ਪਟਿਆਲਾ: ਪ੍ਰਨੀਤ ਕੌਰ ਨੇ ਧਰਨੇ ਬਹਾਨੇ ਕੀਤਾ ਸ਼ਕਤੀ ਪ੍ਰਦਰਸ਼ਨ

‘ਆਪ’ ਸਰਕਾਰ ਖ਼ਿਲਾਫ਼ ਵਾਅਦਾਖ਼ਿਲਾਫ਼ੀ ਕਰਨ ਦੇ ਦੋਸ਼ ਲਾਏ; ਬੀਬੀਆਂ ਲਈ ਐਲਾਨੀ ਗਾਰੰਟੀ ਜਾਰੀ ਕਰਨ ਦੀ ਮੰਗ

ਪਟਿਆਲਾ – ‘ਆਪ’ ਸਰਕਾਰ ਵੱਲੋਂ ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਵਾਲੀਆਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ ਇੱਕ ਹਜ਼ਾਰ ਰੁਪਏ ਵਿੱਤੀ ਮਦਦ ਦੇਣ ਦੇ ਵਾਅਦੇ ਨੂੰ ਪੂਰਾ ਨਾ ਕਰਨ ’ਤੇ ਅੱਜ ਇਥੇ ਔਰਤਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਗਿਆ। ਇਹ ਰੋਸ ਮੁਜ਼ਾਹਰਾ ਪ੍ਰਨੀਤ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਉਂਜ ਕਾਂਗਰਸ ਵੱਲੋਂ ਮੁਜ਼ਾਹਰਾ ਕਰਨ ਦਾ ਅਜਿਹਾ ਕੋਈ ਵੀ ਪ੍ਰੋਗਰਾਮ ਨਹੀਂ ਸੀ ਉਲੀਕਿਆ ਗਿਆ। ਪ੍ਰਦਰਸ਼ਨਕਾਰੀ ਔਰਤਾਂ ਨੇ ਡੀਸੀ ਦਫਤਰ ਰਾਹੀਂ ਸਰਕਾਰ ਦੇ ਨਾਂ ਮੰਗ ਪੱਤਰ ਭੇਜ ਕੇ ਔਰਤਾਂ ਲਈ ਇੱਕ ਹਜ਼ਾਰ ਰੁਪਏ ਮਹੀਨਾ ਵਿੱਤੀ ਮਦਦ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ।

ਦੂਜੇ ਪਾਸੇ ਰਾਜਸੀ ਹਲਕਿਆਂ ’ਚ ਪ੍ਰਨੀਤ ਕੌਰ ਦੇ ਮੁਜ਼ਾਹਰੇ ਨੂੰ ਸ਼ਕਤੀ ਪ੍ਰਦਰਸ਼ਨ ਵਜੋਂ ਵੀ ਵੇਖਿਆ ਜਾ ਰਿਹਾ ਹੈ। ਰਾਜਸੀ ਗਲਿਆਰਿਆਂ ’ਚ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਨੀਤ ਕੌਰ ਦੇ ਭਾਜਪਾ ’ਚ ਸ਼ਾਮਲ ਹੋਣ ਦੇ ਚਰਚੇ ਹਨ। ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਨੀਤ ਕੌਰ ਨੇ ਅੱਜ ਪ੍ਰਦਰਸ਼ਨ ਇਸ ਕਰਕੇ ਕੀਤਾ ਤਾਂ ਕਿ ਕਾਂਗਰਸ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦੇਵੇ ਕਿਉਂਕਿ ਜੇਕਰ ਪਾਰਟੀ ਉਨ੍ਹਾਂ ਨੂੰ ਕੱਢਦੀ ਹੈ ਤਾਂ ਲੋਕ ਸਭਾ ’ਚ ਸਮੀਕਰਨ ਹੋਰ ਰਹਿਣਗੇ ਤੇ ਜੇ ਉਹ ਖੁਦ ਪਾਰਟੀ ਛੱਡਦੇ ਹਨ, ਤਾਂ ਸਮੀਕਰਨ ਹੋਰ ਹੋਣਗੇ। ਇਨ੍ਹਾਂ ਦੋਵਾਂ ਮੱਦਾਂ ਵਿਚਕਾਰ ਪ੍ਰਨੀਤ ਕੌਰ ਦੀ ਸੰਸਦ ਮੈਂਬਰ ਵਜੋਂ ਮੁਅੱਤਲੀ ਦੇਖੀ ਜਾ ਰਹੀ ਹੈ। ਜੇ ਪ੍ਰਨੀਤ ਕੌਰ ਖੁਦ ਪਾਰਟੀ ਨਹੀਂ ਛੱਡਦੇ ਤਾਂ ਉਨ੍ਹਾਂ ਦੀ ਮੈਂਬਰੀ ਸੁਰੱਖਿਅਤ ਰਹੇਗੀ।

ਦੱਸਣਯੋਗ ਹੈ ਕਿ ਪ੍ਰਨੀਤ ਕੌਰ ਨੇ ਕੁਝ ਹੀ ਦਿਨ ਪਹਿਲਾਂ ਪਟਿਆਲਾ ਤੋਂ ਅਗਲੀਆਂ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀ ਪਰ ਉਨ੍ਹਾਂ ਪਾਰਟੀ ਦਾ ਨਾਮ ਸਪਸ਼ਟ ਨਹੀਂਂ ਕੀਤਾ ਸੀ।