ਕੌਮੀ ਖੇਡ ਦਿਵਸ-ਮੋਦੀ ਵੱਲੋਂ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ

ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਨੀਰਜ ਚੋਪੜਾ ਤੇ ਲਕਸ਼ੈ ਸੇਨ ਸਮੇਤ ਹੋਰ ਖਿਡਾਰੀਆਂ ਨੇ ਵੀ ਦੇਸ਼ ਵਾਸੀਆਂ ਨੂੰ ਖੇਡ ਦਿਵਸ ਦੀ ਦਿੱਤੀ ਵਧਾਈ

ਨਵੀਂ ਦਿੱਲੀ-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਹੋਰ ਸਿਆਸੀ ਆਗੂਆਂ ਅਤੇ ਖਿਡਾਰੀਆਂ ਨੇ ਵੀ ਕੌਮੀ ਖੇਡ ਦਿਵਸ ਮੌਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਮੋਦੀ ਨੇ ਟਵੀਟ ਕੀਤਾ, ‘‘ਕੌਮੀ ਖੇਡ ਦਿਵਸ ਦੀਆਂ ਵਧਾਈਆਂ ਅਤੇ ਮੇਜਰ ਧਿਆਨ ਚੰਦ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ। ਪਿਛਲੇ ਕੁੱਝ ਸਾਲ ਖੇਡਾਂ ਲਈ ਬਹੁਤ ਵਧੀਆ ਰਹੇ ਹਨ। ਕਾਮਨਾ ਕਰਦਾ ਹਾਂ ਕਿ ਇਹ ਸਿਲਸਿਲਾ ਜਾਰੀ ਰਹੇ ਅਤੇ ਦੇਸ਼ ਭਰ ’ਚ ਖੇਡਾਂ ਹੋਰ ਪ੍ਰਸਿੱਧੀ ਖੱਟਣ।’’

ਇਸੇ ਤਰ੍ਹਾਂ ਜੂਨੀਅਰ ਖੇਡ ਮੰਤਰੀ ਨਿਸਿਤ ਪ੍ਰਮਾਣਿਕ ਨੇ ਭਾਰਤ ਨੂੰ ਖੇਡ ਰਾਸ਼ਟਰ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, ‘‘ਕੌਮੀ ਖੇਡ ਦਿਵਸ ਮੌਕੇ ਮੇਜਰ ਧਿਆਨ ਚੰਦ ਨੂੰ ਭਾਰਤੀ ਹਾਕੀ ’ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸ਼ਰਧਾਂਜਲੀ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਵੀ ਵਧਾਈ ਜਿਨ੍ਹਾਂ ਨੇ ਆਪਣੀ ਲਗਨ ਅਤੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।’’ ਸਾਬਕਾ ਖੇਡ ਮੰਤਰੀ ਤੇ ਮੌਜੂਦਾ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਵੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ।

ਇਸੇ ਤਰ੍ਹਾਂ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਮਿਤਾਲੀ ਰਾਜ, ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਸ਼ਟਲਰ ਲਕਸ਼ੈ ਸੇਨ ਨੇ ਵੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਵਾਸੀਆਂ ਨੂੰ ਖੇਡ ਦਿਵਸ ਦੀ ਵਧਾਈ ਦਿੱਤੀ ਹੈ।’’