਾਨ ਪਾਉਣੀ ਤੇ ਰੱਖਣੀ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਸੰਵਿਧਾਨ ਦੀ ਧਾਰਾ ਦੀ 25 ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ। ਸਿੱਖ ਆਗੂਆਂ ਨੇ ਮੰਗ ਕੀਤੀ ਕਿ ਅਜਿਹੀ ਪਾਬੰਦੀ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਧਾਰਮਿਕ ਰੀਤੀ ਰਿਵਾਜਾਂ ਦਾ ਪਾਲਣ ਕਰਨ ਦੇ ਹੱਕ ਨੂੰ ਸੁਰੱਖਿਅਤ ਕੀਤਾ ਜਾਵੇ। ਕਰਨ ਦੇ ਨਾਲ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਵਿੱਚ ਕਿਰਪਾਨ ਸਮੇਤ ਮੈਟਰੋ ਵਿਚ ਸਫ਼ਰ ਕਰਨ ਤੋਂ ਰੋਕਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਧਾਰਮਿਕ ਚਿੰਨ੍ਹ ਪਹਿਨਣ ਤੋਂ ਵਰਜਣਾ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਉਨ੍ਹਾਂ ਨੂੰ ਮੈਟਰੋ ਸਟੇਸ਼ਨ ’ਤੇ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਹੈ। ਉਨ੍ਹਾਂ ਘਟਨਾ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।