ਮਹਾਰਾਣੀ ਐਲਿਜ਼ਾਬੈੱਥ ਦੀ ਅੰਮ੍ਰਿਤਸਰ ਫੇਰੀ ਮੁੜ ਚਰਚਾ ਵਿੱਚ ਆਈ

ਅੰਮ੍ਰਿਤਸਰ – ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ-ਦੋ ਦੇ ਦੇਹਾਂਤ ਮਗਰੋਂ ਉਨ੍ਹਾਂ ਦੀ 1997 ਵਿੱਚ ਕੀਤੀ ਅੰਮ੍ਰਿਤਸਰ ਫੇਰੀ ਹੁਣ ਮੁੜ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਨਾਲ ਉਸ ਵੇਲੇ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਵੀ ਇਥੇ ਆਏ ਸਨ। ਉਹ 14 ਅਕਤੂਬਰ 1997 ਨੂੰ ਇਥੇ ਆਏ ਸਨ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀ ਭੇਟ ਕੀਤੀ ਸੀ। ਮਹਾਰਾਣੀ ਦਾ ਇਹ ਦੌਰਾ ਇਸ ਕਰਕੇ ਚਰਚਾ ਵਿੱਚ ਆਇਆ ਸੀ ਕਿਉਂਕਿ ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਜੁਰਾਬਾਂ ਪਾ ਕੇ ਪਰਿਕਰਮਾ ਕੀਤੀ ਅਤੇ ਮੱਥਾ ਟੇਕਿਆ ਸੀ। ਗੁਰੂ ਘਰ ਵਿੱਚ ਆਉਣ ਵਾਲਾ ਹਰੇਕ ਸ਼ਰਧਾਲੂ ਆਮ ਇਨਸਾਨ ਹੁੰਦਾ ਹੈ ਤੇ ਕਿਸੇ ਨੂੰ ਵੀ ਵਿਅਕਤੀ ਵਿਸ਼ੇਸ਼ ਦਾ ਦਰਜਾ ਨਹੀਂ ਦਿੱਤਾ ਜਾਂਦਾ, ਪਰ ਉਨ੍ਹਾਂ ਨੂੰ ਉਸ ਵੇਲੇ ਇਕ ਵਿਅਕਤੀ ਵਿਸ਼ੇਸ਼ ਵਜੋਂ ਇਹ ਰਾਹਤ ਦਿੱਤੀ ਗਈ ਸੀ।

ਇਸ ਸਬੰਧ ਵਿਚ ਬਰਤਾਨਵੀ ਸਫਾਰਤਖਾਨੇ ਵੱਲੋਂ ਵਿਸ਼ੇਸ਼ ਤੌਰ ’ਤੇ ਮਹਾਰਾਣੀ ਲਈ ਨਵੀਆਂ ਜੁਰਾਬਾਂ ਦੇ ਜੋੜੇ ਦਾ ਪ੍ਰਬੰਧ ਕੀਤਾ ਗਿਆ ਸੀ। ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਸਕੱਤਰ ਮਰਹੂਮ ਮਨਜੀਤ ਸਿੰਘ ਕਲਕੱਤਾ ਸਨ। ਇਨ੍ਹਾਂ ਤੋਂ ਇਲਾਵਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇੱਥੇ ਉਨ੍ਹਾਂ ਨੂੰ ‘ਜੀ ਆਇਆਂ’ ਕਹਿੰਦਿਆਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਸੀ। ਮਹਾਰਾਣੀ ਵੱਲੋਂ ਵੀ ਬਰਤਾਨੀਆ ਤੋਂ ਲਿਆਂਦਾ ਗਿਆ ਇਕ ਸੁੰਦਰ ਗੁਲਦਸਤਾ ਸਿੱਖ ਆਗੂਆਂ ਨੂੰ ਭੇਟ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਦਿਲਜੀਤ ਸਿੰਘ ਬੇਦੀ ਜੋ ਉਸ ਵੇਲੇ ਮੀਡੀਆ ਇੰਚਾਰਜ ਸਨ, ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮਹਾਰਾਣੀ ਦੇ ਸੁਰੱਖਿਆ ਦਸਤੇ ਨੂੰ ਸਾਰੇ ਨਿਯਮਾਂ ਬਾਰੇ ਜਾਣੂ ਕਰਾਇਆ ਗਿਆ ਸੀ, ਪਰ ਉਹ ਜੁਰਾਬਾਂ ਪਾ ਕੇ ਅੰਦਰ ਜਾਣ ਲਈ ਬਜ਼ਿੱਦ ਸਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਸ ਵੇਲੇ ਮਰਿਆਦਾ ਦੀ ਅਣਦੇਖੀ ਹੋਈ ਸੀ। ਮਹਾਰਾਣੀ ਐਲਿਜ਼ਾਬੈਥ ਅਤੇ ਉਨ੍ਹਾਂ ਦੇ ਪਤੀ ਪ੍ਰਿੰਸ ਫਿਲਿਪ ਨੇ ਇੱਥੇ ਯਾਤਰੂ ਬੁੱਕ ਵਿੱਚ ਆਪਣੀਆਂ ਕੋਈ ਭਾਵਨਾਵਾਂ ਦਰਜ ਨਹੀਂ ਕੀਤੀਆਂ ਸਨ, ਸਗੋਂ ਸਿਰਫ ਦਸਤਖ਼ਤ ਹੀ ਕੀਤੇ ਸਨ। ਇਸ ਜੋੜੇ ਨੇ ਜੱਲ੍ਹਿਆਂਵਾਲਾ ਬਾਗ ਵਿੱਚ ਸ਼ਹੀਦੀ ਸਮਾਰਕ ’ਤੇ ਸ਼ਰਧਾਂਜਲੀ ਵੀ ਭੇਟ ਕੀਤੀ ਸੀ। ਇਸ ਬਾਰੇ ਬਾਗ ਟਰੱਸਟ ਦੇ ਸਕੱਤਰ ਐਸ ਕੇ ਮੁਖਰਜੀ ਨੇ ਦੱਸਿਆ ਕਿ ਸ਼ਾਹੀ ਜੋੜੇ ਨੇ ਇੱਥੇ ਯਾਤਰੂ ਬੁੱਕ ਵਿੱਚ ਜੱਲ੍ਹਿਆਂਵਾਲਾ ਬਾਗ ਕਤਲੇਆਮ ਬਾਰੇ ਆਪਣੀ ਕੋਈ ਵੀ ਭਾਵਨਾ ਦਰਜ ਨਹੀਂ ਕੀਤੀ ਸੀ।