ਫਰਾਂਸੀਸੀ ਰਾਸ਼ਟਰਪਤੀ ’ਤੇ ਵਿਵਾਦਤ ਟਿੱਪਣੀ ਲਈ ਲਿਜ਼ ਟਰੱਸ ਦੀ ਨਿਖੇਧੀ

ਲੰਡਨ-ਬਰਤਾਨੀਆ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਸ਼ਾਮਲ ਲਿਜ਼ ਟਰੱਸ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੌਂ ਬਾਰੇ ਕੀਤੀ ਗਈ ਇਕ ਟਿੱਪਣੀ ਤੋਂ ਬਾਅਦ ਵਿਵਾਦਾਂ ਵਿਚ ਘਿਰ ਗਈ ਹੈ। ਦੱਸਣਯੋਗ ਹੈ ਕਿ ਟਰੱਸ ਦਾ ਭਾਰਤੀ ਮੂਲ ਦੇ ਰਿਸ਼ੀ ਸੂਨਕ ਨਾਲ ਕੰਜ਼ਰਵੇਟਿਵ ਪਾਰਟੀ ਦੇ ਆਗੂ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮੁਕਾਬਲਾ ਚੱਲ ਰਿਹਾ ਹੈ। ਵਿਦੇਸ਼ ਮੰਤਰੀ ਲਿਜ਼ ਨੂੰ ਪਾਰਟੀ ਦੇ ਇਕ ਸਮਾਗਮ ਵਿਚ ਜਦ ਪੁੱਛਿਆ ਗਿਆ ਕਿ ਕੀ ਰਾਸ਼ਟਰਪਤੀ ਮੈਕਰੌਂ ‘ਮਿੱਤਰ ਹਨ ਜਾਂ ਦੁਸ਼ਮਣ’, ਤਾਂ ਉਨ੍ਹਾਂ ਕਿਹਾ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੀ ਹੈ ਤਾਂ ਮੈਕਰੌਂ ਨੂੰ ‘ਕੰਮਾਂ ਦੇ ਆਧਾਰ ਉਤੇ ਦੇਖੇਗੀ, ਸ਼ਬਦਾਂ ਦੇ ਨਹੀਂ।’ ਜਦਕਿ ਸੂਨਕ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਫਰਾਂਸੀਸੀ ਰਾਸ਼ਟਰਪਤੀ ‘ਦੋਸਤ’ ਹਨ। ਸੂਨਕ ਨੇ ਕਿਹਾ ਸੀ ਕਿ ਜੇ ਉਹ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਯੂਕੇ ਦੇ ਯੂਰਪ ਨਾਲ ਰਿਸ਼ਤਿਆਂ ਨੂੰ ਨਵੇਂ ਸਿਰਿਓਂ ਕਾਇਮ ਕਰਨਗੇ। ਵਿਰੋਧੀ ਧਿਰ ਲੇਬਰ ਨੇ ਟਰੱਸ ਦੀ ਇਸ ਟਿੱਪਣੀ ਲਈ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ‘ਬਰਤਾਨੀਆ ਦੇ ਸਭ ਤੋਂ ਪੱਕੇ ਸਾਥੀ ਦੀ ਬੇਇੱਜ਼ਤੀ ਹੈ।’ ਰਾਸ਼ਟਰਪਤੀ ਮੈਕਰੌਂ ਨੇ ਵੀ ਪੈਰਿਸ ਵਿਚ ਟਰੱਸ ਦੀ ਟਿੱਪਣੀ ਦਾ ਜਵਾਬ ਕੂਟਨੀਤਕ ਢੰਗ ਨਾਲ ਦਿੱਤਾ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵੀ ਬਰਤਾਨੀਆ ਦਾ ਆਗੂ ਬਣੇ, ਬਰਤਾਨੀਆ ਹਮੇਸ਼ਾ ਫਰਾਂਸ ਦਾ ਮਿੱਤਰ ਰਹੇਗਾ। ਟਰੱਸ ਦੀ ਆਪਣੀ ਪਾਰਟੀ ਦੇ ਕਈ ਆਗੂਆਂ ਨੇ ਵੀ ਉਸ ਦੀ ਇਸ ਟਿੱਪਣੀ ਲਈ ਨਿਖੇਧੀ ਕੀਤੀ ਹੈ।