ਖੇਤੀ ਸਬਸਿਡੀ ਘਪਲੇ ਦੀ ਜਾਂਚ ਵਿਜੀਲੈਂਸ ਕਰੇਗੀ: ਧਾਲੀਵਾਲ

ਪਟਿਆਲਾ- ਖੇਤੀਬਾੜੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਖਿਆ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਖੇਤੀ ਮਸ਼ੀਨਾਂ ਦੀ ਸਬਸਿਡੀ ’ਚ ਹੋਏ ਘੁਟਾਲੇ ਸਬੰਧੀ ‘ਆਪ’ ਸਰਕਾਰ ਵਿਜੀਲੈਂਸ ਤੋਂ ਜਾਂਚ ਕਰਵਾਏਗੀ। ਇਹ ਘੁਟਾਲਾ ਡੇਢ ਅਰਬ ਦੇ ਕਰੀਬ ਬਣਦਾ ਹੈ। ਉਨ੍ਹਾਂ ਕਿਹਾ ਕਿ ਘੁਟਾਲੇ ਵਿਚ ਮੁਲਜ਼ਮਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ, ਭਾਵੇਂ ਉਹ ਕੋਈ ਰਸੂਖਵਾਨ ਕਿਉਂ ਨਾ ਹੋਵੇ। ਕੁਝ ਦਿਨ ਪਹਿਲਾਂ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਮਾਮਲਾ ਉਠਾਇਆ ਸੀ। ਉਨ੍ਹਾਂ ਆਖਿਆ ਸੀ ਕਿ ਅਜਿਹਾ ਘੁਟਾਲਾ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਤੇ ਖੇਤੀਬਾੜੀ ਮੰਤਰੀ ਹੁੰਦਿਆਂ ਹੋਇਆ ਸੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਮਾਮਲੇ ਦੀ ਜਾਂਚ ਕਰਵਾਉਣ ਲਈ ਕਿਹਾ ਸੀ।

ਖੇਤੀ ਮੰਤਰੀ ਅੱਜ ਪਟਿਆਲਾ ਨਾਲ ਲੱਗਦੇ ਪਿੰਡ ਦੌਲਤਪੁਰ ਵਿੱਚ ‘ਜੀਐਸਏਆਈ’ ਦੀ ਐਗਰੀਜ਼ੋਨ ਯੂਨਿਟ ਵਿਚ ਸੁਪਰਸੀਡਰ ਤੇ ਹੋਰ ਮਸ਼ੀਨਰੀ ਦਾ ਨਿਰੀਖਣ ਕਰਨ ਆਏ ਸਨ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਜਤਿੰਦਰਪਾਲ ਸਿੰਘ ਨੇ ਮੰਤਰੀ ਨੂੰ ਫਰਮ ਵੱਲੋਂ ਬਣਾਏ ਜਾਂਦੇ ਸੰਦਾਂ ਬਾਰੇ ਜਾਣਕਾਰੀ ਦਿੱਤੀ। ਖੇਤੀ ਮੰਤਰੀ ਨੇ ਦੱਸਿਆ ਕਿ ‘ਆਪ’ ਸਰਕਾਰ ਨੇ ਕਾਲਾਬਜ਼ਾਰੀ ਨੂੰ ਰੋਕਣ ਲਈ ਸਬਸਿਡੀ ਵਾਲੀ ਖੇਤੀਬਾੜੀ ਮਸ਼ੀਨਰੀ ਉਪਰ ਲੇਜ਼ਰ ਨਾਲ ਵਿਸ਼ੇਸ਼ ਨੰਬਰ ਲਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ ਤਾਂ ਕਿ ਹੇਰਾ-ਫੇਰੀ ਦੀ ਕੋਈ ਗੁੰਜਾਇਸ਼ ਹੀ ਨਾ ਰਹੇ ਕਿਉਂਕਿ ਇਸ ਉਪਰ ਸਰਕਾਰ 50 ਫ਼ੀਸਦੀ ਸਬਸਿਡੀ ਦਿੰਦੀ ਹੈ। ਇਸ ਮੌਕੇ ਵਿਧਾਇਕ ਡਾ. ਬਲਬੀਰ ਸਿੰਘ, ਗੁਰਲਾਲ ਘਨੌਰ ਤੇ ਜਸਵੰਤ ਸਿੰਘ ਗੱਜਣਮਾਜਰਾ ਮੌਜੂਦ ਸਨ।­