ਮੂਸੇਵਾਲਾ ਕਤਲ: ਪੰਜਾਬ ਪੁਲੀਸ ਨੇ ਸਚਿਨ ਤੇ ਅਨਮੋਲ ਨੂੰ ਵਾਪਸ ਲਿਆਉਣ ਦੀ ਤਿਆਰੀ ਖਿੱਚੀ

  • ਪੁਲੀਸ ਵੱਲੋਂ ਮੁਕੰਮਲ ਕੀਤੇ ਜਾ ਰਹੇ ਹਨ ਲੋੜੀਂਦੇ ਦਸਤਾਵੇਜ਼

ਮਾਨਸਾ – ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਵਿਦੇਸ਼ ਤੋਂ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ ਨੂੰ ਪੰਜਾਬ ਪੁਲੀਸ ਨੇ ਵਾਪਸ ਲਿਆਉਣ ਦੀ ਤਿਆਰੀ ਖਿੱਚ ਲਈ ਹੈ। ਮਾਨਸਾ ਪੁਲੀਸ ਇਸ ਸਬੰਧੀ ਲੋੜੀਂਦੇ ਦਸਤਾਵੇਜ਼ ਮੁਕੰਮਲ ਕਰਨ ਵਿੱਚ ਰੁੱਝ ਗਈ ਹੈ।

ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਵੱਲੋਂ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਜਿਸ ਤਹਿਤ ਸਚਿਨ ਥਾਪਨ ਨੂੰ ਅਜ਼ਰਬਾਇਜਾਨ ਅਤੇ ਅਨਮੋਲ ਬਿਸ਼ਨੋਈ ਨੂੰ ਕੀਨੀਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲਾ ਲਗਾਤਾਰ ਇਨ੍ਹਾਂ ਦੋਵੇਂ ਦੇਸ਼ਾਂ ਦੇ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ, ਜਿਸ ਲਈ ਲੋੜੀਂਦੇ ਦਸਤਾਵੇਜ਼ ਤਿਆਰ ਕੀਤੇ ਜਾ ਰਹੇ ਹਨ। ਸ੍ਰੀ ਤੂਰਾ ਨੇ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਪਹਿਲਾਂ ਜਦੋਂ ਮਾਨਸਾ ਪੁਲੀਸ ਦੇ ਨੋਟਿਸ ਵਿੱਚ ਮੂਸੇਵਾਲਾ ਦੇ ਕਤਲ ਵਾਸਤੇ ਇਨ੍ਹਾਂ ਦੋਵੇਂ ਜਣਿਆਂ ਸਣੇ ਹੋਰ ਦੋ ਗੈਂਗਸਟਰਾਂ ਦਾ ਨਾਂ ਸਾਹਮਣੇ ਆਇਆ ਸੀ ਤਾਂ ਪੰਜਾਬ ਪੁਲੀਸ ਵੱਲੋਂ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨਾਲ ਗੱਲਬਾਤ ਕੀਤੀ ਗਈ ਸੀ, ਜਿਨ੍ਹਾਂ ਵੱਲੋਂ ਰੈੱਡ ਕਾਰਨਰ ਨੋਟਿਸ ਇੰਟਰਪੋਲ ਜ਼ਰੀਏ ਜਾਰੀ ਕੀਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਸਣੇ ਹੋਰਨਾਂ ਲੋਕਾਂ ਨੂੰ ਗੈਂਗਸਟਰਾਂ ਵੱਲੋਂ ਭੇਜੀਆਂ ਜਾ ਰਹੀਆਂ ਈ-ਮੇਲਾਂ ਦੀ ਘੋਖ ਵੀ ਜਾਰੀ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਹਾਲੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਭਾਰਤ ਲਿਆ ਕੇ ਨਵੇਂ ਸਿਰੇ ਤੋਂ ਚਾਰਜਸ਼ੀਟ ਪੇਸ਼ ਕੀਤੀ ਜਾਵੇਗੀ।