ਬਿਲਕੀਸ ਬਾਨੋ ਕੇਸ: ਦੋਸ਼ੀਆਂ ਦੀ ਰਿਹਾਈ ਖ਼ਿਲਾਫ਼ ਧਰਨਾ

ਤ੍ਰਿਣਮੂਲ ਆਗੂਆਂ ਵੱਲੋਂ ਕੇਂਦਰ ਤੇ ਗੁਜਰਾਤ ਸਰਕਾਰ ਦੀ ਆਲੋਚਨਾ

ਕੋਲਕਾਤਾ- ਬਿਲਕੀਸ ਬਾਨੋ ਜਬਰ-ਜਨਾਹ ਕੇਸ ਦੇ 11 ਦੋਸ਼ੀਆਂ ਦੀ ਰਿਹਾਈ ਖ਼ਿਲਾਫ਼ ਅੱਜ ਇੱਥੇ ਤ੍ਰਿਣਮੂਲ ਕਾਂਗਰਸ ਦੇ ਮਹਿਲਾ ਵਿੰਗ ਨੇ ਧਰਨਾ ਦਿੱਤਾ। ਟੀਐਮਸੀ ਦਾ ਇਹ ਧਰਨਾ 48 ਘੰਟੇ ਤੱਕ ਜਾਰੀ ਰਹੇਗਾ। ਉਨ੍ਹਾਂ ਦੋਸ਼ੀਆਂ ਦੀ ਰਿਹਾਈ ਨੂੰ ‘ਸ਼ਰਮਨਾਕ ਤੇ ਬਰਦਾਸ਼ਤ ਤੋਂ ਬਾਹਰ’ ਕਰਾਰ ਦਿੱਤਾ। ਰੋਸ ਮੁਜ਼ਾਹਰੇ ਵਿਚ ਸ਼ਾਮਲ ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਇਸ ਮੁੱਦੇ ’ਚ ਨਰਮੀ ਵਰਤੀ ਹੈ। ਉਨ੍ਹਾਂ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਬੰਗਾਲ ਵਿਚ ਬੀਐੱਸਐਫ ਦੇ ਜਵਾਨ ਵੱਲੋਂ ਇਕ ਔਰਤ ਨਾਲ ਕੀਤੇ ਗਏ ਜਬਰ-ਜਨਾਹ ਦੇ ਮਾਮਲੇ ਵਿਚ ਵੀ ਠੋਸ ਕਾਰਵਾਈ ਨਹੀਂ ਕੀਤੀ ਗਈ ਹੈ। ਸੀਨੀਅਰ ਟੀਐਮਸੀ ਆਗੂ ਤੇ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ ਜਦ ਵੀ ਕਿਸੇ ਕੈਦੀ ਦੀ ਸਜ਼ਾ ਮੁਆਫ਼ੀ ਉਤੇ ਵਿਚਾਰ ਕੀਤਾ ਜਾਵੇ, ਉਸ ਵੇਲੇ ਜਬਰ-ਜਨਾਹ ਦੇ ਦੋਸ਼ੀਆਂ ਨੂੰ ਇਸ ਦੇ ਘੇਰੇ ਵਿਚੋਂ ਬਾਹਰ ਰੱਖਿਆ ਜਾਵੇ। ਉਨ੍ਹਾਂ ਦੇ ਨਾਂ ਉਤੇ ਵਿਚਾਰ ਨਾ ਕੀਤਾ ਜਾਵੇ। ਟੀਐਮਸੀ ਆਗੂ ਨੇ ਕਿਹਾ ਕਿ ਬਾਨੋ ਕੇਸ ਵਿਚ ਦੋਸ਼ੀਆਂ ਦੀ ਰਿਹਾਈ ਸਮਝ ਤੋਂ ਬਾਹਰ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਗੁਜਰਾਤ ਸਰਕਾਰ ਨੇ 11 ਦੋਸ਼ੀਆਂ ਨੂੰ ਸਜ਼ਾ ਮੁਆਫ਼ੀ ਨੀਤੀ ਤਹਿਤ ਰਿਹਾਅ ਕਰ ਦਿੱਤਾ ਸੀ। ਟੀਐਮਸੀ ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਤੇ ਕੇਂਦਰ ਨੇ 11 ਵਿਅਕਤੀਆਂ ਨੂੰ ਮੁੜ ਜੇਲ੍ਹ ਭੇਜਣ ਲਈ ਕੋਈ ਕਦਮ ਵੀ ਨਹੀਂ ਚੁੱਕਿਆ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਔਰਤਾਂ ਸਰਕਾਰ ਦੀ ਇਸ ਕਾਰਵਾਈ ਕਾਰਨ ‘ਅਸੁਰੱਖਿਅਤ ਤੇ ਅਪਮਾਨਿਤ’ ਮਹਿਸੂਸ ਕਰ ਰਹੀਆਂ ਹਨ।

ਕੋਲਕਾਤਾ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੰਦੀਆਂ ਹੋਈਆਂ ਤ੍ਰਿਣਮੂਲ ਕਾਂਗਰਸ ਦੇ ਮਹਿਲਾ ਵਿੰਗ ਦੀਆਂ ਕਾਰਕੁਨ।