ਕੁੰਵਰ ਵਿਜੈ ਪ੍ਰਤਾਪ ’ਚ ਸਾਨੂੰ ਗ੍ਰਿਫ਼ਤਾਰ ਕਰਨ ਦੀ ਹਿੰਮਤ ਨਹੀਂ ਸੀ: ਸੁਖਬੀਰ

ਜਲੰਧਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਆਬਕਾਰੀ ਨੀਤੀ ਰਾਹੀਂ ਕੀਤੇ ਗਏ 500 ਕਰੋੜ ਦੇ ਘਪਲੇ ਕਾਰਨ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਪੰਜਾਬ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਜੇਲ੍ਹ ਜਾਣਗੇ। ਸ੍ਰੀ ਬਾਦਲ ਅੱਜ ਅਕਾਲੀ ਆਗੂ ਬਲਜੀਤ ਸਿੰਘ ਨੀਲਾ ਮਹਿਲ ਦੀ ਦੂਜੀ ਬਰਸੀ ਮੌਕੇ ਕਰਵਾਏ ਧਾਰਮਿਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ। ਕੋਟਕਪੂਰਾ ਗੋਲੀ ਕਾਂਡ ਬਾਰੇ ਆਏ ਸੰਮਨ ਦਾ ਜ਼ਿਕਰ ਕਰਦਿਆ ਸੁਖਬੀਰ ਬਾਦਲ ਨੇ ਕਿਹਾ ਕਿ ਅਜਿਹੇ ਸੰਮਨ ਤਾਂ ਹਜ਼ਾਰ ਬੰਦੇ ਨੂੰ ਆਏ ਹਨ। ਉਨ੍ਹਾਂ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਜਦੋਂ ‘ਸਿਟ’ ਦੇ ਮੁਖੀ ਸੀ ਉਦੋਂ ਵੀ ਉਨ੍ਹਾਂ ਵਿੱਚ ਹਿੰਮਤ ਨਹੀਂ ਹੋਈ ਸਾਨੂੰ ਗ੍ਰਿਫ਼ਤਾਰ ਕਰਨ ਦੀ। ਸ੍ਰੀ ਬਾਦਲ ਨੇ ਇਹ ਦੋਸ਼ ਲਾਇਆ ਕਿ ਕੁਲਦੀਪ ਸਿੰਘ ਧਾਲੀਵਾਲ ਜਾਂਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਿਰਫ ਨਾਂ ਦਾ ਹੀ ਮੁੱਖ ਮੰਤਰੀ ਹੈ। ਅਸਲੀ ਮੁੱਖ ਮੰਤਰੀ ਰਾਘਵ ਚੱਢਾ ਹੈ ਜਿਸ ਨੇ ਆਬਕਾਰੀ ਨੀਤੀ ਵਿੱਚ ਲੁੱਟ ਪਾਈ ਹੋਈ ਹੈ।