ਐੱਸਜੀਪੀਸੀ ਤੇ ਗੁਰਦੁਆਰਾ ਅੰਗੀਠਾ ਸਾਹਿਬ ਦਰਮਿਆਨ ਵਿਵਾਦ ਖ਼ਤਮ

ਸੰਗਰੂਰ – ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਦੇ ਨਾਂ ’ਤੇ ਮੈਡੀਕਲ ਕਾਲਜ ਬਣਨ ਲਈ ਰਾਹ ਪੱਧਰਾ ਹੋ ਗਿਆ ਹੈ। ਅਜਿਹਾ ਸ਼੍ਰੋੋਮਣੀ ਕਮੇਟੀ ਤੇ ਗੁਰਦੁਆਰਾ ਅੰਗੀਠਾ ਸਾਹਿਬ ਵਿਚਕਾਰ ਵਿਵਾਦ ਖ਼ਤਮ ਹੋਣ ਕਾਰਨ ਹੋਇਆ ਹੈ। ਸ਼੍ਰੋੋਮਣੀ ਕਮੇਟੀ ਵੱਲੋਂ ਮੈਡੀਕਲ ਕਾਲਜ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚੋਂ ਲਈ ਸਟੇਅ ਖ਼ਤਮ ਕਰਾਉਣ ਦਾ ਫੈ਼ਸਲਾ ਕੀਤਾ ਗਿਆ ਤੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਕਮੇਟੀ ਵੱਲੋਂ ਮੈਡੀਕਲ ਕਾਲਜ ਦੀ ਉਸਾਰੀ ’ਚ ਅੜਿੱਕਾ ਨਹੀਂ ਪਾਇਆ ਜਾਵੇਗਾ। ਐਸਜੀਪੀਸੀ ਮੈਂਬਰਾਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ ਭਲਵਾਨ ਅਤੇ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਅੰਗੀਠਾ ਸਾਹਿਬ ਮਸਤੂਆਣਾ ਸਾਹਿਬ ਵਲੋਂ 25 ਏਕੜ ਜ਼ਮੀਨ ਮੈਡੀਕਲ ਕਾਲਜ ਬਣਾਉਣ ਲਈ ਪੰਜਾਬ ਸਰਕਾਰ ਨੂੰ ਦਾਨ ਕੀਤੀ ਗਈ ਹੈ ਜਿਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਾ ਨੀਂਹ ਪੱਥਰ ਰੱਖਿਆ ਸੀ ਪਰ ਇਹ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਐਸਜੀਪੀਸੀ ਮੈਂਬਰਾਂ ਨੇ ਗੁਰਦੁਆਰਾ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਹਰਭਜਨ ਸਿੰਘ ਦੁੱਗਾਂ ਤੇ ਹੋਰ ਪ੍ਰਬੰਧਕਾਂ ਸਮੇਤ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੀਟਿੰਗ ਕੀਤੀ ਸੀ ਜਿਨ੍ਹਾਂ ਸਟੇਅ ਵਾਪਸ ਲੈਣ ਦਾ ਭਰੋਸਾ ਦਿਵਾਇਆ ਸੀ।

ਲੌਂਗੋਵਾਲ ਦੇ ਘਰ ਦਾ ਘਿਰਾਓ ਕਰਨ ਦਾ ਫੈਸਲਾ ਰੱਦ

ਐੱਸਜੀਪੀਸੀ ਵੱਲੋਂ ਮਸਤੂਆਣਾ ਸਾਹਿਬ ਵਿਚ ਬਣਨ ਵਾਲੇ ਮੈਡੀਕਲ ਕਾਲਜ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕਰਨ ਦੇ ਫੈਸਲੇ ਮਗਰੋਂ ਮੈਡੀਕਲ ਕਾਲਜ ਬਣਾਓ ਸੰਘਰਸ਼ ਕਮੇਟੀ ਵੱਲੋਂ 7 ਸਤੰਬਰ ਨੂੰ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਮੈਂਬਰ ਗੋਬਿੰੰਦ ਸਿੰਘ ਲੌਂਗੋਵਾਲ ਦੇ ਘਰ ਦਾ ਘਿਰਾਓ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ। ਸੰਘਰਸ਼ ਕਮੇਟੀ ਵੱਲੋਂ ਭਾਈ ਲੌਂਗੋਵਾਲ ਦੇ ਘਰ ਦਾ ਘਿਰਾਓ ਕਰਨ ਦੇ ਉਲੀਕੇ ਪ੍ਰੋਗਰਾਮ ਦੀਆਂ ਤਿਆਰੀਆਂ ਲਈ ਪਿੰਡਾਂ ਵਿਚ ਲਾਮਬੰਦੀ ਕੀਤੀ ਜਾ ਰਹੀ ਸੀ।