ਕਿਸਾਨਾਂ ਵੱਲੋਂ ਅਜੈ ਮਿਸ਼ਰਾ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ 30 ਨੂੰ

ਪਟਿਆਲਾ-ਲਖੀਮਪੁਰ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੇ ਪਿਤਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਵੱਲੋਂ ਕਿਸਾਨਾਂ ਖ਼ਿਲਾਫ਼ ਨਫ਼ਰਤੀ ਟਿੱਪਣੀਆਂ ਕਰਨ ਵਿਰੋਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ 30 ਅਗਸਤ ਨੂੰ ਪੰਜਾਬ ਭਰ ’ਚ ਭਾਜਪਾ ਆਗੂਆਂ ਦੇ ਘਰਾਂ ਅਤੇ ਦਫ਼ਤਰਾਂ ਵੱਲ ਮਾਰਚ ਦੌਰਾਨ ਅਰਥੀ ਫੂਕ ਮੁਜ਼ਾਹਰਿਆਂ ਦਾ ਐਲਾਨ ਕੀਤਾ ਹੈ। ਜਥੇਬੰਦੀ ਵੱਲੋਂ ਇਹ ਫ਼ੈਸਲਾ ਯੂਨੀਅਨ ਦੇ ਸੂਬਾਈ ਪ੍ਰਧਾਨ ਡਾ. ਦਰਸ਼ਨਪਾਲ ਪਟਿਆਲਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਬੀਕੇਯੂ ਦੀ ਮੀਟਿੰਗ ’ਚ ਸੂਬਾਈ ਜਨਰਲ ਸਕੱਤਰ ਗੁਰਮੀਤ ਮਹਿਮਾ, ਪ੍ਰੈੱਸ ਸਕੱਤਰ ਅਵਤਾਰ ਮਹਿਮਾ ਤੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਬੁੱਟਰ ਸਮੇਤ ਕਈ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਵੀ ਹਾਜ਼ਰ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਹਿੰਸਾ ਦੀ ਸਾਜ਼ਿਸ਼ ਕਰਨ ਅਤੇ ਕਿਸਾਨਾਂ ਨੂੰ ਧਮਕੀਆਂ ਦੇਣ ਦੇ ਮਾਮਲੇ ਵਿੱਚ ਪਹਿਲਾਂ ਹੀ ਸੁਪਰੀਮ ਕੋਰਟ ਨੇ ਅਜੈ ਮਿਸ਼ਰਾ ਨੂੰ ਨਾਮਜ਼ਦ ਕੀਤਾ ਹੋਇਆ ਹੈ ਪਰ ਯੂਪੀ ’ਚ ਭਾਜਪਾ ਸਰਕਾਰ ਹੋਣ ਕਰਕੇ ਕੇਂਦਰੀ ਮੰਤਰੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਲਖੀਮਪੁਰ ਖੀਰੀ ਵਿਚਲੇ ਧਰਨੇ ਕਾਰਨ ਵੀ ਕੇਂਦਰੀ ਮੰਤਰੀ ਵੱਲੋਂ ਕਿਸਾਨਾਂ ਖ਼ਿਲਾਫ਼ ਨਫ਼ਰਤ ਉਗਲਣ ਸਮੇਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਦਿਆਂ 30 ਅਗਸਤ ਨੂੰ ਮਾਰਚ ਕਰ ਕੇ ਪੰਜਾਬ ਭਰ ਵਿੱਚ ਅਜੈ ਮਿਸ਼ਰਾ ਟੈਨੀ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਇਸ ਮੌਕੇ ਹਰਿੰਦਰ ਚਰਨਾਰਥਲ, ਪਰਮਵੀਰ ਸਿੰਘ, ਚਰਨਜੀਤ ਕੌਰ, ਦਰਸ਼ਨ ਸਿੰਘ ਟਾਹਲੀਆਂ, ਸਰਬਜੀਤ ਸਿੰਘ ਤੇ ਮਨਦੀਪ ਸਿੰਘ ਜਹੂਰਾ ਆਦਿ ਹਾਜ਼ਰ ਸਨ।