ਸਿੱਖ ਲੜਕੀ ਦੇ ਅਗਵਾ ਤੇ ਜਬਰੀ ਨਿਕਾਹ ਖ਼ਿਲਾਫ਼ ਪਾਕਿਸਤਾਨ ’ਚ ਮੁਜ਼ਾਹਰਾ

ਸਿੱਖ ਲੜਕੀ ਦੇ ਅਗਵਾ ਤੇ ਜਬਰੀ ਨਿਕਾਹ ਖ਼ਿਲਾਫ਼ ਪਾਕਿਸਤਾਨ ’ਚ ਮੁਜ਼ਾਹਰਾ

ਅੰਮ੍ਰਿਤਸਰ/ਨਵੀਂ ਦਿੱਲੀ – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਇਲਾਕੇ ਪੀਰ ਬਾਬਾ ਵਿਚ ਇਕ ਸਿੱਖ ਕੁੜੀ ਨੂੰ ਅਗਵਾ ਕਰਨ ਅਤੇ ਉਸ ਦਾ ਜਬਰੀ ਨਿਕਾਹ ਕੀਤੇ ਜਾਣ ਖ਼ਿਲਾਫ਼ ਸਿੱਖ ਭਾਈਚਾਰੇ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਪ੍ਰਦਰਸ਼ਨ ਕਰ ਰਹੇ ਵਿਅਕਤੀ ਅਤੇ ਪੀੜਤ ਵਿਅਕਤੀ ਗੁਰਚਰਨ ਸਿੰਘ ਦੱਸ ਰਿਹਾ ਹੈ ਕਿ ਉਸ ਦੀ ਬੇਟੀ ਦੀਨਾ ਕੌਰ ਨੂੰ ਕੱਲ੍ਹ ਅਗਵਾ ਕਰ ਲਿਆ ਗਿਆ ਸੀ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਇਕ ਸਿੱਖ ਮਹਿਲਾ ਅਧਿਆਪਕ ਨੂੰ ਅਗਵਾ ਕਰ ਕੇ ਉਸ ਦਾ ਜਬਰੀ ਨਿਕਾਹ ਕੀਤੇ ਜਾਣ ਦਾ ਮਾਮਲਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੋਲ ਚੁੱਕਣ ਅਤੇ ਅਧਿਆਪਕਾ ਦੀ ਰਿਹਾਈ ਯਕੀਨੀ ਬਣਾਉਣ ਲਈ ਆਖਣ। ਸ੍ਰੀ ਸਿਰਸਾ ਨੇ ਦੱਸਿਆ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਦੀਨ ਕੌਰ ਨੂੰ ਬੀਤੇ ਕੱਲ੍ਹ ਅਗਵਾ ਕਰ ਲਿਆ ਗਿਆ ਸੀ। ਪਰਿਵਾਰ ਨੇ ਪੁਲੀਸ ਕੋਲ ਪਹੁੰਚ ਕੀਤੀ ਤਾਂ ਪੁਲੀਸ ਨੇ ਅਗਵਾ ਕਰਨ ਦਾ ਕੇਸ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਦੇ ਮਾਪਿਆਂ ਨੇ ਮਾਮਲਾ ਚੁੱਕਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਧੀ ਨੇ ਇਸਲਾਮ ਕਬੂਲ ਲਿਆ ਹੈ ਤੇ ਉਸ ਦਾ ਨਿਕਾਹ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਸਿੱਖ, ਹਿੰਦੂ ਤੇ ਹੋਰ ਫਿਰਕਿਆਂ ਦੀਆਂ ਧੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਜਬਰੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਨਾ ਆਮ ਹੋ ਗਿਆ ਹੈ।

ਉਨ੍ਹਾਂ ਨੇ ਟਵੀਟ ਕਰ ਕੇ ਪੀਐੱਮਓ ਪਾਕਿਸਤਾਨ ਨੂੰ ਪਾਕਿਸਤਾਨ ਵਿਚ ਸਿੱਖਾਂ ਦੀ ਸੁਰੱਖਿਆ ਨਾ ਹੋਣ ਬਾਰੇ ਜਾਣਕਾਰੀ ਦਿੱਤੀ ਸੀ ਪਰ ਉਨ੍ਹਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਹੁਣ ਉਨ੍ਹਾਂ ਭਾਰਤੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਤੁਰੰਤ ਆਪਣੇ ਪਾਕਿਸਤਾਨ ਦੇ ਹਮਰੁਤਬਾ ਕੋਲ ਚੁੱਕਣ ਅਤੇ ਇਹ ਯਕੀਨੀ ਬਣਾਉਣ ਕਿ ਦੀਨ ਕੌਰ ਵਾਪਸ ਪਰਿਵਾਰ ਨੂੰ ਸੌਂਪੀ ਜਾਵੇ ਅਤੇ ਅਜਿਹੀਆਂ ਅਗਵਾ ਦੀਆਂ ਘਟਨਾਵਾਂ ਤੁਰੰਤ ਰੋਕੀਆਂ ਜਾਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।