ਟੈਂਡਰ ਘਪਲਾ: ਵਿਜੀਲੈਂਸ ਦੇ ਦਫ਼ਤਰ ਅੱਗੇ ਠੇਕੇਦਾਰ ਤੇ ਆਸ਼ੂ ਦੇ ਸਮਰਥਕ ਖਹਿਬੜੇ

ਸਥਿਤੀ ਤਣਾਅਪੂਰਨ ਬਣੀ; ਕਾਂਗਰਸੀ ਆਗੂ ’ਤੇ ਧਮਕਾਉਣ ਦੇ ਦੋਸ਼
ਲੁਧਿਆਣਾ – ਸਥਾਨਕ ਵਿਜੀਲੈਂਸ ਦਫ਼ਤਰ ਦੇ ਬਾਹਰ ਵੀਰਵਾਰ ਦੁਪਹਿਰ ਨੂੰ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ’ਚ ਸ਼ਿਕਾਇਤਕਰਤਾ ਠੇਕੇਦਾਰ ਗੁਰਪ੍ਰੀਤ ਸਿੰਘ ਤੇ ਸਾਬਕਾ ਮੰਤਰੀ ਆਸ਼ੂ ਦੇ ਸਮਰਥਕਾਂ ਵਿਚਕਾਰ ਕਿਸੇ ਗੱਲ ਤੋਂ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਵੇਂ ਧਿਰਾਂ ਆਪਸ ਵਿੱਚ ਖਹਿਬੜ ਗਈਆਂ। ਜਦੋਂ ਬਹਿਸ ਦੌਰਾਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ ਤਾਂ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ’ਤੇ ਦਿੱਤੀ ਗਈ, ਜਿਸ ਤੋਂ ਬਾਅਦ ਏਸੀਪੀ ਸਿਵਲ ਲਾਈਨ ਹਰੀਸ਼ ਬਹਿਲ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੂੰ ਉਥੋਂ ਲਿਜਾ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ।ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਵਿਜੀਲੈਂਸ ਦਫ਼ਤਰ ਦੇ ਬਾਹਰ ਆਪਣੇ ਸਾਥੀਆਂ ਨਾਲ ਗੱਲ ਕਰ ਰਿਹਾ ਸੀ, ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕਰੀਬੀ ਕਹੇ ਜਾਣ ਵਾਲੇ ਕੌਂਸਲਰ ਸੰਨੀ ਭੱਲਾ ਨੇ ਆਪਣੇ ਕਾਂਗਰਸੀ ਸਾਥੀਆਂ ਨਾਲ ਉਥੋਂ ਲੰਘਦੇ ਹੋਏ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ, ਜਿਸ ਮਗਰੋਂ ਦੋਵਾਂ ਵਿੱਚ ਬਹਿਸ ਹੋ ਗਈ। ਗੁਰਪ੍ਰੀਤ ਨੇ ਕਿਹਾ ਕਿ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉਹ ਡਰੇਗਾ ਨਹੀਂ।

ਉਧਰ, ਕੌਂਸਲਰ ਸੰਨੀ ਭੱਲਾ ਨੇ ਗੁਰਪ੍ਰੀਤ ਵੱਲੋਂ ਲਾਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਗੁਰਪ੍ਰੀਤ ਵਿਜੀਲੈਂਸ ਦਫ਼ਤਰ ਬਾਹਰ ਖੜ੍ਹਾ ਹੈ। ਉਹ ਆਪਣੇ ਸਾਥੀਆਂ ਨਾਲ ਗੱਲ ਕਰਦੇ ਹੋਏ ਜਾ ਰਹੇ ਸਨ ਤੇ ਇਸ਼ਾਰਾ ਕਰਕੇ ਆਪਣੇ ਸਾਥੀ ਨੂੰ ਬੁਲਾ ਰਹੇ ਸਨ। ਸੰਨੀ ਭੱਲਾ ਨੇ ਦੋਸ਼ ਲਾਇਆ ਕਿ ਗੁਰਪ੍ਰੀਤ ਵੱਲੋਂ ਪ੍ਰਚਾਰ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਦਾਣਾ ਮੰਡੀ ਟ੍ਰਾਂਸਪੋਰਟੇਸ਼ਨ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਕਾਂਗਰਸ ਵੱਲੋਂ ਸ਼ੁਰੂ ਕੀਤਾ ਗਿਆ ਧਰਨਾ ਪ੍ਰਦਰਸ਼ਨ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ, ਜਿਸ ਤਹਿਤ ਕਾਂਗਰਸੀ ਆਗੂ ਤੇ ਸਮਰਥਕ ਜ਼ਿਲ੍ਹਾ ਪ੍ਰੀਸ਼ਦ ਦੀ ਸਰਕਾਰੀ ਇਮਾਰਤ ਵਿੱਚ ਹੀ ਪੱਕਾ ਮੋਰਚਾ ਲਾ ਕੇ ਬੈਠੇ ਹੋਏ ਹਨ। ਇਸ ਮੌਕੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਸੁਰੇਸ਼ ਗੋਇਲ ਨੇ ਕਾਂਗਰਸੀਆਂ ਦੇ ਇਸ ਧਰਨੇ ਨੂੰ ਡਰਾਮਾ ਦੱਸਦਿਆਂ ਕਿਹਾ ਕਿ ‘ਆਪ’ ਨੇ ਵਿਰੋਧੀ ਧਿਰ ’ਚ ਹੁੰਦਿਆਂ ਹਰ ਧਰਨਾ ਮਰਿਆਦਾ ’ਚ ਰਹਿ ਕੇ ਦਿੱਤਾ ਹੈ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਹੋਵੇ। ਉਨ੍ਹਾਂ ਕਿਹਾ ਕਿ ਇਸ ਧਰਨੇ ਵਿੱਚ ਕਾਂਗਰਸੀਆਂ ਵੱਲੋਂ ਕੀਤੀਆਂ ਗਈਆਂ ਵਧੀਕੀਆਂ ਸਬੰਧੀ ਸਰਕਾਰ ਨੂੰ ਦੱਸਿਆ ਜਾਵੇਗਾ ਤੇ ਮੰਗ ਕੀਤੀ ਜਾਵੇਗੀ ਕਿ ਇਨ੍ਹਾਂ ਕਾਂਗਰਸੀਆਂ ’ਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਬਿਜਲੀ ਕੁੰਡੀ ਦਾ ਜੁਰਮਾਨਾ ਲਾ ਕੇ ਕਾਰਵਾਈ ਕੀਤੀ ਜਾਵੇ। ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਅਸਵਨੀ ਸ਼ਰਮਾ ਨੇ ਕਿਹਾ ਹੈ ਕਿ ਇਹ ਕੋਈ ਧਰਨਾ ਨਹੀਂ ਹੈ, ਬਲਕਿ ਕਾਂਗਰਸੀ ਵਰਕਰ ਪਾਰਕ ’ਚ ਬੈਠੇ ਹਨ। ਜੇਕਰ ਕਾਂਗਰਸੀ ਵਰਕਰ ਬਾਹਰ ਬੈਠਦੇ ਹਨ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ। ਲੋਕਾਂ ਨੂੰ ਦਿੱਕਤ ਨਾ ਆਏ, ਇਸ ਲਈ ਕਾਂਗਰਸੀ ਵਰਕਰ ਸਾਹਮਣੇ ਪਾਰਕ ’ਚ ਬੈਠੇ ਹਨ।

ਧਰਨਾਕਾਰੀਆਂ ਨੇ ਸਰਕਾਰੀ ਇਮਾਰਤ ਵਿੱਚ ਲਾਈਆਂ ਕੁੰਡੀਆਂ

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕਾਂਗਰਸੀਆਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਆਰੰਭੇ ਗਏ ਧਰਨੇ ਦੌਰਾਨ ਧਰਨਾਕਾਰੀਆਂ ਦੇ ਬੈਠਣ ਲਈ ਸਰਕਾਰੀ ਇਮਾਰਤ ਦੇ ਪਾਰਕ ਵਿੱਚ ਟੈਂਟ ਲਾ ਕੇ ਕੁਰਸੀਆਂ ਆਦਿ ਰੱਖੀਆਂ ਗਈਆਂ ਹਨ। ਧਰਨਾਕਾਰੀਆਂ ਲਈ ਪੱਖੇ ਤੇ ਕੂਲਰ ਆਦਿ ਚਲਾਉਣ ਲਈ ਬਿਜਲੀ ਦਾ ਪ੍ਰਬੰਧ ਵੀ ਸਰਕਾਰੀ ਇਮਾਰਤ ਵਿੱਚ ਕੁੰਡੀ ਲਾ ਕੇ ਕੀਤਾ ਗਿਆ ਹੈ। ਧਰਨੇ ਲਈ ਲਗਾਏ ਗਏ ਟੈਂਟਾਂ ਵਿੱਚ 25 ਪੱਖਿਆਂ ਦੇ ਨਾਲ ਨਾਲ ਵੱਡੀਆਂ ਵੱਡੀਆਂ ਲਾਈਟਾਂ ਵੀ ਚਲਾਈਆਂ ਜਾ ਰਹੀਆਂ ਹਨ।

ਸਰਕਾਰੀ ਇਮਾਰਤ ਨੂੰ ਖਾਲੀ ਕਰਵਾਏ ਸਰਕਾਰ: ਭਾਜਪਾ

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਸਰਕਾਰੀ ਇਮਾਰਤ ਦੇ ਪਾਰਕ ’ਚ ਧਰਨਾ ਲਾ ਕੇ ਬੈਠੇ ਕਾਂਗਰਸੀਆਂ ਨੂੰ ਸੋਚਣਾ ਚਾਹੀਦਾ ਸੀ ਕਿ ਸਰਕਾਰ ਹੁਣ ਉਨ੍ਹਾਂ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਤੇ ‘ਆਪ’ ਦੋਵੇਂ ਮਿਲੇ ਹੋਏ ਹਨ। ਦਿੱਲੀ ’ਚ ‘ਆਪ’ ਰੌਲਾ ਪਾ ਰਹੀ ਹੈ ਤੇ ਪੰਜਾਬ ’ਚ ਆਪਣੇ ਸਾਬਕਾ ਮੰਤਰੀਆਂ ਲਈ ਕਾਂਗਰਸ। ਉਨ੍ਹਾਂ ਕਿਹਾ ਕਿ ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰੀ ਇਮਾਰਤ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਦਿੱਕਤ ਨਾ ਪੇਸ਼ ਆਵੇ, ਇਸ ਲਈ ਛੇਤੀ ਤੋਂ ਛੇਤੀ ਧਰਨਾਕਾਰੀਆਂ ਨੂੰ ਇਮਾਰਤ ਤੋਂ ਬਾਹਰ ਕੱਢਿਆ ਜਾਵੇ।