ਸ਼ਾਹ ਵੱਲੋਂ ਕੇਂਦਰੀ ਜ਼ੋਨਲ ਕੌਂਸਲ ਮੀਟਿੰਗ ਦੀ ਪ੍ਰਧਾਨਗੀ

ਸ਼ਾਹ ਵੱਲੋਂ ਕੇਂਦਰੀ ਜ਼ੋਨਲ ਕੌਂਸਲ ਮੀਟਿੰਗ ਦੀ ਪ੍ਰਧਾਨਗੀ

ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ ਵਰਚੁਅਲੀ ਕੀਤੀ ਸ਼ਮੂਲੀਅਤ; ਭਾਰੀ ਮੀਂਹ ਹੋਣ ਕਾਰਨ ਨਹੀਂ ਪਹੁੰਚ ਸਕੇ

ਭੁਪਾਲ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਭੁਪਾਲ ਵਿੱਚ ਕੇਂਦਰੀ ਜ਼ੋਨਲ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਮੀਟਿੰਗ ਵਿੱਚ ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੇ ਵਰਚੁਅਲੀ ਸ਼ਮੂਲੀਅਤ ਕੀਤੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਉਕਤ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ ਮੀਟਿੰਗ ਵਿੱਚ ਨਹੀਂ ਪਹੁੰਚ ਸਕੇ।

ਸ਼ਾਹ ਭਾਰੀ ਮੀਂਹ ਦਰਮਿਆਨ ਤੜਕੇ 1.30 ਵਜੇ ਦੇ ਕਰੀਬ ਭੁਪਾਲ ਪਹੁੰਚ ਗਏ ਸਨ। ਹਵਾਈ ਅੱਡੇ ਵਿਖੇ ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਸ਼ਣੂੰ ਦੱਤ ਸ਼ਰਮਾ ਸ਼ਾਮਲ ਸਨ। ਕੇਂਦਰੀ ਜ਼ੋਨਲ ਕੌਂਸਲ ਵਿੱਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਸ਼ਾਮਲ ਹਨ।

ਇਸ ਤੋਂ ਪਹਿਲਾਂ ਸ੍ਰੀ ਚੌਹਾਨ ਨੇ ਕਿਹਾ ਕਿ ਇਹ ਇਕ ਅਹਿਮ ਮੀਟਿੰਗ ਹੈ ਜਿਸ ਵਿੱਚ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਦੀ ਭਲਾਈ, ਕਿਸਾਨਾਂ ਦੀ ਭਲਾਈ, ਮਹਿਲਾਵਾਂ ਤੇ ਬੱਚਿਆਂ ਖ਼ਿਲਾਫ਼ ਅਪਰਾਧ, ਅੰਦਰੂਨੀ ਸੁਰੱਖਿਆ ਅਤੇ ਅਤਿਵਾਦ ਤੇ ਨਕਸਲਵਾਦ ਦੀ ਰੋਕਥਾਮ ਵਰਗੇ ਮੁੱਦੇ ਵਿਚਾਰੇ ਜਾਣਗੇ, ਜਿਸ ਨਾਲ ਸਾਰੇ ਚਾਰੋਂ ਸੂਬਿਆਂ ਨੂੰ ਲਾਭ ਹੋਵੇਗਾ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਐਤਵਾਰ ਨੂੰ ਹੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਇੱਥੇ ਪਹੁੰਚ ਗਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਭਾਰੀ ਮੀਂਹ ਕਾਰਨ ਭੁਪਾਲ ਹਵਾਈ ਅੱਡੇ ’ਤੇ ਨਹੀਂ ਉਤਰ ਸਕੇ, ਇਸ ਵਾਸਤੇ ਉਨ੍ਹਾਂ ਵਰਚੁਅਲੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ। ਸਥਾਪਤ ਪ੍ਰਕਿਰਿਆ ਅਤੇ ਪ੍ਰਥਾ ਅਨੁਸਾਰ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਪਹਿਲਾਂ ਕੌਂਸਲ ਦੀ ਇਕ ਸਥਾਈ ਕਮੇਟੀ ਹੁੰਦੀ ਹੈ ਜੋ ਕੌਂਸਲ ਸਾਹਮਣੇ ਰੱਖੀ ਜਾਣ ਵਾਲੀ ਕਾਰਜ ਸੂਚੀ ਦੇ ਮੁੱਦਿਆਂ ਦੀ ਪੜਤਾਲ ਤੇ ਪਹਿਲ ਤੈਅ ਕਰਦੀ ਹੈ।

ਦੇਸ਼ ਵਿੱਚ ਪੰਜ ਜ਼ੋਨਲ ਕੌਂਸਲਾਂ ਹਨ, ਜੋ ਕਿ ਰਾਜਾਂ ਦੇ ਪੁਨਰਗਠਨ ਐਕਟ, 1956 ਅਧੀਨ 1957 ਵਿੱਚ ਸਥਾਪਤ ਕੀਤੀਆਂ ਗਈਆਂ ਸਨ। ਕੇਂਦਰੀ ਗ੍ਰਹਿ ਮੰਤਰੀ ਇਨ੍ਹਾਂ ਜ਼ੋਨਲ ਕੌਂਸਲਾਂ ਦੇ ਚੇਅਰਮੈਨ ਹੁੰਦੇ ਹਨ ਜਦਕਿ ਮੇਜ਼ਬਾਨ ਸੂਬਿਆਂ ਦੇ ਮੁੱਖ ਮੰਤਰੀ (ਹਰ ਸਾਲ ਵਾਰੋ-ਵਾਰੀ ਚੁਣੇ ਜਾਂਦੇ) ਵਾਈਸ ਚੇਅਰਮੈਨ ਹੁੰਦੇ ਹਨ। ਹਰੇਕ ਸੂਬੇ ਵਿੱਚੋਂ ਦੋ ਹੋਰ ਮੰਤਰੀਆਂ ਨੂੰ ਰਾਜਪਾਲ ਵੱਲੋਂ ਮੈਂਬਰ ਵਜੋਂ ਨਾਮਜ਼ਦ ਕੀਤਾ ਜਾਂਦਾ ਹੈ।