ਭਾਜਪਾ ਨੇ ‘ਆਪ’ ਤੋੜਨ ’ਤੇ ਮੁੱਖ ਮੰਤਰੀ ਅਹੁਦੇ ਦਾ ਲਾਲਚ ਦਿੱਤਾ: ਸਿਸੋਦੀਆ

ਭਾਜਪਾ ਨੇ ‘ਆਪ’ ਤੋੜਨ ’ਤੇ ਮੁੱਖ ਮੰਤਰੀ ਅਹੁਦੇ ਦਾ ਲਾਲਚ ਦਿੱਤਾ: ਸਿਸੋਦੀਆ

ਭਾਜਪਾ ’ਚ ਸ਼ਾਮਲ ਹੋਣ ’ਤੇ ਸਾਰੇ ਕੇਸ ਬੰਦ ਹੋ ਜਾਣ ਦਾ ਮਿਲਿਆ ਸੁਨੇਹਾ

ਅਹਿਮਦਾਬਾਦ-ਦਿੱਲੀ ਦੀ ਵਿਵਾਦਤ ਆਬਕਾਰੀ ਨੀਤੀ ’ਚ ਘੁਟਾਲੇ ਦੇ ਦੋਸ਼ਾਂ ਹੇਠ ਘਿਰੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦਆ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਉਸ ਨੂੰ ‘ਆਪ’ ਤੋੜ ਕੇ ਮੁੱਖ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਭਾਜਪਾ ’ਤੇ ਇਹ ਵੀ ਦੋਸ਼ ਲਾਇਆ ਕਿ ਜੇਕਰ ਉਹ ‘ਆਪ’ ਛੱਡ ਕੇ ਪਾਰਟੀ ’ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਸਾਰੇ ਕੇਸ ਬੰਦ ਹੋ ਜਾਣਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੁਜਰਾਤ ’ਚ ਪ੍ਰਚਾਰ ਕਰਨ ਲਈ ਪੁੱਜੇ ਸਿਸੋਦੀਆ ਨੇ ਜਾਤੀਗਤ ਪੱਤਾ ਵੀ ਖੇਡਿਆ ਹੈ। ਉਨ੍ਹਾਂ ਹਿੰਦੀ ’ਚ ਟਵੀਟ ਕਰਕੇ ਕਿਹਾ,‘‘ਮੈਨੂੰ ਭਾਜਪਾ ਤੋਂ ਸੁਨੇਹਾ ਮਿਲਿਆ ਕਿ ‘ਆਪ’ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਜਾਵੋ। ਅਸੀਂ ਯਕੀਨੀ ਬਣਾਵਾਂਗੇ ਕਿ ਸੀਬੀਆਈ ਅਤੇ ਈਡੀ ਦੇ ਤੁਹਾਡੇ ਖ਼ਿਲਾਫ਼ ਦਰਜ ਸਾਰੇ ਕੇਸ ਬੰਦ ਹੋ ਜਾਣਗੇ। ਮੇਰਾ ਭਾਜਪਾ ਨੂੰ ਜਵਾਬ ਹੈ ਕਿ ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ। ਮੈਂ ਸਿਰ ਕਟਵਾ ਲਵਾਂਗਾ ਪਰ ਸਾਜ਼ਿਸ਼ਘਾੜਿਆਂ ਅਤੇ ਭ੍ਰਿਸ਼ਟ ਲੋਕਾਂ ਅੱਗੇ ਝੁਕਾਂਗਾ ਨਹੀਂ। ਮੇਰੇ ਖ਼ਿਲਾਫ਼ ਸਾਰੇ ਕੇਸ ਝੂਠੇ ਹਨ। ਤੁਸੀਂ ਜੋ ਕੁਝ ਕਰਨਾ ਹੈ, ਕਰ ਲਵੋ।’’ ਅਹਿਮਦਾਬਾਦ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਉਹ ਹੈਰਾਨ ਰਹਿ ਗਏ ਸਨ ਜਦੋਂ ਉਨ੍ਹਾਂ ਕੋਲ ਕੋਈ ਇਹ ਸੁਨੇਹਾ ਲੈ ਕੇ ਆਇਆ ਕਿ ਉਨ੍ਹਾਂ ਲਈ ਭਾਜਪਾ ਤੋਂ ਦੋ ਪੇਸ਼ਕਸ਼ਾਂ ਹਨ। ‘ਆਪ’ ਆਗੂ ਨੇ ਦਾਅਵਾ ਕੀਤਾ,‘‘ਸੰਦੇਸ਼ਵਾਹਕ ਨੇ ਕਿਹਾ ਕਿ ਤੁਹਾਡੇ ਖ਼ਿਲਾਫ਼ ਸੀਬੀਆਈ-ਈਡੀ ਵੱਲੋਂ ਦਰਜ ਸਾਰੇ ਵੱਡੇ ਕੇਸ ਵਾਪਸ ਲੈ ਲਏ ਜਾਣਗੇ। ਦੂਜੀ ਪੇਸ਼ਕਸ਼ ਇਹ ਹੈ ਕਿ ਜੇਕਰ ਤੁਸੀਂ ਪਾਰਟੀ ਤੋੜ ਦਿੰਦੇ ਹੋ ਤਾਂ ਉਹ ਤੁਹਾਨੂੰ ਮੁੱਖ ਮੰਤਰੀ ਬਣਾ ਦੇਣਗੇ। ਮੈਂ ਉਨ੍ਹਾਂ ਨੂੰ ਸਪੱਸ਼ਟ ਸਿਆਸੀ ਜਵਾਬ ਦਿੱਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੇਰੇ ਸਿਆਸੀ ਗੁਰੂ ਹਨ ਅਤੇ ਮੈਂ ਉਨ੍ਹਾਂ ਤੋਂ ਸਿਆਸਤ ਸਿੱਖੀ ਹੈ। ਮੈਂ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਬਣਨ ਲਈ ਸਿਆਸਤ ’ਚ ਨਹੀਂ ਆਇਆ ਹਾਂ।’’ ਆਮ ਆਦਮੀ ਪਾਰਟੀ ਦੀ ਆਤਿਸ਼ੀ ਅਤੇ ਸੌਰਭ ਭਾਰਦਵਾਜ ਸਮੇਤ ਹੋਰ ਆਗੂਆਂ ਨੇ ਸਿਸੋਦੀਆ ਦੀ ਪਿੱਠ ਥਾਪੜੀ ਹੈ ਪਰ ਕਿਸੇ ਨੇ ਵੀ ਭਾਜਪਾ ਦੇ ਉਸ ਵਿਅਕਤੀ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਹੈ ਜਿਸ ਨੇ ਸਿਸੋਦੀਆ ਨੂੰ ਪੇਸ਼ਕਸ਼ ਦਿੱਤੀ ਹੈ। ਇਨ੍ਹਾਂ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ’ਤੇ ਦੋਸ਼ ਲਾਇਆ ਕਿ ਉਹ ਮਹਾਰਾਸ਼ਟਰ ਵਾਂਗ ਕੌਮੀ ਰਾਜਧਾਨੀ ’ਚ ਕੇਜਰੀਵਾਲ ਸਰਕਾਰ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਇਸ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ‘ਆਪ’ ਇਕ ਕੱਟੜ ਇਮਾਨਦਾਰ ਪਾਰਟੀ ਹੈ। ‘ਆਪ’ ਆਗੂ ਆਤਿਸ਼ੀ ਨੇ ਦਾਅਵਾ ਕੀਤਾ ਕਿ ਸਿਸੋਦੀਆ ਕੋਲ ਭਾਜਪਾ ਦੇ ਉਸੇ ਵਿਅਕਤੀ ਨੇ ਪਹੁੰਚ ਕੀਤੀ ਹੈ ਜਿਸ ਨੇ ਮਮਤਾ ਬੈਨਰਜੀ ਦੀ ਅਗਵਾਈ ਹੇਠਲੀ ਟੀਐੱਮਸੀ ਦੇ ਆਗੂਆਂ ਸ਼ੁਵੇਂਦੂ ਅਧਿਕਾਰੀ ਅਤੇ ਹੋਰਾਂ ਨੂੰ ਭਾਜਪਾ ’ਚ ਸ਼ਾਮਲ ਕਰਵਾਉਣ ਦਾ ਸੁਨੇਹਾ ਦਿੱਤਾ ਸੀ। ਸਿਸੋਦੀਆ ਕੋਲ ਪਹੁੰਚ ਕਰਨ ਵਾਲੇ ਭਾਜਪਾ ਆਗੂ ਦੇ ਨਾਮ ਬਾਰੇ ਜਦੋਂ ਪੁੱਛਿਆ ਗਿਆ ਤਾਂ ‘ਆਪ’ ਤਰਜਮਾਨ ਸੌਰਭ ਭਾਰਦਵਾਜ ਨੇ ਕਿਹਾ ਕਿ ਸਮਾਂ ਆਉਣ ’ਤੇ ਪਾਰਟੀ ਵੱਲੋਂ ਸਾਰੇ ਵੇਰਵੇ ਸਾਂਝੇ ਕੀਤੇ ਜਾਣਗੇ।

ਸਿਸੋਦੀਆ ਭਾਰਤ ਰਤਨ ਦੇ ਹੱਕਦਾਰ ਪਰ ਕੇਂਦਰ ਕਰ ਰਿਹੈ ਪ੍ਰੇਸ਼ਾਨ: ਕੇਜਰੀਵਾਲ

ਅਹਿਮਦਾਬਾਦ:
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ਦੇ ਸਕੂਲਾਂ ’ਚ ਸਿੱਖਿਆ ਦਾ ਮਿਆਰ ਸੁਧਾਰਨ ਲਈ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਸਿਆਸੀ ਬਦਲਾਖੋਰੀ ਕਾਰਨ ਉਨ੍ਹਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਹੀ ਹੈ। ਗੁਜਰਾਤ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਮਹੀਨੇ ’ਚ ਪੰਜਵੀਂ ਵਾਰ ਪ੍ਰਚਾਰ ਲਈ ਪਹੁੰਚੇ ਕੇਜਰੀਵਾਲ ਨੇ ਕਿਹਾ ਕਿ ਨਿਊਯਾਰਕ ਟਾਈਮਜ਼ ਨੇ ਵੀ ਦਿੱਲੀ ਦੇ ਸਿੱਖਿਆ ਮਾਡਲ ਦੀ ਸ਼ਲਾਘਾ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਸਿਸੋਦੀਆ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ‘ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਤੁਸੀਂ ਅਜਿਹੇ ਵਿਅਕਤੀ ’ਤੇ ਸੀਬੀਆਈ ਦੇ ਛਾਪੇ ਮਰਵਾਉਂਦੇ ਹੋ ਜਿਸ ਨੇ ਪੰਜ ਸਾਲਾਂ ’ਚ ਚਮਤਕਾਰ ਕਰ ਦਿੱਤਾ ਜੋ ਸਿਆਸੀ ਪਾਰਟੀਆਂ ਪਿਛਲੇ 70 ਸਾਲਾਂ ’ਚ ਨਹੀਂ ਕਰ ਸਕੀਆਂ ਅਤੇ ਸਰਕਾਰੀ ਸਕੂਲਾਂ ਨੂੰ ਬਿਹਤਰੀਨ ਬਣਾ ਦਿੱਤਾ। ਅਜਿਹੇ ਵਿਅਕਤੀ ਨੂੰ ਭਾਰਤ ਰਤਨ ਮਿਲਣਾ ਚਾਹੀਦਾ ਹੈ।’ ‘ਆਪ’ ਕਨਵੀਨਰ ਨੇ ਖ਼ਦਸ਼ਾ ਜਤਾਇਆ ਕਿ ਸਿਸੋਦੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ‘ਇਹ ਵੀ ਹੋ ਸਕਦਾ ਹੈ ਕਿ ਮੈਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇ।

ਇਹ ਸਾਰਾ ਕੁਝ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ।’ ਉਨ੍ਹਾਂ ਨਾਲ ਮਨੀਸ਼ ਸਿਸੋਦੀਆ ਵੀ ਗੁਜਰਾਤ ਦੇ ਦੋ ਰੋਜ਼ਾ ਦੌਰੇ ’ਤੇ ਹਨ। ਦਿੱਲੀ ਸਰਕਾਰ ਦੀ ਆਬਕਾਰੀ ਨੀਤੀ ਦਾ ਬਚਾਅ ਕਰਦਿਆਂ ਉਨ੍ਹਾਂ ਕਿਹਾ ਕਿ ਦਬਾਅ ਕਾਰਨ ਇਹ ਨੀਤੀ ਬਦਲਣ ਲਈ ਮਜਬੂਰ ਹੋਣਾ ਪਿਆ ਹੈ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਜੇਕਰ ਚੋਣਾਂ ਤੋਂ ਬਾਅਦ ‘ਆਪ’ ਸੱਤਾ ’ਚ ਆਈ ਤਾਂ ਲੋਕਾਂ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਦਿੱਤੀਆਂ ਜਾਣਗੀਆਂ।

ਕੇਜਰੀਵਾਲ ਦੀ ਖਾਮੋਸ਼ੀ ਸਾਬਤ ਕਰਦੀ ਹੈ ਕਿ ਉਹ ‘ਕੱਟੜ ਬੇਈਮਾਨ’ ਹਨ: ਭਾਜਪਾ

ਨਵੀਂ ਦਿੱਲੀ :
ਭਾਜਪਾ ਨੇ ਮਨੀਸ਼ ਸਿਸੋਦੀਆ ਅਤੇ ‘ਆਪ’ ਦੇ ਹੋਰ ਆਗੂਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਖਾਮੋਸ਼ੀ ਸਾਬਤ ਕਰਦੀ ਹੈ ਕਿ ਉਹ ‘ਕੱਟੜ ਬੇਈਮਾਨ’ ਹਨ। ਇਥੇ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ਕੇਜਰੀਵਾਲ ਦਾ ‘ਹੰਕਾਰ’ ਦਿੱਲੀ ਦੇ ਲੋਕ ਚਕਨਾਚੂਰ ਕਰ ਦੇਣਗੇ। ਉਨ੍ਹਾਂ ਕੇਜਰੀਵਾਲ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਦੁਬਾਰਾ 24 ਘੰਟੇ ਦਾ ਸਮਾਂ ਦਿੱਤਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਦਿੱਲੀ ਦੀ ਆਬਕਾਰੀ ਨੀਤੀ ਬਾਰੇ ਕਮੇਟੀ ਨੇ ਜਿਹੜੀ ਸਿਫ਼ਾਰਿਸ਼ ਕੀਤੀ ਸੀ ਅਤੇ ‘ਆਪ’ ਸਰਕਾਰ ਨੇ ਜੋ ਨੀਤੀ ਲਾਗੂ ਕੀਤੀ ਸੀ, ਉਸ ਵਿੱਚ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਪ੍ਰਚੂਨ ਠੇਕਾ ਦੇਣ ਲਈ ਇੱਕ ਲਾਟਰੀ ਪ੍ਰਣਾਲੀ ਅਪਣਾਈ ਜਾਣੀ ਸੀ। ਭਾਟੀਆ ਨੇ ਕਿਹਾ ਕਿ ਸ਼ਹਿਰ ਨੂੰ 32 ਜ਼ੋਨਾਂ ਵਿੱਚ ਵੰਡਿਆ ਗਿਆ ਸੀ ਅਤੇ ਨੀਤੀ ਅਤੇ ਪੈਨਲ ਦੀਆਂ ਸਿਫ਼ਾਰਿਸ਼ਾਂ ਦੇ ਦਸਤਾਵੇਜ਼ ਦਿਖਾਏ ਗਏ ਸਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਲਾਟਰੀ ਪ੍ਰਣਾਲੀ ਦੀ ਪਾਲਣਾ ਨਹੀਂ ਕੀਤੀ ਗਈ ਅਤੇ ‘ਕੁਝ’ ਉਦਯੋਗਪਤੀਆਂ ਨੂੰ ਜ਼ੋਨ ਦਿੱਤੇ ਗਏ। ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਨੇ ਸਵਾਲ ਕੀਤਾ ਕਿ ਕੇਜਰੀਵਾਲ ਆਬਕਾਰੀ ਨੀਤੀ ਬਾਰੇ ਉਠਾਏ ਜਾ ਰਹੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦੇ ਰਹੇ ਹਨ।