ਆਬਕਾਰੀ ਨੀਤੀ ਘੁਟਾਲਾ: ਸੀਬੀਆਈ ਵੱਲੋਂ ਅੱਠ ਮੁਲਜ਼ਮਾਂ ਖਿਲਾਫ਼ ਲੁਕਆਊਟ ਸਰਕੁਲਰ ਜਾਰੀ

ਆਬਕਾਰੀ ਨੀਤੀ ਘੁਟਾਲਾ: ਸੀਬੀਆਈ ਵੱਲੋਂ ਅੱਠ ਮੁਲਜ਼ਮਾਂ ਖਿਲਾਫ਼ ਲੁਕਆਊਟ ਸਰਕੁਲਰ ਜਾਰੀ

ਮਨੀਸ਼ ਸਿਸੋਦੀਆ ਖਿਲਾਫ਼ ਲੁਕ-ਆਊਟ ਸਰਕੁਲਰ ਜਾਰੀ ਕਰਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ – ਸੀਬੀਆਈ ਨੇ ਦਿੱਲੀ ਐਕਸਾਈਜ਼ ਪਾਲਿਸੀ ‘ਘੁਟਾਲਾ’ ਕੇਸ ਵਿੱਚ ਨਾਮਜ਼ਦ ਅੱਠ ਮੁਲਜ਼ਮਾਂ ਖਿਲਾਫ਼ ਅੱਜ ਲੁਕਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ। ਕੇਂਦਰੀ ਜਾਂਚ ਏਜੰਸੀ ਨੇ ਸਾਫ਼ ਕਰ ਦਿੱਤਾ ਕਿ ਐੱਫਆਈਆਰ ਵਿੱਚ ਨਾਮਜ਼ਦ ਚਾਰ ਸਰਕਾਰੀ ਨੌਕਰਾਂ ਜਿਨ੍ਹਾਂ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਐਕਸਾਈਜ਼ ਵਿਭਾਗ ਦੇ ਤਿੰਨ ਸਾਬਕਾ ਅਧਿਕਾਰੀ ਸ਼ਾਮਲ ਹਨ, ਖਿਲਾਫ਼ ਅਜਿਹਾ ਕੋਈ ਸਰਕੁਲਰ ਜਾਰੀ ਨਹੀਂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੂੰ ਅਜੇ ਤੱਕ ਕਿਸੇ ਵੀ ਸਰਕਾਰੀ ਨੌਕਰ ਖਿਲਾਫ਼ ਲੁੱਕ-ਆਊਟ ਸਰਕੁਲਰ ਜਾਰੀ ਕਰਨ ਦੀ ਲੋੜ ਨਹੀਂ ਪਈ ਕਿਉਂਕਿ ਕੋਈ ਵੀ ਸਰਕਾਰੀ ਮੁਲਾਜ਼ਮ ਜਾਂ ਮੰਤਰੀ ਸਰਕਾਰ ਨੂੰ ਦੱਸੇ ਬਿਨਾਂ ਦੇਸ਼ ਛੱਡ ਕੇ ਨਹੀਂ ਜਾ ਸਕਦਾ। ਅਧਿਕਾਰੀਆਂ ਨੇ ਕਿਹਾ ਕਿ ਛਾਪਿਆਂ ਦੌਰਾਨ ਮਿਲੇ ਦਸਤਾਵੇਜ਼ਾਂ ਦੀ ਜਾਂਚ ਪੜਤਾਲ ਜਾਰੀ ਹੈ ਤੇ ਮਸ਼ਕੂਕਾਂ ਨੂੰ ਪੁੱਛ-ਪੜਤਾਲ ਲਈ ਨੋਟਿਸ ਜਾਰੀ ਕੀਤੇ ਜਾ ਰਹੇ ਹਨ।
ਏਜੰਸੀ ਨੇ ਐੱਫਆਈਆਰ ਵਿੱਚ ਨਿੱਜੀ ਕਾਰੋਬਾਰ ਨਾਲ ਜੁੜੇ 9 ਵਿਅਕਤੀਆਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਜਿਨ੍ਹਾਂ ਅੱਠ ਖਿਲਾਫ਼ ਅੱਜ ਲੁੱਕ-ਆਊਟ ਸਰਕੁਲਰ ਜਾਰੀ ਕੀਤਾ ਗਿਆ ਹੈ, ਉਨ੍ਹਾਂ ਵਿੱਚ ਐਂਟਰਟੇਨਮੈਂਟ ਤੇ ਈਵੈਂਟ ਮੈਨੇਜਮੈਂਟ ਕੰਪਨੀ ‘ਓਨਲੀ ਮੱਚ ਲਾਊਡਰ’ ਦੇ ਸਾਬਕਾ ਸੀਈਓ ਤੇ ਕਾਰੋਬਾਰੀ ਵਿਜੈ ਨਾਇਰ, ਬ੍ਰਿੰਡਕੋ ਸਪਿਰਿਟਜ਼ ਦੇ ਮਾਲਕ ਅਮਨਦੀਪ ਢੱਲ, ਇੰਡੋਸਪਿਰਿਟ ਦੇ ਐੱਮਡੀ ਸਮੀਰ ਮਹੇਂਦਰੂ, ਗੁੜਗਾਓਂ ਸਥਿਤ ਬਡੀ ਰਿਟੇਲ ਪ੍ਰਾਈਵੇਟ ਲਿਮਟਿਡ ਦੇ ਅਮਿਤ ਅਰੋੜਾ, ਮਹਾਦੇਵ ਲਿਕਰਜ਼ ਦੇ ਅਧਿਕਾਰਤ ਸਿਗਨੇਟਰੀ ਸੰਨੀ ਮਰਵਾਹਾ, ਹੈਦਰਾਬਾਦ ਆਧਾਰਿਤ ਅਰੁਣ ਰਾਮਚੰਦਰ ਪਿੱਲੈ, ਅਰਜੁਨ ਪਾਂਡੇ ਤੇ ਦਿਨੇਸ਼ ਅਰੋੜਾ ਸ਼ਾਮਲ ਹਨ। ਇਕੱਲੇ ਮਨੋਜ ਰਾਏ ਖਿਲਾਫ਼ ਅਜੇ ਐੱਲਓਸੀ ਜਾਰੀ ਨਹੀਂ ਕੀਤਾ ਗਿਆ ਹੈ।

ਕੇਜਰੀਵਾਲ ਨੂੰ ਲੋਕ ਪ੍ਰਧਾਨ ਮੰਤਰੀ ਦੇ ਬਦਲ ਵਜੋਂ ਦੇਖ ਰਹੇ ਨੇ: ਸਿਸੋਦੀਆ
ਨਵੀਂ ਦਿੱਲੀ: ਆਬਕਾਰੀ ਨੀਤੀ ਵਿੱਚ ਕਥਿਤ ‘ਭ੍ਰਿਸ਼ਟਾਚਾਰ’ ਲਈ ਕੇਂਦਰੀ ਜਾਂਚ ਏਜੰਸੀ ਦੇ ਨਿਸ਼ਾਨੇ ’ਤੇ ਆਏ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਦਲ ਵਜੋਂ ਵੇਖਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਬਣਨਾ, ਕਿਸੇ ਵਿਅਕਤੀ ਵਿਸ਼ੇਸ਼ ਦੀ ਇੱਛਾ ਨਹੀਂ ਬਲਕਿ ਪੂਰਾ ਦੇਸ਼ ਇਹ ਚਾਹੁੰਦਾ ਹੈ। ਸਿਸੋਦੀਆ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਉਨ੍ਹਾਂ ਖਿਲਾਫ਼ ਲੁਕਆਊਟ ਸਰਕੁਲਰ (ਐੱਲਓਸੀ) ਜਾਰੀ ਕੀਤਾ ਹੈ, ਪਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਭਾਜਪਾ ਨੂੰ ‘ਲੁਕਆਊਟ ਸਰਕੁਲਰ’ ਦੇਣਗੇ। ਉਪ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੀਬੀਆਈ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਮਾਰੇ ਛਾਪੇ ਦੌਰਾਨ ‘ਕੁਝ ਨਹੀਂ’ ਮਿਲਿਆ ਅਤੇ ਸਰਕਾਰ ਹੁਣ ਉਨ੍ਹਾਂ ਖਿਲਾਫ਼ ‘ਲੁਕਆਊਟ ਸਰਕੁਲਰ’ ਜਾਰੀ ਕਰਕੇ ਡਰਾਮਾ ਕਰ ਰਹੀ ਹੈ ਜਦੋਂਕਿ ਉਹ ਦਿੱਲੀ ਵਿੱਚ ‘ਖੁੱਲ੍ਹੇਆਮ ਘੁੰਮ’ ਰਹੇ ਹਨ। ਸਿਸੋਦੀਆ ਨੇ ਇਸ ਖ਼ਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕਿਹਾ ਕਿ ‘ਏਕ ਮੌਕਾ ਕੇਜਰੀਵਾਲ ਕੋ’ ਕੌਮੀ ਪੱਧਰ ਦਾ ਸੰਵਾਦ ਬਣ ਗਿਆ ਹੈ। ਉਨ੍ਹਾਂ ਕਿਹਾ, ‘‘ਭਾਜਪਾ, ਸੀਬੀਆਈ, ਉਪ ਰਾਜਪਾਲ ਤੇ ਦਿੱਲੀ ਦਾ ਮੁੱਖ ਸਕੱਤਰ, ਇਨ੍ਹਾਂ ਸਾਰਿਆਂ ਦਾ ਇਕੋ-ਇਕ ਮਕਸਦ ਕੇਜਰੀਵਾਲ ਨੂੰ ਰੋਕਣਾ ਹੈ, ਨਹੀਂ ਤਾਂ 2024 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ (ਭਾਜਪਾ) ਹੱਥੋਂ ਨਿਕਲ ਜਾਣਗੀਆਂ।’’ ਸਿਸੋਦੀਆ ਨੇ ਕਿਹਾ ਕਿ ਉਹ ਜਾਂਚ ਖਿਲਾਫ਼ ਨਹੀਂ ਹਨ, ਪਰ ਉਨ੍ਹਾਂ ਮੰਗ ਕੀਤੀ ਕਿ ਸੀਬੀਆਈ ਗੁਜਰਾਤ ਵਿੱਚ ਹਰ ਸਾਲ ਹੁੰਦੀ 10,000 ਕਰੋੜ ਰੁਪਏ ਦੀ ਆਬਕਾਰੀ ਚੋਰੀ ਦੀ ਵੀ ਜਾਂਚ ਕਰੇ।’’

ਰੋਜ਼ ਸੀਬੀਆਈ-ਈਡੀ ਦੀ ਖੇਡ ਸ਼ੁਰੂ ਕਰ ਦਿੰਦੀ ਹੈ ਮੋਦੀ ਸਰਕਾਰ: ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੋਦੀ ਸਰਕਾਰ ਰੋਜ਼ ਸਵੇਰੇ ਉੱਠ ਕੇ ਸੀਬੀਆਈ-ਈਡੀ ਦੀ ਖੇਡ ਸ਼ੁਰੂ ਕਰ ਦਿੰਦੀ ਹੈ। ਇਕ ਟਵੀਟ ਵਿੱਚ ਕੇਜਰੀਵਾਲ ਨੇ ਕਿਹਾ, ‘‘ਅਜਿਹੇ ਸਮੇਂ ਜਦੋਂ ਆਮ ਆਦਮੀ ਮਹਿੰਗਾਈ ਨਾਲ ਜੂਝ ਰਿਹਾ ਹੈ ਅਤੇ ਕਰੋੜਾਂ ਨੌਜਵਾਨ ਬੇਰੁਜ਼ਗਾਰ ਹਨ, ਕੇਂਦਰ ਸਰਕਾਰ ਦੇ ਨਾਲ-ਨਾਲ ਸਾਰੀਆਂ ਰਾਜ ਸਰਕਾਰਾਂ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਨਾਲ ਲੜਨਾ ਚਾਹੀਦਾ ਹੈ। ਪਰ ਇਸ ਦੀ ਬਜਾਏ ਉਹ ਪੂਰੇ ਦੇਸ਼ ਨਾਲ ਲੜ ਰਹੇ ਹਨ। ਰੋਜ਼ ਸਵੇਰੇ ਉੱਠ ਕੇ ਸੀਬੀਆਈ ਈਡੀ ਦੀ ਖੇਡ ਸ਼ੁਰੂ ਕਰ ਦਿੰਦੇ ਹਨ। ਇਵੇਂ ਦੇਸ਼ ਕਿਵੇਂ ਤਰੱਕੀ ਕਰੇਗਾ?’’ ਚੇਤੇ ਰਹੇ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਗੁਜਰਾਤ ਦੇ ਦੋ ਦਿਨਾਂ ਦੌਰੇ ’ਤੇ ਜਾਣਗੇ, ਜਿੱਥੇ ਪਾਰਟੀ ਵੱਲੋਂ ਸਿੱਖਿਆ ਤੇ ਸਿਹਤ ਦੀ ਗਰੰਟੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ ਕਿ ਵੱਡੀ ਗਿਣਤੀ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਕਿਉਂਕਿ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ਼ ਸੀਬੀਆਈ ਦੀ ਕਾਰਵਾਈ ਨੂੰ ਲੈ ਕੇ ਉਨ੍ਹਾਂ ਦੇ ਮਨ ਵਿੱਚ ਬਹੁਤ ਗੁੱਸਾ ਹੈ।