ਟੈਂਡਰ ਘਪਲਾ: ਆਸ਼ੂ ਦੇ ਰਿਮਾਂਡ ’ਚ ਦੋ ਦਿਨ ਦਾ ਵਾਧਾ

ਅਦਾਲਤ ਵੱਲੋਂ ਸਾਬਕਾ ਮੰਤਰੀ ਨੂੰ ਪਾਸਪੋਰਟ ਜਮ੍ਹਾਂ ਕਰਵਾਉਣ ਦੇ ਹੁਕਮ

ਲੁਧਿਆਣਾ- ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਵਿਜੀਲੈਂਸ ਕੋਲ ਰਿਮਾਂਡ ’ਤੇ ਚੱਲ ਰਹੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਫਿਰ ਅਦਾਲਤ ’ਚ ਪੇਸ਼ ਕੀਤਾ ਗਿਆ। ਸਾਬਕਾ ਮੰਤਰੀ ਨੂੰ ਸਖ਼ਤ ਸੁਰੱਖਿਆ ਹੇਠ ਡਿਊਟੀ ਮੈਜਿਸਟਰੇਟ ਆਰਤੀ ਸ਼ਰਮਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਕਰੀਬ ਇੱਕ ਘੰਟੇ ਤੱਕ ਦੋਵਾਂ ਧਿਰਾਂ ’ਚ ਬਹਿਸ ਹੋਈ। ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸਾਬਕਾ ਮੰਤਰੀ ਦਾ 2 ਦਿਨਾਂ ਰਿਮਾਂਡ ਹੋਰ ਵਧਾ ਦਿੱਤਾ। ਹੁਣ 29 ਅਗਸਤ ਨੂੰ ਵਿਜੀਲੈਂਸ ਦੀ ਟੀਮ ਆਸ਼ੂ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕਰੇਗੀ।

ਸਾਬਕਾ ਮੰਤਰੀ ਨੂੰ ਪੇਸ਼ ਕਰਨ ਤੋਂ ਪਹਿਲਾਂ ਅਦਾਲਤੀ ਕੰਪਲੈਕਸ ’ਚ ਸੁਰੱਖਿਆ ਪ੍ਰਬੰਧ ਸਖਤ ਕੀਤੇ ਗਏ, ਜਿੱਥੇ ਸੀਨੀਅਰ ਪੁਲੀਸ ਅਧਿਕਾਰੀ ਮੌਜੂਦ ਰਹੇ। ਅਦਾਲਤ ਕੰਪਲੈਕਸ ਨੂੰ ਜਾਣ ਵਾਲੇ ਹਰ ਰਸਤੇ ’ਤੇ ਪੁਲੀਸ ਦਾ ਪਹਿਰਾ ਸੀ ਅਤੇ ਸਿਰਫ਼ ਉਹ ਲੋਕ ਅੰਦਰ ਜਾ ਸਕੇ ਜਿਨ੍ਹਾਂ ਦੇ ਕੇਸ ਦੀ ਅੱਜ ਸੁਣਵਾਈ ਸੀ। ਵਿਜੀਲੈਂਸ ਬਿਊਰੋ ਦੀ ਟੀਮ ਕਰੀਬ ਚਾਰ ਵਜੇ ਸਖਤ ਸੁਰੱਖਿਆ ’ਚ ਆਸ਼ੂ ਨੂੰ ਲੈ ਕੇ ਅਦਾਲਤ ਲੈ ਕੇ ਪੁੱਜੀ। ਸਰਕਾਰੀ ਵਕੀਲ ਨੇ ਪੂਰੇ ਕੇਸ ਬਾਰੇ ਜੱਜ ਨੂੰ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਆਪਣਾ ਪੱਖ ਰੱਖਿਆ ਕਿ ਹਾਲੇ ਸਾਬਕਾ ਮੰਤਰੀ ਤੋਂ ਕਈ ਤਰ੍ਹਾਂ ਦੀ ਪੁੱਛ ਪੜਤਾਲ ਕਰਨੀ ਹੈ ਤੇ ਉਨ੍ਹਾਂ ਦੇ ਇੱਕ ਸਾਥੀ ਇੰਦਰਜੀਤ ਸਿੰਘ ਇੰਦੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇੰਦੀ ਦੇ ਨਾਲ-ਨਾਲ ਪਹਿਲਾਂ ਤੋਂ ਇਸ ਮਾਮਲੇ ’ਚ ਨਾਮਜ਼ਦ ਸਾਬਕਾ ਮੰਤਰੀ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਦੀ ਗ੍ਰਿਫ਼ਤਾਰੀ ਬਾਕੀ ਹੈ। ਜਿਸ ਕਾਰਨ ਉਨ੍ਹਾਂ ਦਾ 7 ਦਿਨਾਂ ਰਿਮਾਂਡ ਦਿੱਤਾ ਜਾਵੇ ਤਾਂ ਕਿ ਪੁੱਛ ਪੜਤਾਲ ਕੀਤੀ ਜਾ ਸਕੇ। ਜਦਕਿ ਬਚਾਅ ਪੱਖ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ, ਰਮਨ ਕੌਸ਼ਲ ਅਤੇ ਰਾਜੀਵ ਕੌਸ਼ਲ ਨੇ ਵਿਜੀਲੈਂਸ ਵੱਲੋਂ ਮੰਗੇ ਗਏ ਰਿਮਾਂਡ ਦਾ ਵਿਰੋਧ ਕੀਤਾ ਤੇ ਕਿਹਾ ਕਿ ਵਿਜੀਲੈਂਸ ਨੇ ਸਿਆਸੀ ਰੰਜਿਸ਼ ਕਾਰਨ ਸਰਕਾਰ ਦੇ ਦਬਾਅ ’ਚ ਝੂਠਾ ਕੇਸ ਦਰਜ ਕੀਤਾ ਹੈ। ਐੱਫ਼ਆਈਆਰ ਵਿੱਚ ਤਾਂ ਸਾਬਕਾ ਮੰਤਰੀ ਦਾ ਨਾਂ ਹੀ ਨਹੀਂ ਹੈ। ਇਸ ਦੌਰਾਨ ਵਿਜੀਲੈਂਸ ਨੇ ਆਸ਼ੂ ਦੇ ਵਿਦੇਸ਼ ਜਾਣ ਦਾ ਵੀ ਸ਼ੱਕ ਜ਼ਾਹਰ ਕੀਤਾ ਤਾਂ ਬਚਾਅ ਪੱਖ ਦੇ ਵਕੀਲਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸ਼ੱਕ ਹੈ ਤਾਂ ਉਹ ਆਸ਼ੂ ਦਾ ਪਾਸਪੋਰਟ ਜਮ੍ਹਾ ਕਰਵਾ ਦੇਣਗੇ। ਇਸ ਮਗਰੋਂ ਅਦਾਲਤ ਨੇ ਹੁਕਮ ਜਾਰੀ ਕੀਤਾ ਕਿ ਜੇਕਰ ਆਸ਼ੂ ਕੋਲ ਪਾਸਪੋਰਟ ਹੈ ਤਾਂ ਉਹ ਜਮ੍ਹਾਂ ਕਰਵਾਇਆ ਜਾਵੇ।

ਬਰਖਾਸਤ ਡੀਐੱਸਪੀ ਸੇਖੋਂ ਵੱਲੋਂ ਆਸ਼ੂ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ

ਲੁਧਿਆਣਾ : ਬਰਖਾਸਤ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਮੋਰਚਾ ਖੋਲ੍ਹਦਿਆਂ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਸੇਖੋਂ ਸਿਰਫ ਆਸ਼ੂ ਖ਼ਿਲਾਫ਼ ਹੀ ਬਿਆਨ ਨਹੀਂ ਦਾਗ ਰਹੇ ਸਗੋਂ ਬਲਕਿ ਰਵਨੀਤ ਸਿੰਘ ਬਿੱਟੂ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ’ਤੇ ਵੀ ਨਿਸ਼ਾਨੇ ਸੇਧ ਰਹੇ ਹਨ। ਅੱਜ ਸੇਖੋਂ ਪੁਲੀਸ ਕਮਿਸ਼ਨਰ ਦਫ਼ਤਰ ਪੁੱਜੇ ਅਤੇ ਆਸ਼ੂ ਤੇ ਹੋਰਨਾਂ ਖ਼ਿਲਾਫ਼ ਸ਼ਿਕਾਇਤ ਦਿੰਦਿਆਂ ਇਨ੍ਹਾਂ ਦੇ ਪੁਰਾਣੇ ਕੇਸਾਂ ਨੂੰ ਦੁਬਾਰਾ ਖੋਲ੍ਹਣ ਦੀ ਅਪੀਲੀ ਕੀਤੀ। ਉਧਰ, ਜਦੋਂ ਅੱਜ ਵਿਜੀਲੈਂਸ ਦੀ ਟੀਮ ਸਾਬਕਾ ਮੰਤਰੀ ਆਸ਼ੂ ਨੂੰ ਅਦਾਲਤ ’ਚ ਲੈ ਕੇ ਪੁੱਜੀ ਤਾਂ ਇਸ ਦੌਰਾਨ ਬਰਖਾਸਤ ਡੀਐੱਸਪੀ ਸੇਖੋਂ ਵੀ ਅਦਾਲਤ ’ਚ ਜਾਣਾ ਚਾਹੁੰਦੇ ਸਨ, ਪਰ ਅਦਾਲਤ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਜਿਸ ਤੋਂ ਬਾਅਦ ਸੇਖੋਂ ਸਾਥੀਆਂ ਨਾਲ ਬੈਰੀਕੇਡਿੰਗ ਦੇ ਪਾਰ ਖੜ੍ਹੇ ਹੋ ਗਏ ਅਤੇ ਆਸ਼ੂ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਸੇਖੋਂ ਨੇ ਕਿਹਾ ਕਿ ਸਾਬਕਾ ਮੰਤਰੀ ਖਿਲਾਫ਼ ਉਹ ਸ਼ਿਕਾਇਤ ਦੇ ਚੁੱਕੇ ਹਨ ਤੇ ਪੂਰੇ ਸਬੂਤ ਵੀ ਹਨ। ਸੇਖੋਂ ਮੁਤਾਬਕ ਕਾਂਗਰਸ ਸਰਕਾਰ ਦੇ ਸਮੇਂ ਵੱਡੇ ਵੱਡੇ ਘੁਟਾਲੇ ਹੋਏ ਹਨ, ਪਰ ‘ਆਪ’ ਨੇ 6 ਮਹੀਨੇ ਲਾ ਦਿੱਤੇ ਅਤੇ ਸਿਰਫ਼ ਇੱਕ ਹੀ ਵੱਡਾ ਘੁਟਾਲਾ ਬਾਹਰ ਕੱਢਿਆ ਹੈ। ਹੁਣ ਇਸ ’ਚ ਵੀ ਢਿੱਲ ਵਰਤੀ ਜਾ ਰਹੀ ਹੈ।