‘ਆਪ’ ਸਰਕਾਰ ਬਸਪਾ ਅੰਦੋਲਨ ਅੱਗੇ ਝੁਕੀ: ਗੜ੍ਹੀ

‘ਆਪ’ ਸਰਕਾਰ ਬਸਪਾ ਅੰਦੋਲਨ ਅੱਗੇ ਝੁਕੀ: ਗੜ੍ਹੀ

ਚੰਡੀਗੜ੍ਹ – ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅੱਜ ਯੂ-ਟਰਨ ਲੈਂਦਿਆਂ ਲਾਅ ਅਫਸਰਾਂ ਦੀਆਂ ਅਸਾਮੀਆਂ ਵਿਚ ਰਾਖਵਾਂਕਰਨ ਨੀਤੀ ਤਹਿਤ ਅਨੁਸੂਚਿਤ ਜਾਤੀਆਂ ਲਈ ਸੀਟਾਂ ਰੱਖਣ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਨੇ ਇਹ ਫ਼ੈਸਲਾ ਬਸਪਾ ਪੰਜਾਬ ਵੱਲੋਂ 15 ਅਗਸਤ ਤੋਂ ਸ਼ੁਰੂ ਕੀਤੇ ਲੋਕ ਲਾਮਬੰਦੀ ਦੇ ਅੰਦੋਲਨ ਤੋਂ ਘਬਰਾ ਕੇ ਲਿਆ ਹੈ ਜਿਸ ਦਾ ਬਹੁਜਨ ਸਮਾਜ ਪਾਰਟੀ ਸਵਾਗਤ ਕਰਦੀ ਹੈ। ਸ੍ਰੀ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਅਧੂਰਾ ਤੇ ਕਾਹਲੀ ਵਿੱਚ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਤੋਂ ਬਾਅਦ ਵੀ ਓਬੀਸੀ ਜਾਤੀਆਂ ਨਾਲ ਧੱਕਾ ਜਾਰੀ ਹੈ ਤੇ ਲਾਅ ਅਫਸਰਾਂ ਦੀਆਂ ਅਸਾਮੀਆਂ ਵਿਚ ਓਬੀਸੀ ਜਮਾਤਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ ਹੈ ਜੋ ਰਾਖਵਾਂਕਰਨ ਨੀਤੀ-2006 ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਓਬੀਸੀ ਵਰਗਾਂ ਲਈ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਲਈ ਬਸਪਾ ਅੰਦੋਲਨ ਜਾਰੀ ਰੱਖੇਗੀ, ਜਿਸ ਤਹਿਤ ਓਬੀਸੀ ਵਰਗ ਨੂੰ ਸਿੱਖਿਆ ਅਤੇ ਨੌਕਰੀਆਂ ਵਿਚ ਰਾਖਵਾਂਕਰਨ ਦਾ ਅਧਿਕਾਰ ਮਿਲਿਆ ਹੋਇਆ ਹੈ।