ਅਮਰੀਕਾ ਭਾਰਤ ਨੂੰ ਆਪਣਾ ਲਾਜ਼ਮੀ ਭਾਈਵਾਲ ਮੰਨਦਾ ਹੈ: ਵ੍ਹਾਈਟ ਹਾਊਸ

ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਵਪਾਰਕ ਸਬੰਧ ਮਜ਼ਬੂਤ ਕਰਨ ’ਤੇ ਜ਼ੋਰ
ਵਾਸ਼ਿੰਗਟਨ-ਯੂਕਰੇਨ ਦੇ ਮੁੱਦੇ ’ਤੇ ਭਾਰਤ ਅਤੇ ਅਮਰੀਕਾ ਭਾਵੇਂ ਆਪਣੇ-ਆਪਣੇ ਰਾਸ਼ਟਰੀ ਹਿੱਤਾਂ ਤਹਿਤ ਕੰਮ ਕਰ ਰਹੇ ਹਨ ਪਰ ਅਮਰੀਕਾ ਭਾਰਤ ਨੂੰ ਆਪਣਾ ਜ਼ਰੂਰੀ ਸਾਂਝੇਦਾਰ ਮੰਨਦਾ ਹੈ। ਅਮਰੀਕੀ ਰਾਸ਼ਟਰਪਤੀ ਦੇ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੇਨ ਜੀਨ ਪੀਅਰੇ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਭਾਰਤੀ ਭਾਈਵਾਲਾਂ ਨੂੰ ਲਾਜ਼ਮੀ ਸਾਂਝੇਦਾਰਾਂ ਵਜੋਂ ਮੰਨਦੇ ਹਾਂ। ਅਮਰੀਕਾ-ਭਾਰਤ ਸਿਆਸੀ ਸਾਂਝੇਦਾਰੀ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਦੁਵੱਲੇ ਵਪਾਰਕ ਸਬੰਧਾਂ ਲਈ ਸਾਡੀ ਸਾਂਝੀ ਵਚਨਬੱਧਤਾ ’ਤੇ ਆਧਾਰਿਤ ਹੈ।’’ ਪ੍ਰੈੱਸ ਸਕੱਤਰ ਯੂਕਰੇਨ ਵਿੱਚ ਰੂਸ ਦੇ ਹਮਲਿਆਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਆਈ ਦੂਰੀ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੀ ਸੀ। ਉਨ੍ਹਾਂ ਕਿਹਾ, ‘‘ਤੁਸੀਂ ਰਾਸ਼ਟਰਪਤੀ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਕਾਨੂੰਨ ਦਾ ਸ਼ਾਸਨ ਅਤੇ ਮਨੁੱਖੀ ਆਜ਼ਾਦੀ ਅਤੇ ਸਨਮਾਨ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਪ੍ਰੈੱਸ ਸਕੱਤਰ ਨੇ ਕਿਹਾ, ‘‘ਸਾਨੂੰ ਆਪਣੇ ਰਿਸ਼ਤਿਆਂ ’ਤੇ ਭਰੋਸਾ ਹੈ ਅਤੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਨਿਯਮ ਆਧਾਰਤ ਵਿਵਸਥਾ ਦੀ ਰੱਖਿਆ ਅਤੇ ਸ਼ਾਂਤੀ ਬਹਾਲ ਰੱਖਣ ਲਈ ਹਿੰਦ-ਪ੍ਰਸ਼ਾਂਤ ਸਮੇਤ ਦੁਨੀਆ ਭਰ ਵਿੱਚ ਸਾਡੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਮਿਲ ਕੇ ਸਾਹਮਣਾ ਕਰਾਂਗੇ।’’ ਉਨ੍ਹਾਂ ਕਿਹਾ ਕਿ ਅਮਰੀਕਾ ਸਪੱਸ਼ਟ ਰੂਪ ਵਿੱਚ ਯੂਕਰੇਨ ਦੇ ਨਾਲ ਖੜ੍ਹਾ ਹੈ।